Oct 3, 2026

ਵਿਦਵਾਨਾਂ ਨੇ ਭਾਈ ਜੀਵਨ ਸਿੰਘ ਜੀ ਦੇ ਜੀਵਨ ਤੇ ਸਮਾਜਿਕ ਚੇਤਨਾ ਬਾਰੇ ਚਰਚਾ ਕੀਤੀ-

ਉਘੇ ਕਬੱਡੀ ਪ੍ਰੋਮੋਟਰ ਬਲਵੀਰ ਬੈਂਸ ਦਾ ਕੀਤਾ ਵਿਸ਼ੇਸ਼ ਸਨਮਾਨ-

ਸਰੀ ( ਮਹੇਸ਼ਇੰਦਰ ਸਿੰਘ ਮਾਂਗਟ) ਸਰੀ ਸੈਂਟਰਲ ਲਾਇਬ੍ਰੇਰੀ ਵਿਖੇ ਅੱਜ “ਗੁਰੂ ਕਾ ਬੇਟਾ ਦਿਵਸ” ਬੜੀ ਸ਼ਰਧਾ, ਸਨਮਾਨ ਨਾਲ ਮਨਾਇਆ ਗਿਆ। ਇਹ ਸਮਾਗਮ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੀ, ਜੋ ਸਾਹਸ, ਅਟੱਲ ਸ਼ਰਧਾ ਅਤੇ ਕੁਰਬਾਨੀ ਦੀ ਉੱਚੀ ਮਿਸਾਲ ਹਨ। ਇਹ ਸਮਾਗਮ C-FACE ਸੋਸਾਇਟੀ ਅਤੇ ਚੇਤਨਾ ਐਸੋਸੀਏਸ਼ਨ ਕੈਨੇਡਾ ਦੇ ਸਾਂਝੇ ਉਪਰਾਲੇ ਹੇਠ ਕਰਵਾਇਆ ਗਿਆ, ਜਿਸ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀ ਵਿਰਾਸਤ ਨਾਲ ਜੋੜਣਾ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਫੇਸ ( C-FACE) ਸੋਸਾਇਟੀ ਦੇ ਬੋਰਡ ਮੈਂਬਰ ਭੁਪਿੰਦਰ ਸਿੰਘ ਲੱਧੜ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦਾ ਜੀਵਨ ਸਾਨੂੰ ਹੌਸਲੇ, ਦ੍ਰਿੜ ਨਿਸ਼ਚੇ ਅਤੇ ਧਾਰਮਿਕ ਆਸਥਾ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਚੇਤਨਾ ਅਤੇ ਇਤਿਹਾਸਕ ਸਮਝ ਨੂੰ ਮਜ਼ਬੂਤ ਕਰਦੇ ਹਨ।
ਇਸ ਮੌਕੇ ਚੇਤਨਾ ਐਸੋਸੀਏਸ਼ਨ ਕੈਨੇਡਾ ਦੇ ਪ੍ਰਧਾਨ ਜੈ ਬਿਰਦੀ ਨੇ ਸਾਂਝੇ ਸਹਿਯੋਗ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਾਰਜਕ੍ਰਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਿੱਚ ਅਹਿਮ  ਭੂਮਿਕਾ ਨਿਭਾਉਂਦੇ ਹਨ।
ਸਮਾਗਮ ਦਾ ਮੁੱਖ ਆਕਰਸ਼ਣ ਇਕ ਵਿਸਤ੍ਰਿਤ ਪੈਨਲ ਚਰਚਾ ਰਹੀ, ਜਿਸ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ, ਵਿਰਾਸਤ ਅਤੇ ਇਤਿਹਾਸਕ ਮਹੱਤਤਾ ’ਤੇ ਗਹਿਰੇ ਵਿਚਾਰ ਸਾਂਝੇ ਕੀਤੇ ਗਏ। ਇਸ ਪੈਨਲ ਚਰਚਾ ਦੀ ਅਗਵਾਈ ਡਾ. ਸੀਮਾ ਮਾਹੀ (ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ) ਵੱਲੋਂ ਕੀਤੀ ਗਈ।
ਪੈਨਲ ਵਿੱਚ ਪ੍ਰਿੰਸੀਪਲ ਮਲੂਕ ਚੰਦ ਕਲੇਰ, ਸਮਾਜਿਕ ਕਾਰਕੁਨ ਤ੍ਰਿਪਤਜੀਤ ਕੌਰ ਅਟਵਾਲ ਅਤੇ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਨਾਲ ਸੰਬੰਧਿਤ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਕਬੱਡੀ ਦੇ ਪ੍ਰਸਿੱਧ ਪ੍ਰਮੋਟਰ ਬਲਵੀਰ ਸਿੰਘ ਬੈਂਸ ਨੂੰ ਸਮਾਜਿਕ ਸੇਵਾਵਾਂ ਅਤੇ ਯੋਗਦਾਨ ਲਈ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਇਸ ਸਨਮਾਨ ਲਈ ਦੋਵਾਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਨੌਜਵਾਨ ਪੀੜੀ ਨੂੰ ਵਧ ਤੋ ਵੱਧ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਯਤਨ ਕਰਨ ਅਤੇ ਸਹਿਯੋਗ ਦਾ ਸੱਦਾ ਦਿੱਤਾ।

ਇਹ ਸਮਾਗਮ ਡਾ. ਅੰਬੇਡਕਰ ਰੂਮ, ਸਰੀ ਸੈਂਟਰਲ ਲਾਇਬ੍ਰੇਰੀ ਵਿਖੇ ਆਯੋਜਿਤ ਹੋਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਅਤੇ ਸਮਾਜਕ ਪਤਵੰਤੇ ਹਾਜ਼ਰ ਰਹੇ। ਸਮਾਗਮ ਨੇ ਸ਼ਹੀਦਾਂ ਦੀ ਯਾਦ ਨੂੰ ਨਮਨ ਕਰਨ ਦੇ ਨਾਲ ਨਾਲ ਸਿੱਖ ਇਤਿਹਾਸ ਪ੍ਰਤੀ ਸਾਂਝੀ ਜ਼ਿੰਮੇਵਾਰੀ ਦਾ ਸੰਦੇਸ਼ ਵੀ ਦਿੱਤਾ।

error: Content is protected !!