Apr 23, 2026

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ ਵਿੱਚ ਅਦਾਲਤ ਵੱਲੋਂ ਸੁਣਾਈ 17 ਸਾਲ ਦੀ ਸਜ਼ਾ ਤੋਂ ਬਾਅਦ ਆਪਣੇ ਸਮਰਥਕਾਂ ਨੂੰ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਇਹ ਮਾਮਲਾ 2021 ਵਿੱਚ ਸਾਊਦੀ ਸਰਕਾਰ ਤੋਂ ਮਿਲੇ ਸਰਕਾਰੀ ਤੋਹਫ਼ਿਆਂ ਵਿੱਚ ਕਥਿਤ ਧੋਖਾਧੜੀ ਨਾਲ ਸਬੰਧਤ ਹੈ। ਇਸ ਵਿੱਚ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਵੀ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਡਿਆਲਾ ਜੇਲ੍ਹ ਵਿੱਚ ਆਪਣੇ ਵਕੀਲਾਂ ਨਾਲ ਗੱਲਬਾਤ ਦੌਰਾਨ ਇਮਰਾਨ ਖ਼ਾਨ ਨੇ ਇਸ ਫੈਸਲੇ ਨੂੰ ‘ਫੌਜੀ ਤਰਜ਼ ’ਤੇ ਕੀਤਾ ਫ਼ੈਸਲਾ’ ਕਰਾਰ ਦਿੱਤਾ। ਉਨ੍ਹਾਂ ਦੇ ‘ਐਕਸ’ ਖਾਤੇ ’ਤੇ ਜਾਰੀ ਬਿਆਨ ਮੁਤਾਬਕ ਇਮਰਾਨ ਨੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੂੰ ਸੜਕੀ ਅੰਦੋਲਨ ਦੀ ਤਿਆਰੀ ਕਰਨ ਲਈ ਸੁਨੇਹਾ ਭੇਜਿਆ ਹੈ। ਉਨ੍ਹਾਂ ਕਿਹਾ, ‘‘ਪੂਰੀ ਕੌਮ ਨੂੰ ਆਪਣੇ ਹੱਕਾਂ ਲਈ ਉੱਠਣਾ ਪਵੇਗਾ। ਸੰਘਰਸ਼ ਇਬਾਦਤ ਹੈ ਅਤੇ ਮੈਂ ਪਾਕਿਸਤਾਨ ਦੀ ਅਸਲ ਆਜ਼ਾਦੀ ਲਈ ਸ਼ਹਾਦਤ ਦੇਣ ਨੂੰ ਵੀ ਤਿਆਰ ਹਾਂ।’’ ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੇ ਬੇਬੁਨਿਆਦ ਫੈਸਲਿਆਂ ਵਾਂਗ ਇਹ ਫੈਸਲਾ ਵੀ ਉਨ੍ਹਾਂ ਲਈ ਨਵਾਂ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੱਜ ਨੇ ਬਿਨਾਂ ਸਬੂਤਾਂ ਅਤੇ ਕਾਨੂੰਨੀ ਲੋੜਾਂ ਪੂਰੀਆਂ ਕੀਤੇ ਬਿਨਾਂ ਕਾਹਲੀ ਵਿੱਚ ਇਹ ਸਜ਼ਾ ਸੁਣਾਈ ਹੈ।