Oct 3, 2026

ਮੁਹਾਲੀ- ਇਸ 15 ਦਸੰਬਰ ਦੀ ਸ਼ਾਮ ਨੂੰ ਸੋਹਾਣਾ ਵਿਚ ਚੱਲ ਰਹੇ ਕਬੱਡੀ ਕੱਪ ਦੌਰਾਨ ਸ਼ਕਰਪੁਰ ਕਬੱਡੀ ਟੀਮ ਦੇ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਜਾਣਕਾਰੀ ਸਪੋਰਟਸ ਕਲੱਬ ਦੇ ਸਰਪ੍ਰਸਤ ਅਤੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਦਿੰਦਿਆਂ ਦੱਸਿਆ ਕਿ ਘਟਨਾ ਕਾਰ ਪਾਰਕਿੰਗ ਵਿੱਚ ਵਾਪਰੀ। ਉਨ੍ਹਾਂ ਦੱਸਿਆ ਕਿ ਬਹੁਤ ਨੇੜਿਓਂ ਰਾਣਾ ਬਲਾਚੌਰੀਆ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਗਈਆਂ ਹਨ ਅਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ। ਫੋਰਟਿਸ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਅਨੁਸਾਰ 30 ਸਾਲਾ ਕੰਵਰ ਦਿਗਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਨੂੰ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ।

ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਕੇਸ ਵਿੱਚ ਮੁਹਾਲੀ ਪੁਲੀਸ ਨੇ ਸ਼ੂਟਰਾਂ ਦੀ ਪਛਾਣ ਕਰ ਲੈਣ ਦਾ ਦਾਅਵਾ ਕੀਤਾ ਹੈ। ਸ਼ੂਟਰਾਂ ਦੀ ਸ਼ਨਾਖਤ ਆਦਿੱਤਿਆ ਕਪੂਰ ਤੇ ਕਰਨ ਪਾਠਕ ਵਜੋਂ ਦੱਸੀ ਗਈ ਹੈ। ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹਾਂਸ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੋ ਸ਼ੂਟਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਦੋਂ ਕਿ ਉਨ੍ਹਾਂ ਨਾਲ ਇਸ ਵਾਰਦਾਤ ਵਿਚ ਇੱਕ ਹੋਰ ਵਿਅਕਤੀ ਸ਼ਾਮਲ ਸੀ। ਐੱਸਐੱਸਪੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਇਸ ਘਟਨਾ ਦਾ ਸਿੱਧੂ ਮੂਸੇਵਾਲਾ ਦੇ ਕਾਤਲਾਂ ਜਾਂ ਘਟਨਾ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਰਾਣਾ ਬਲਾਚੌਰੀਆ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਬੱਡੀ ਅਤੇ ਕਬੱਡੀ ਖਿਡਾਰੀਆਂ ਉੱਤੇ ਆਪਣੀ ਪਕੜ ਮਜ਼ਬੂਤ ਕਰਨ ਨਾਲ ਸਬੰਧਤ ਹੈ। ਇਸ ਕਤਲ ਕੇਸ ਵਿੱਚ ਟੋਨੀ ਬੱਲ ਅਤੇ ਲੱਕੀ ਪਟਿਆਲ ਨਾਂ ਦੇ ਦੋ ਗਰੋਹਾਂ, ਜੋ ਅੱਗੇ ਬੰਬੀਹਾ ਗੈਂਗ ਨਾਲ ਸਬੰਧ ਰੱਖਦੇ ਹਨ, ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਸ਼ੂਟਰ ਟੋਨੀ ਬੱਲ ਗਰੁੱਪ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਅਦਿਤਿਆ ਕਪੂਰ ਉੱਤੇ 13 ਅਤੇ ਕਰਨ ਪਾਠਕ ਉੱਤੇ ਦੋ ਪਰਚੇ ਦਰਜ ਹਨ। ਹਾਂਸ ਨੇ ਦੱਸਿਆ ਕਿ ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਵਸਨੀਕ ਹਨ ਅਤੇ ਮਹਾਲੀ ਪੁਲੀਸ ਵੱਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ 12 ਦੇ ਕਰੀਬ ਟੀਮਾਂ ਬਣਾ ਕੇ ਅੰਮ੍ਰਿਤਸਰ, ਦਿੱਲੀ ਅਤੇ ਹੋਰਨਾਂ ਥਾਵਾਂ ਉੱਤੇ ਭੇਜੀਆਂ ਗਈਆਂ ਹਨ। ਐੱਸਐੱਸਪੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸ਼ੂਟਰ ਮੋਟਰਸਾਈਕਲ ਉੱਤੇ ਫਰਾਰ ਹੋਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਰਾਣਾ ਬਲਾਚੌਰੀਆ ਦੇ ਨਾਲ ਜਾ ਰਹੇ ਉਸ ਦੇ ਇੱਕ ਹੋਰ ਸਾਥੀ ਨੂੰ ਵੀ ਗੋਲੀ ਦੇ ਛਰੇ ਲੱਗੇ ਹਨ ,ਜਿਹੜਾ ਕਿ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।

error: Content is protected !!