Oct 3, 2026

ਰਾਜਵਿੰਦਰ ਸਿੰਘ ਰਾਹੀ—
————————
ਪਿਆਰੇ ਦੋਸਤੋ ਹਰਮਨ ਪਿਆਰਾ ਫਿਲਮ ਅਦਾਕਾਰ ਤੇ ਪੰਜਾਬੀਆਂ ਦਾ ਬਾਈ ਧਰਮਿੰਦਰ ਸਦੀਵੀ ਵਿਛੋੜਾ ਦੇ ਗਿਆ ਹੈ।ਪਰ ਉਹ ਆਖਰੀ ਸਾਹਾਂ ਤੱਕ ਆਪਣੀ ਪੇਂਡੂ ਰਹਿਤਲ ਤੇ ਰਿਸਤੇ ਨਾਤਿਆਂ ਨਾਲ ਜੁੜਿਆ ਰਿਹਾ ਸੀ।ਉਹ ਆਪਣੇ ਜੁਆਨੀ ਪਹਿਰੇ ਦੇ ਯਾਰਾਂ ਦੋਸਤਾਂ ਨਾਲ ਸਾਰੀ ਉਮਰ ਨਿਭਿਆ ਸੀ। ਅਜਿਹਾ ਹੀ ਉਸ ਦਾ ਇੱਕ ਯਾਰ ਸੀ ਮਲੇਰਕੋਟਲਾ ਨੇੜੇ ਪਿੰਡ ਮਾਹਮਦਪੁਰ ਦਾ ਨਕਸਲੀ ਨਛੱਤਰ ਸਿੰਘ, ਜੋ ਸਾਰੀ ਉਮਰ ਅੰਡਰ ਗਰਾਊਂਡ ਰਿਹਾ ਤੇ ਜਿਸ ਨੇ ਆਖਰੀ ਸਾਂਹ ਵੀ ਧਰਮਿੰਦਰ ਦੇ ਖੰਡਾਲਾ ਵਾਲੇ ਫਾਰਮ ‘ਤੇ ਉਸ ਦੇ ਹੱਥਾਂ ਵਿਚ ਲਏ ਸਨ।
ਧਰਮਿੰਦਰ ਅਤੇ ਨਛੱਤਰ ਸਿੰਘ ਦੀ ਯਾਰੀ ਉਸ ਵਕਤ ਪੱਕੀ ਹੋਈ ਸੀ,ਜਦ ਧਰਮਿੰਦਰ ਮਲੇਰਕੋਟਲੇ ਟਿਊਬਵੈੱਲ ਲਗਾਉਣ ਵਾਲੀ ਕੰਪਨੀ ਵਿਚ ਅਪਰੇਟਰ ਹੁੰਦਾ ਸੀ ਤੇ ਕਮਰੇਡ ਨਛੱਤਰ ਸਿੰਘ ਪਿੰਡ ਦਾ ਸਰਪੰਚ ਹੁੰਦਾ ਸੀ। ਇਲਾਕੇ ਵਿੱਚ ਉਸ ਦਾ ਨਾਂਅ ਸੀ।ਉਦੋਂ ਸਰਕਾਰ ਸਰਪੰਚਾਂ ਨੂੰ ਪਿੰਡਾਂ ਵਿੱਚ ਵੱਧ ਤੋਂ ਵੱਧ ਟਿਊਬਵੈੱਲ ਲਗਵਾਉਣ ਲਈ ਪ੍ਰੇਰਿਤ ਕਰਦੀ ਸੀ ਤੇ ਬਲਾਕ ਸੰਮਤੀ ਰਾਹੀਂ ਲੋਕਾਂ ਨੂੰ ਕਰਜ਼ਾ ਵੀ ਮਿਲਦਾ ਸੀ। ਮਾਹਮਦਪੁਰ ਪਿੰਡ ਅਤੇ ਇਸ ਇਲਾਕੇ ਵਿੱਚ ਟਿਊਬਵੈੱਲ ਲਗਾਉਣ ਸਮੇਂ ਧਰਮਿੰਦਰ ਦਾ ਡੇਰਾ ਕਾਮਰੇਡ ਨਛੱਤਰ ਸਿੰਘ ਦੇ ਘਰ ਹੀ ਹੁੰਦਾ ਸੀ। ਨਛੱਤਰ ਸਿੰਘ ਹੋਰੀਂ ਤਿੰਨ ਭਰਾ ਤੇ ਤਿੰਨ ਭੈਣਾਂ ਵਾਲਾ ਭਰਿਆ ਪੂਰਾ ਪਰਿਵਾਰ ਸੀ। ਧਰਮਿੰਦਰ ਦੀ ਨਛੱਤਰ ਸਿੰਘ ਦੇ ਛੋਟੇ ਭਰਾਵਾਂ ਨਾਲ ਵੀ ਯਾਰੀ ਸੀ, ਆਥਣੇ ਇਕੱਠੇ ਘਰ ਦੀ ਕੱਢੀ ਦਾ ਪੈੱਗ ਵੀ ਲਗਾਉਂਦੇ ਸਨ। ਉਦੋਂ ਕਿਸੇ ਦੇ  ਚਿੱਤ ਚੇਤੇ ਵੀ ਨਹੀਂ ਸੀ ਕਿ ਇੱਕ ਦਿਨ ਕਿਸਮਤ ਧਰਮਿੰਦਰ ਨੂੰ ਕਿਥੋਂ ਦਾ ਕਿੱਥੋਂ ਲੈ ਜਾਵੇਗੀ।ਜਦ ਧਰਮਿੰਦਰ ਨੇ 1957-58 ਵਿੱਚ ਬੰਬੇ ਜਾ ਕੇ ਫਿਲਮਾਂ ਵਿਚ ਕਿਸਮਤ ਅਜ਼ਮਾਉਣ ਦਾ ਫੈਸਲਾ ਕਰ ਲਿਆ ਤਾਂ ਕਾਮਰੇਡ ਨਛੱਤਰ ਸਿੰਘ ਨੇ ਉਸ ਨੂੰ ਪੰਜ ਸੌ ਰੁਪਈਆ ਦੇ ਕੇ ਤੋਰਿਆ ਸੀ।
ਉਧਰ ਫਿਲਮ ਲਾਈਨ ਵਿੱਚ ਧਰਮਿੰਦਰ ਦੀ ਗੁੱਡੀ ਚੜ੍ਹ ਗਈ ਤੇ ਉਸ ਵਕਤ ਹੀ ਦੇਸ਼ ਵਿੱਚ ਨਕਸਲਬਾੜੀ ਲਹਿਰ ਸ਼ੁਰੂ ਹੋ ਗਈ, ਜਿਸ ਤੋਂ ਪੰਜਾਬ ਵੀ ਅਛੂਤਾ ਨਾ ਰਹਿ ਸਕਿਆ। ਕਾਮਰੇਡ ਨਛੱਤਰ ਸਿੰਘ ਪਹਿਲਾਂ ਸੀ.ਪੀ.ਆਈ ਵਿਚ ਸੀ,1964 ਵਿਚ ਪਾਰਟੀ ਵਿਚ ਫੁੱਟ ਪੈਣ ‘ਤੇ ਸੀ.ਪੀ.ਐਮ ਵਿਚ ਸ਼ਾਮਲ ਹੋ ਗਿਆ ।ਜਦ 1967 ਵਿਚ ਨਕਸਲਬਾੜੀ ਲਹਿਰ ਚੱਲੀ ਤਾਂ ਨਛੱਤਰ ਸਿੰਘ ਉਸ ਵਿੱਚ ਸ਼ਾਮਲ ਹੋ ਗਿਆ। ਫਰਵਰੀ 1969 ਨੂੰ ਨਛੱਤਰ ਸਿੰਘ ਦੇ ਘਰ ਨਕਸਲਬਾੜੀਆਂ ਦਾ ਤਿੰਨ ਰੋਜ਼ਾ ਵੱਡਾ ਇਕੱਠ ਹੋਇਆ, ਜਿਸ ਵਿਚ ਦੁਆਬੇ ਤੋਂ ਬਾਬਾ ਬੂਝਾ ਸਿੰਘ, ਗੰਧਰਵ ਸੈਨ, ਹਰਦਿਆਲ ਪੂਨੀ, ਸਰਬਜੀਤ ਦੁਸਾਂਝ, ਸੰਗਰੂਰ ਤੋਂ ਜਗਜੀਤ ਸਿੰਘ ਸੋਹਲ, ਪਰਮਾਨੰਦ ਭਸੌੜ, ਪਿਆਰਾ ਸਿੰਘ ਦੱਧਾਹੂਰ, ਜਮਾਂਦਾਰ ਪੂਰਨ ਸਿੰਘ ਦੱਧਾਹੂਰ, ਉਸ ਦੀ ਬੇਟੀ ਬੇਬੀ ਉਰਫ਼ ਬਲਦੇਵ ਕੌਰ (ਜੋ ਅਪਾਹਜ ਹੈ), ਗੁਰਦਿਆਲ ਸ਼ੇਰਪੁਰੀ, ਦਰਸ਼ਨ ਸਿੰਘ ਸ਼ੇਰਪੁਰੀ, ਉਜਾਗਰ ਸਿੰਘ ਮਾਹਮਦਪੁਰ, ਰੂਪ ਸਿੰਘ ਮਾਹਮਦਪੁਰ ਆਦਿ ਬਹੁਤ ਸਾਰੇ ਸਾਥੀ ਸ਼ਾਮਲ ਸਨ। ਇਸ ਸਕੂਲ ਵਿੱਚ ਨਛੱਤਰ ਸਿੰਘ ਮਾਹਮਦਪੁਰ, ਉਜਾਗਰ ਸਿੰਘ ਮਾਹਮਦਪੁਰ, ਰੂਪ ਸਿੰਘ ਮਾਹਮਦਪੁਰ, ਗੁਰਦਿਆਲ ਸ਼ੇਰਪੁਰੀ ਤੇ ਦਰਸ਼ਨ ਸਿੰਘ ਸ਼ੇਰਪੁਰੀ ਪੰਜ ਜਣਿਆਂ ਨੇ ਪਾਰਟੀ ਵਿਚ ਕੁੱਲ ਵਕਤੀ ਤੁਰਨ ਦਾ ਫੈਸਲਾ ਕਰ ਲਿਆ। ਉਸ ਵਕਤ ਨਛੱਤਰ ਸਿੰਘ ਦੋ ਧੀਆਂ ਦਾ ਬਾਪ ਸੀ, ਪਰ ਲਹਿਰਾਂ ਦੀ ਖਿੱਚ ਬੜੀ ਜ਼ਬਰਦਸਤ ਹੁੰਦੀ ਹੈ ਕਿ  ਇਹ ਸਾਰੇ ਸਿਰਾਂ ‘ਤੇ ਖੱਫਣ ਬੰਨ੍ਹ ਕੇ ਘਰ ਪਰਵਾਰਾਂ ਤੇ ਬਾਲ ਬੱਚਿਆਂ ਦਾ ਮੋਹ ਤਿਆਗ ਕੇ ਇਨਕਲਾਬ ਕਰਨ ਲਈ ਨਿਕਲ ਤੁਰੇ ਸਨ। ਉਦੋਂ ਹੀ ਲੋਕ ਕਵੀ ਸੰਤ ਰਾਮ ਉਦਾਸੀ ਨੇ ਲਿਖਿਆ ਸੀ, ‘ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ ਤੇਰੇ ਮਹਿਲੀਂ ਵੜੇ ਕਿ ਵੜੇ।’ ਉਸ ਵਕਤ ਸਟੇਟ ਨੇ ਜ਼ਬਰ ਦਾ ਕੁਹਾੜਾ ਤੇਜ਼ ਕਰ ਦਿੱਤਾ ,ਨਕਸਲੀਆਂ ਨੂੰ ਫੜ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾਣ ਲੱਗਿਆ। ਪਰਵਾਰਾਂ ‘ਤੇ ਤਸ਼ੱਦਦ ਸ਼ੁਰੂ ਹੋ ਗਿਆ। ਮਾਹਮਦਪੁਰ ਪਿੰਡ ਵਿੱਚ ਪਾਰਟੀ ਨੇ ਸੇਵਾ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ,ਜਿਸ ਕਾਰਨ ਅੰਡਰ ਗਰਾਊਂਡ ਤਿੰਨੇ ਨਕਸਲੀਆਂ ਦੇ ਪਰਵਾਰਾਂ ਅਤੇ ਪਿੰਡ ਦੇ ਹੋਰ ਲੋਕਾਂ ‘ਤੇ ਅੰਤਾਂ ਦਾ ਤਸ਼ੱਦਦ ਹੋਇਆ।ਨਛੱਤਰ ਸਿੰਘ ਦੇ ਭਰਾਵਾਂ, ਪਤਨੀ ਮੁਖਤਿਆਰ ਕੌਰ, ਭਰਜਾਈ ਮਨਜੀਤ ਕੌਰ ਨੂੰ ਮਹੀਨਿਆਂ ਬੱਧੀ ਠਾਣਿਆਂ ਵਿਚ ਰੱਖਿਆ ਗਿਆ।
1972-73 ਵਿਚ ਨਕਸਲੀ ਪਾਰਟੀ ਵੀ ਸਟੇਟ ਜ਼ਬਰ ਅੱਗੇ ਟਿਕ ਨਾ ਸਕੀ, ਨਾਲ ਹੀ ਟੁੱਟ ਫੁੱਟ ਦਾ ਸ਼ਿਕਾਰ ਹੋ ਗਈ,ਕਈ ਗਰੁੱਪ ਬਣ ਗਏ।ਇਸ ਤਰ੍ਹਾਂ ਦੇ ਰੋਗੀ ਮਹੌਲ ਵਿੱਚ ਕਾਮਰੇਡ ਨਛੱਤਰ ਵਰਗੇ ਕਾਮਰੇਡਾਂ ਲਈ ਕੋਈ ਰਾਹ ਨਹੀਂ ਬਚਿਆ ਸੀ,ਨਾ ਉਹ ਘਰ ਮੁੜ ਸਕਦੇ ਸਨ ਤੇ ਨਾ ਹੀ ਕਿਸੇ ਗਰੁੱਪ ਨਾਲ ਚੱਲ ਸਕਦੇ ਸਨ ਕਿਉਂਕਿ ਹਰ ਗਰੁੱਪ ਆਪਣੇ ਆਪ ਨੂੰ ਠੀਕ ਆਖਦਾ ਸੀ।ਇਸ ਤਰ੍ਹਾਂ ਕਾਮਰੇਡ ਨਛੱਤਰ ਘਰ ਮੁੜਨ ਦੀ ਬਜਾਏ ਇਕੱਲਾ ਹੀ ਭਟਕਦਾ ਰਿਹਾ। ਘਰ ਮੁੜਨ ‘ਤੇ ਪੁਲਿਸ ਵੀ ਮਾਰ ਸਕਦੀ ਸੀ, ਬਾਕੀ ਲੋਕਾਂ ਦੀ ਨਮੋਸ਼ੀ, ਕਿਉਂ ਕਰ ਆਏ ਇਨਕਲਾਬ?
ਇਸ ਹਾਲਤ ਵਿੱਚ ਕਾਮਰੇਡ ਨਛੱਤਰ ਸਰਕਾਰ ਤੋਂ ਅੰਡਰ ਗਰਾਊਂਡ ਤਾਂ ਸੀ ਹੀ, ਉਹ ਪਾਰਟੀ ਵਿਚ ਵੀ ਅੰਡਰ ਗਰਾਊਂਡ ਹੋ ਗਿਆ। ਉਸ ਬਾਰੇ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਸੀ ਕਿ ਉਹ ਕਿੱਥੇ ਅਤੇ ਕਿੱਧਰ ਚਲਿਆ ਗਿਆ ਹੈ।ਉਸ ਦੇ ਜਾਣਕਾਰ ਪਾਰਟੀ ਵਾਲਿਆਂ ਦੇ ਅੰਦਾਜ਼ੇ ਸਨ ਕਿ ਸ਼ਾਇਦ ਪੁਲਿਸ ਨੇ ਉਸ ਨੂੰ ਕਿਤੋਂ ਗਿਰਫ਼ਤਾਰ ਕਰ ਲਿਆ ਹੋਵੇਗਾ ਤੇ ਬਾਅਦ ਵਿਚ ਮਾਰ ਕੇ ਲਾਸ਼ ਕਿਧਰੇ ਖੁਰਦ ਬੁਰਦ ਕਰ ਦਿੱਤੀ ਹੋਵੇਗੀ।
ਇਸ ਹਾਲਤ ਵਿੱਚ ਨਛੱਤਰ ਦੇ ਪੁਰਾਣਾ ਯਾਰ ਧਰਮਿੰਦਰ ਕੰਮ ਆਇਆ, ਉਹ ਉਸ ਕੋਲ ਬੰਬੇ ਚਲਿਆ ਗਿਆ ਸੀ। ਧਰਮਿੰਦਰ ਨੇ ਉਸ ਨੂੰ ਆਪਣੇ ਕੋਲ ਸੰਭਾਲ ਕੇ ਰੱਖਿਆ। ਉਹ ਨਛੱਤਰ ਨੂੰ ਸ਼ੂਟਿੰਗ ਦੌਰਾਨ ਵੀ ਨਾਲ ਲੈ ਜਾਂਦਾ, ਕਲੀਨ ਸੇਵਨ ਨਛੱਤਰ ਗੋਰਾ ਚਿੱਟਾ ਤੇ ਭਰਵਾਂ ਜੁਆਨ ਸੀ। ਧਰਮਿੰਦਰ ਆਪਣੇ ਸਰਕਲਾਂ ਵਿਚ ਨਛੱਤਰ ਦੀ ਵੱਡੇ ਭਰਾ ਦੇ ਤੌਰ ‘ਤੇ ਜਾਣ ਪਛਾਣ ਕਰਵਾਉਂਦਾ ਹੁੰਦਾ ਸੀ। ਨਛੱਤਰ ਸਿੰਘ ਹਮੇਸ਼ਾ ਉਸ ਦੇ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਵਿਚ ਵੀ ਸ਼ਾਮਲ ਹੁੰਦਾ ਸੀ। ਧਰਮਿੰਦਰ ਦੇ ਸਹੁਰੇ ਮਲੇਰਕੋਟਲੇ ਨੇੜੇ ਬਨਭੌਰੇ ਪਿੰਡ ਵਿੱਚ ਹਨ, ਉਸ ਦੇ ਸਾਲ਼ੇ ਵੀ ਨਛੱਤਰ ਸਿੰਘ ਨੂੰ ਜਾਣਦੇ ਸਨ। ਨਛੱਤਰ ਸਿੰਘ ਸਾਰੀ ਉਮਰ ਘਰ ਨਹੀਂ ਆਇਆ, ਉਸ ਦੀ ਇੱਕ ਲੜਕੀ ਭਰਾਵਾਂ ਨੇ ਮਲੇਰਕੋਟਲੇ ਨੇੜੇ ਇਕ ਪਿੰਡ ਵਿਚ ਵਿਆਹ ਦਿੱਤੀ ਸੀ। ਦੂਜੀ ਸ਼ਾਇਦ ਦਿਮਾਗੀ ਤੌਰ ‘ਤੇ ਠੀਕ ਨਹੀਂ ਸੀ।ਪਰ ਉਸ ਨੇ ਸਾਰੀ ਉਮਰ ਪਰਵਾਰ ਦੇ ਕਿਸੇ ਜੀਅ ਨਾਲ ਵੀ ਕੋਈ ਰਾਬਤਾ ਨਾ ਰੱਖਿਆ। ਬਾਅਦ ਵਿੱਚ ਨਛੱਤਰ ਸਿੰਘ ਉਂਝ ਸਾਲ ਛਿਮਾਹੀ ਪੰਜਾਬ ਵਿੱਚ ਗੇੜਾ ਮਾਰਦਾ ਰਹਿੰਦਾ ਸੀ, ਰਾਏਕੋਟ ਨੇੜੇ ਕਾਲਸਾਂ ਪਿੰਡ ਵਿੱਚ ਬਜ਼ੁਰਗ ਨਕਸਲੀ ਲਾਲ ਸਿੰਘ, ਰਾਏਕੋਟ ਦਾ ਇੱਕ ਕਾਮਰੇਡ ਡਾਕਟਰ ਤੇ ਬਰਨਾਲਾ ਨੇੜਲੇ ਪਿੰਡ ਗੁਰਮਾਂ ਵਾਲੇ ਸੰਤ ਉਸ ਦੇ ਭਰੋਸੇਵੰਦ ਟਿਕਾਣੇ ਸਨ। ਉਹ ਘੁੰਮ ਫਿਰ ਕੇ ਧਰਮਿੰਦਰ ਦੇ ਖੰਡਾਲਾ ਵਾਲੇ ਫਾਰਮ ‘ਤੇ ਪਹੁੰਚ ਜਾਂਦਾ ਸੀ, ਜਿਥੇ ਉਸ ਦੀ ਪੱਕੀ ਰਿਹਾਇਸ਼ ਸੀ।ਦੋ ਕੁ ਸਾਲ ਪਹਿਲਾਂ ਨਛੱਤਰ ਸਿੰਘ ਦੀ ਖੰਡਾਲਾ ਫਾਰਮ ‘ਤੇ ਧਰਮਿੰਦਰ ਦੇ ਹੱਥਾਂ ਵਿਚ ਹੀ ਮੌਤ ਹੋ ਗਈ ਸੀ। ਧਰਮਿੰਦਰ ਨੇ ਪੰਜਾਬ ਆਪਣੇ ਕਿਸੇ ਮਿੱਤਰ ਨੂੰ ਫੋਨ ਕਰਕੇ ਸਿਰਫ ਐਨਾ ਹੀ ਕਿਹਾ ,”ਬਾਈ ਤੁਰ ਗਿਆ !” ਤੇ ਬਾਅਦ ਵਿਚ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ। ਧਰਮਿੰਦਰ ਨੇ ਉਥੇ ਹੀ ਉਸ ਦਾ ਸਸਕਾਰ ਕਰ ਕੇ ਪਾਠ ਦਾ ਭੋਗ ਪਾ ਦਿੱਤਾ ਸੀ।

error: Content is protected !!