Oct 3, 2026

ਐਮ ਐਲ ਏ ਮਨਦੀਪ ਧਾਲੀਵਾਲ ਵੀ ਹੋਏ ਸ਼ਾਮਿਲ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) ਬੀਤੇ ਦਿਨੀਂ ਸਿੱਖ ਰਾਈਡਰਸ ਕਲੱਬ ਕੈਨੇਡਾ ਵੱਲੋਂ ਸਲਾਨਾ ਪਾਰਟੀ ਦਾ ਸ਼ਾਨਦਾਰ ਅਤੇ ਯਾਦਗਾਰ ਆਯੋਜਨ ਕੀਤਾ ਗਿਆ, ਜਿਸ ਵਿੱਚ ਕਲੱਬ ਦੇ ਸਾਰੇ ਮੈਂਬਰ ਬੜੇ ਉਤਸ਼ਾਹ ਤੇ ਭਰਪੂਰ ਜਜ਼ਬੇ ਨਾਲ ਸ਼ਾਮਿਲ ਹੋਏ। ਇਹ ਸਮਾਗਮ ਨਾ ਸਿਰਫ਼ ਮਿਲਣ-ਮਿਲਾਪ ਦਾ ਸੁਨਿਹਰਾ ਮੌਕਾ ਬਣਿਆ, ਸਗੋਂ ਭਾਈਚਾਰੇ ਅਤੇ ਰਾਈਡਿੰਗ ਦੇ ਅਸਲੀ ਜਜ਼ਬੇ ਨੂੰ ਵੀ ਹੋਰ ਮਜ਼ਬੂਤ ਕਰ ਗਿਆ।
ਸਮਾਗਮ ਦੀ ਖਾਸ ਰੌਣਕ ਕੰਜਰਵੇਟਿਵ ਪਾਰਟੀ ਦੇ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਦੀ ਹਾਜ਼ਰੀ ਰਹੀ, ਜੋ ਖੁਦ ਇੱਕ ਤਜਰਬੇਕਾਰ ਅਤੇ ਜ਼ਬਰਦਸਤ ਰਾਈਡਰ ਹਨ। ਉਨ੍ਹਾਂ ਨੇ ਕਲੱਬ ਵੱਲੋਂ ਕੀਤੀਆਂ ਕਮਊਨਿਟੀ ਸੇਵਾਵਾਂ ਦੀ ਸਰਾਹਨਾ ਕੀਤੀ ਅਤੇ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਅੱਗੇ ਵਧਣ ਲਈ ਮੈਂਬਰਾਂ ਨੂੰ ਉਤਸ਼ਾਹਿਤ ਕੀਤਾ।
ਪਾਰਟੀ ਦੌਰਾਨ ਮੈਂਬਰਾਂ ਨੇ ਪਿਛਲੇ ਸਾਲ ਦੀਆਂ ਰਾਈਡਾਂ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਆਉਣ ਵਾਲੇ ਸਾਲ ਲਈ ਨਵੀਆਂ ਤੇ ਰੋਮਾਂਚਕ ਰਾਈਡਾਂ ਦਾ ਰੂਪ-ਰੇਖਾ ਵੀ ਤਿਆਰ ਕੀਤੀ। ਕੁਝ ਮੈਂਬਰਾਂ ਵੱਲੋਂ ਨਵੇਂ ਮੋਟਰਸਾਈਕਲ ਖਰੀਦਣ ਦੀਆਂ ਖ਼ੁਸ਼ੀਆਂ ਵੀ ਸਾਂਝੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਕਲੱਬ ਵੱਲੋਂ ਵਧਾਈਆਂ ਦਿੱਤੀਆਂ ਗਈਆਂ।
ਸਨੇਕਸ, ਸੁਆਦੀ ਡਿਨਰ ਅਤੇ ਪੰਜਾਬੀ ਸੱਭਿਆਚਾਰਕ ਗਾਇਕੀ ਨਾਲ ਭਰਪੂਰ ਇਹ ਰੰਗੀਨ ਸ਼ਾਮ ਹਰ ਕਿਸੇ ਲਈ ਵਿਸ਼ੇਸ਼ ਬਣੀ ਰਹੀ। ਹੱਸਣ-ਖੇਡਣ, ਰਾਈਡਿੰਗ ਤਜਰਬੇ ਸਾਂਝੇ ਕਰਨ ਅਤੇ ਭਰਾਵਾ-ਚਾਰੇ ਦੀ ਮਿੱਠੀ ਮਹਿਕ ਨਾਲ ਇਹ ਸਮਾਗਮ ਸੱਚਮੁੱਚ ਯਾਦਗਾਰ ਬਣ ਗਿਆ।
ਸਿੱਖ ਰਾਈਡਰਜ਼ ਕਲੱਬ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਰਾਈਡਿੰਗ ਸਿਰਫ਼ ਸ਼ੌਂਕ ਨਹੀਂ—ਇੱਕ ਭਾਈਚਾਰਾ, ਇੱਕ ਸਾਂਝ ਅਤੇ ਇੱਕ ਦੂਜੇ ਨੂੰ ਜੋੜਨ ਵਾਲੀ ਤਾਕਤ ਹੈ। ਕੁੱਲ ਮਿਲਾ ਕੇ, ਇਹ ਸਲਾਨਾ ਪਾਰਟੀ ਸਫਲਤਾ ਅਤੇ ਖੁਸ਼ੀਆਂ ਨਾਲ ਭਰਪੂਰ ਰਹੀ |

error: Content is protected !!