Screenshot
ਗੁਰਦਾਸਪੁਰ ( ਬਲਵਿੰਦਰ ਬਾਲਮ)- ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਵਲੋਂ ਬੀਬੀ ਪ੍ਰਕਾਸ਼ ਕੌਰ ਹਮਦਰਦ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਅਰਪਿਤ ਕੀਤੀ ਗਈ। ਬੀਬੀ ਜੀ ਡਾ. ਸਾਧੂ ਸਿੰਘ ਹਮਦਰਦ ਟਰੱਸਟ ਦੇ ਟਰੱਸਟੀ ਤੇ ਸਕੱਤਰ ਰਹੇ। ਉਹ ਪਿਛਲੇ ਦਿਨੀਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ।
ਸਭਾ ਦੇ ਪ੍ਰਧਾਨ ਬਲਵਿੰਦਰ ਬਾਲਮ ਨੇ ਇਸ ਮੌਕੇ ’ਤੇ ਕਿਹਾ ਕਿ ਬੀਬੀ ਪ੍ਰਕਾਸ਼ ਕੌਰ ਹਮਦਰਦ ਇਕ ਵਧੀਆ ਕਵਿੱਤਰੀ, ਲੇਖਿਕਾ ਅਤੇ ਤਸਵੀਰ ਮੈਗਜ਼ੀਨ ਦੀ ਸੰਪਾਦਿਕਾ ਵੀ ਰਹੇ। ਤਸਵੀਰ ਮੈਗਜ਼ੀਨ ਵਿਚ ਨਵੇਂ ਪੁਰਾਣੇ ਗ਼ਜ਼ਲਗੋਆਂ ਨੂੰ ਬਰਾਬਰ ਸਥਾਨ ਦਿੰਦੇ ਸਨ ਅਤੇ ਲੇਖਕਾਂ ਦੀਆਂ ਮੁਲਾਕਾਤਾਂ ਵੀ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਸਨ। ਸਾਹਿਤ ਦੇ ਖੇਤਰ ਵਿਚ ਖਾਸ ਕਰਕੇ ਗ਼ਜਲ਼ ਮੰਚ ਨੂੰ ਪ੍ਰਫੁਲਤ ਕਰਨ ਅਤੇ ਉਤਸ਼ਾਹਿਤ ਕਰਨ ਵਿਚ ਸਮੁੱਚਾ ਯੋਗਦਾਨ ਪਾਉਂਦ ਰਹੇ।
ਬੀਬੀ ਪ੍ਰਕਾਸ਼ ਕੌਰ ਹਮਦਰਦ ਸਾਹਿਤਕ ਸਮਾਗਮਾਂ ਵਿਚ ਵਿਸ਼ੇਸ਼ ਤੌਰ ’ਤੇ ਜਾਇਆ ਕਰਦੇ ਸਨ ਅਤੇ ਤਰਨੁੰਮ ਵਿਚ ਗ਼ਜ਼ਲ ਬੋਲਦੇ ਸਨ। ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਿਕ ਬੀਬੀ ਪ੍ਰਕਾਸ਼ ਕੌਰ ਹਮਦਰਦ ਜੀ ਗਰੀਬ ਲੇਖਕਾਂ-ਕਵੀਆਂ ਦੀ ਮਦਦ ਵੀ ਕਰਦੇ ਰਹੇ ਅਤੇ ਉਨ੍ਹਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਰਹੇ। ਅਜੀਤ ਭਵਨ ਵਿਚ ਉਨ੍ਹਾਂ ਨੇ ਕਈ ਕਵੀ ਦਰਬਾਰ ਕਰਵਾਏ। ਖ਼ਾਸ ਕਰਕੇ ਅਜੀਤ ਹਾਲ ਵਿਖੇ ਇਕ ਵਾਰੀ 70 ਦੇ ਕਰੀਬ ਗ਼ਜ਼ਲਗੋਆਂ ਦਾ ਕਵੀ ਦਰਬਾਰ ਕਰਵਾਇਆ ਸੀ। ਇਸ ਦੀ ਪ੍ਰਧਾਨਗੀ ਜਨਾਬ ਦੀਪਕ ਜੈਤੋਈ ਸਾਹਿਬ ਨੇ ਕੀਤੀ ਸੀ, ਸਭ ਰੰਗ ਸਾਹਿਤ ਸਭਾ ਗੁਰਦਾਸਪੁਰ ਦੇ ਸਾਰੇ ਵੱਡੇ ਸਮਾਗਮਾਂ ਦੀ ਪ੍ਰਧਾਨਗੀ ਕਰਦੇ ਰਹੇ। ਉਹ ਲੇਖਿਕਾ, ਕਵਿੱਤਰੀ ਅਤੇ ਸੰਪਾਦਿਕਾ ਦੇ ਤੌਰ ’ਤੇ ਆਕਰਸ਼ਕ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਿਕ ਸਨ। ਉਹ ਕਈ ਮਾਨ-ਸਨਮਾਨ ਹਾਸਿਲ ਕਰ ਚੁੱਕੇ ਸਨ। ਪ੍ਰਸਿੱਧ ਲੇਖਕ ਲੇਖਿਕਾਵਾਂ ਉਨ੍ਹਾਂ ਨੂੰ ਅਜੀਤ ਭਵਨ ਵਿਖੇ ਮਿਲਣ ਆਉਂਦੇ ਜਾਂਦੇ ਸਨ। ਸਾਹਿਤ ਦੇ ਖੇਤਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਮੌਕੇ ’ਤੇ ਬਲਵਿੰਦਰ ਬਾਲਮ, ਰਾਕੇਸ਼ ਗੁਪਤਾ, ਅਸ਼ੋਕ, ਪੰਕਜ਼, ਯਸ਼ਪਾਲ ਮਿਤਵਾ, ਵਿਜੇ ਤਾਲਿਬਪੁਰੀ, ਪਾਲ ਗੁਰਦਾਸਪੁਰੀ, ਰਾਜ ਗੁਰਦਾਸਪੁਰੀ, ਬਿਸ਼ਨਦਾਸ, ਮਨਮੋਹਣ ਧਕਾਲਵੀ, ਪਵਨ ਕੁਮਾਰ, ਹਰਬੰਸ ਸਿੰਘ, ਸਰਦਾਰਾ ਬੱਬੇਹਾਲੀ, ਗੀਤਕਾਰ ਸਰਬਜੀਤ, ਰਿਸ਼ਭ ਗੁਪਤਾ, ਵਿਕਾਸ ਸ਼ਰਮਾ, ਪ੍ਰੋ. ਸੁਖਵਿੰਦਰ ਕੌਰ, ਮਨਜੀਤ ਸਿੰਘ ਟਾਂਡਾ, ਗੁਰਇਕਬਾਲ ਸਿੰਘ ਕਾਹਲੋਂ, ਜਸਬੀਰ ਸਿੰਘ ਕਾਹਲੋਂ ਨੇ ਭਾਗ ਲਿਆ।
