Oct 3, 2026

ਬਾਵਾ ਅਤੇ ਗਿੱਲ ਨੇ ਫਾਊਂਡੇਸ਼ਨ ਵੱਲੋਂ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਬਾਜਵਾ ਨੂੰ ਭੇਂਟ ਕੀਤੀ

ਮੁੱਲਾਂਪੁਰ ਦਾਖਾ, 24 ਨਵੰਬਰ – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਪ੍ਰਤਾਪ ਸਿੰਘ ਬਾਜਵਾ ਨੇਤਾ ਵਿਰੋਧੀ ਧਿਰ ਪੰਜਾਬ ਵਿਧਾਨ ਸਭਾ “ਸ਼ਬਦ ਪ੍ਰਕਾਸ਼ ਅਜਾਇਬ ਘਰ” ਦੇ ਦਰਸ਼ਨਾਂ ਲਈ ਪਹੁੰਚੇ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਤੇਲੂ ਰਾਮ ਬਾਂਸਲ, ਫਾਊਂਡੇਸ਼ਨ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਕਰਮਜੀਤ ਕੌਰ ਛੰਦੜਾ ਅਤੇ ਸੀਨੀਅਰ ਨੇਤਾ ਗੁਰਨਾਮ ਸਿੰਘ ਕਲੇਰ, ਹਰਿੰਦਰ ਸਿੰਘ ਰਕਬਾ ਅਤੇ ਪ੍ਰੋ. ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਟੀ ਬਠਿੰਡਾ ਡਾ. ਜਗਤਾਰ ਸਿੰਘ ਧੀਮਾਨ ਨੇ ਉਹਨਾਂ ਨੂੰ “ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ ਅਤੇ ਦੋਸ਼ਾਲਾ ਪਹਿਨਾਇਆ।

           ਇਸ ਸਮੇਂ ਸ. ਬਾਜਵਾ ਨੇ ਅਜਾਇਬ ਘਰ ਦੇ ਦਰਸ਼ਨ ਕਰਦੇ ਹੋਏ ਖੁਸ਼ੀ ਅਤੇ ਸਕੂਨ ਪ੍ਰਗਟ ਕਰਦਿਆਂ ਕਿਹਾ ਅੱਜ ਦਾ ਦਿਨ ਮੇਰੀ ਜਿੰਦਗੀ ਦਾ ਅਹਿਮ ਦਿਨ ਹੈ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ 6 ਗੁਰੂ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੇ ਚਿਤਰ ਅਤੇ ਗੁਰਬਾਣੀ ਦੇ ਸ਼ਬਦਾਂ ਦੇ ਦਰਸ਼ਨ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਨੂੰ ਪੂਰੇ ਵਿਸ਼ਵ ਵਿੱਚ ਸ਼ਰਧਾ ਸਤਿਕਾਰ ਭੇਂਟ ਕੀਤਾ ਜਾ ਰਿਹਾ ਹੈ। ਉਹਨਾਂ ਇਸ ਸਮੇਂ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਵੀ ਕੁਰਬਾਨੀ ਨੂੰ ਵੀ ਯਾਦ ਕੀਤਾ ਜਿਨਾਂ ਨੂੰ ਉਬਲਦੀਆਂ ਦੇਗਾਂ ਵਿੱਚ ਉਬਾਲਿਆ ਗਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਜੂ ਦੀ ਰਾਖੀ ਕਰਕੇ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ।

           ਇਸ ਸਮੇਂ ਉਹਨਾਂ ਉੱਘੇ ਆਰਟਿਸਟ ਆਰ.ਐਮ ਸਿੰਘ ਅਤੇ ਭੇਂਟ ਕੀਤੀ ਪੁਸਤਕ ਦੇ ਰਾਈਟਰ ਡਾ. ਅਨੁਰਾਗ ਸਿੰਘ ਉੱਘੇ ਇਤਿਹਾਸਕਾਰ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਬਾਵਾ ਦੀ ਸਿੱਖ ਇਤਿਹਾਸ ਦੀ ਸੇਵਾ ਲਈ ਭਰਪੂਰ ਸ਼ਲਾਘਾ ਕੀਤੀ।

           ਇਸ ਸਮੇਂ ਗਗਨਦੀਪ ਬਾਵਾ, ਮਨੀ ਖੀਵਾ, ਵਰਿੰਦਰ ਭੱਲਾ, ਬਿੱਟੂ ਬਾਵਾ, ਰਮਨ ਬਾਵਾ, ਅਮਰਜੀਤ ਕੌਰ, ਬਲਜਿੰਦਰ ਸਿੰਘ, ਪਰਵਿੰਦਰ ਸਿੰਘ, ਸੁਭਾਸ਼ ਨਗਰ, ਪਿੰਕੂ, ਜਿੰਦਲ, ਮਮਤਾ ਰਾਣੀ, ਰਾਜ ਕੌਰ, ਸ਼ੁਕਲਾ ਆਦਿ ਹਾਜ਼ਰ ਸਨ।

error: Content is protected !!