Oct 5, 2026

ਮਹੇਸ਼ਇੰਦਰ ਸਿੰਘ ਮਾਂਗਟ
ਚੰਡੀਗੜ੍ਹ-  ਕੈਨੇਡਾ ਦੇ  ਬ੍ਰਿਟਿਸ਼ ਕੋਲੰਬੀਆ ਸੂਬੇ  ਦੇ ਕੈਬਨਿਟ ਮੰਤਰੀ ਅਤੇ ਸਰੀ-ਫਲੀਟਵੁੱਡ ਤੋਂ ਐਨ.ਡੀ.ਪੀ. ਵਿਧਾਇਕ ਜਗਰੂਪ ਸਿੰਘ ਬਰਾੜ ਦਾ ਬੀਤੇ ਦਿਨ ਪੰਜਾਬ ਵਿਧਾਨ ਸਭਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਆਪਣੇ ਨਿੱਜੀ ਦੌਰੇ ਤੇ ਗਏ ਜਗਰੂਪ ਬਰਾੜ ਨੂੰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀ ਆਇਆ ਕਿਹਾ, ਉੱਥੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਦਫ਼ਤਰ ਵਿੱਚ ਉਨ੍ਹਾਂ ਦਾ ਉਚੇਚਾ ਮਾਣ-ਸਨਮਾਨ ਕੀਤਾ।
ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਜਗਰੂਪ ਬਰਾੜ ਦਾ ਭਰਵਾਂ ਸਵਾਗਤ ਕਰਦਿਆਂ ਪੰਜਾਬ ਅਤੇ ਬ੍ਰਿਟਿਸ਼ ਕੋਲੰਬੀਆ  ਦੇ ਖੇਤੀਬਾੜੀ ਸਿਸਟਮ ਬਾਰੇ ਚਰਚਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਅਮਨ ਅਰੋੜਾ, ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਜਸਵੰਤ ਸਿੰਘ ਗੱਜਣ ਮਾਜਰਾ, ਸੀਨੀਅਰ ਕਾਂਗਰਸ ਐਮ ਐਲ ਏ ਪ੍ਰਗਟ ਸਿੰਘ, ਸੀਨੀਅਰ ‘ਆਪ’ ਆਗੂ ਮਨਜੀਤ ਸਿੰਘ ਸਿੱਧੂ ਅਤੇ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ।
ਇਸ ਤੋਂ ਬਾਅਦ ਜਗਰੂਪ ਬਰਾੜ ਨੇ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਕਾਰਵਾਈ ਦੇਖੀ । ਸਪੀਕਰ ਵੱਲੋਂ ਉਨ੍ਹਾਂ ਦੀ ਸਦਨ ਵਿੱਚ ਮੌਜੂਦਗੀ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਸਾਰੇ ਮੈਂਬਰਾਂ ਨੇ ਮੇਜ਼ ਥਪ ਥਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

error: Content is protected !!