Apr 23, 2026

** ਮਾਈਕਲ ਐਡਮਜ਼ ,  ਐਂਡਰਿਊ ਪਾਰਕਿਨ-

ਰਾਸ਼ਟਰਵਾਦ ਦੇ ਕਈ ਵੱਖ-ਵੱਖ ਰੂਪ ਹਨ, ਮਾਣ ਅਤੇ ਦਿਆਲੂ ਭਾਵਨਾਵਾਂ ਤੋਂ ਲੈ ਕੇ ਹਮਲਾਵਰ ਸ਼ਾਵਨਵਾਦ ਤੱਕ। ਰਾਸ਼ਟਰਵਾਦ ਬਾਰੇ ਲੋਕਾਂ ਦੇ ਵਿਚਾਰ ਵੀ ਵੱਖ ਵੱਖ ਹਨ। ਕੁਝ ਲੋਕ ਨਾਗਰਿਕ ਰਾਸ਼ਟਰਵਾਦ ਬਾਰੇ ਆਦਰਸ਼ਵਾਦੀ ਤੌਰ ‘ਤੇ ਬੋਲਦੇ ਹਨ, ਆਰਥਿਕ ਰਾਸ਼ਟਰਵਾਦ ਬਾਰੇ ਸਵਾਲੀਆ ਤੌਰ ‘ਤੇ, ਜਾਂ ਨਸਲੀ ਰਾਸ਼ਟਰਵਾਦ ਬਾਰੇ ਸ਼ੱਕੀ ਤੌਰ ‘ਤੇ ਗੱਲ ਕਰਦੇ ਹਨ।  ਕੈਨੇਡਾ ਵਿੱਚ, ਕਿਊਬੈਕ ਰਾਸ਼ਟਰਵਾਦ ਅਤੇ ਕਈ ਮੂਲਨਿਵਾਸੀਆਂ  ਦੁਆਰਾ ਵਧੇਰੇ ਖੁਦਮੁਖਤਿਆਰੀ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਸਾਰਿਆਂ ਨੇ ਪਿਛਲੇ ਇਕ ਸਾਲ ਵਿੱਚ ਦੇਸ਼ ਭਗਤੀ ਦੇ ਮੁੱਦੇ ਤੇ  ਆਪਣੀ ਇਕ  ਛਾਪ ਛੱਡੀ ਹੈ ਜੋ ਨਵੇਂ ਸਾਲ 2026 ਵਿੱਚ ਘਟਨਾਵਾਂ ਨੂੰ ਆਕਾਰ ਦਿੰਦੇ ਰਹਿਣਗੇ।

ਆਓ ਰਾਸ਼ਟਰੀ ਸਵੈ-ਨਿਰਣੇ ਦੇ ਮੂਲ ਵਿਚਾਰ ਨਾਲ ਸ਼ੁਰੂਆਤ ਕਰੀਏ ਜਿਸ ਤਹਿਤ ਲੋਕਾਂ ਨੂੰ ਸਵੈ ਸ਼ਾਸਨ ਕਰਨ ਅਤੇ ਆਪਣੇ ਭਵਿੱਖ ਨੂੰ ਤਾਮੀਰ ਕਰਨ ਦਾ ਅਧਿਕਾਰ ਹੈ। ਕਿਸਨੇ ਸੋਚਿਆ ਹੋਵੇਗਾ ਕਿ, ਕੈਨੇਡੀਅਨਾਂ ਲਈ, ਇਸ ਸਿਧਾਂਤ ‘ਤੇ ਕਦੇ ਸਵਾਲ ਉਠਾਏ ਜਾਣਗੇ ? ਪਰ ਜਦੋਂ ਕਿ ਅਸੀਂ ਜਨਵਰੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਵਾਪਸੀ ਤੋਂ ਬਾਅਦ “ਅਮਰੀਕਾ ਫਸਟ ” ਦਾ ਨਾਅਰਾ ਸੁਣਦੇ ਹਾਂ ਤਾਂ ਅਮਰੀਕੀ ਰਾਸ਼ਟਰਪਤੀ ਦੀ ਅਚਾਨਕ ਕੈਨੇਡਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾਉਣ  ਵਿੱਚ ਦਿਲਚਸਪੀ  ਸਾਨੂੰ ਹੈਰਾਨ ਕਰ ਦਿੰਦੀ ਹੈ।

ਇਸ ਵਿਚਾਰ ਨੇ ਕਿ ਅਮਰੀਕੀ ਪਹੁੰਚ ਕਾਰਣ ਕੈਨੇਡਾ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਹੋਂਦ ਵਿੱਚ ਨਹੀਂ ਰਹੇਗਾ, ਇੱਕ ਸਖ਼ਤ ਪ੍ਰਤੀਕਿਰਿਆ ਪੈਦਾ ਕੀਤੀ ਹੈ।  ਬਹੁਤ ਸਾਰੇ ਕੈਨੇਡੀਅਨਾਂ ਨੇ ਅਮਰੀਕਾ ਦੀ ਯਾਤਰਾ ਕਰਨ ਦੀਆਂ ਯੋਜਨਾਵਾਂ ਨੂੰ ਮੁਲਤਵੀ ਜਾਂ ਰੱਦ ਕਰ ਦਿੱਤਾ। ਅਮਰੀਕੀ ਵਾਈਨ ਜਾਂ ਹੋਰ ਸਮਾਨ ਖਰੀਦਣਾ ਬੰਦ ਕਰ ਦਿੱਤਾ, ਜਾਂ ਗਰੋਸਰੀ ਸਟੋਰਾਂ ਤੇ ਮੇਡ ਇਨ ਕੈਨੇਡਾ ਲੇਬਲਾਂ ਨੂੰ ਪੜਨ ਦੀ ਹੋੜ ਲੱਗ ਗਈ । ਇਸ ਸਬੰਧੀ ਆਏ ਸਰਵੇਖਣਾਂ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਦੇ ਪੋਲਿੰਗ ਵਿੱਚ ਅਮਰੀਕਾ ਵਿਰੋਧੀ ਰਾਇ ਜੋਰਸ਼ੋਰ ਨਾਲ ਪ੍ਰਗਟ ਹੋਈ। ਇਸ ਗੱਲ ਨੇ ਜੋਰ ਫੜਿਆ ਕਿ  ਕਿ ਸਾਡਾ ਗੁਆਂਢੀ ਮੁਲਕ ਇੱਕ ਦੋਸਤ ਨਾਲੋਂ ਦੁਸ਼ਮਣ ਵਜੋਂ ਵਧੇਰੇ ਵਿਵਹਾਰ ਕਰ ਰਿਹਾ ਹੈ।ਸਭ ਤੋਂ ਨਿਰਣਾਇਕ ਇਹ ਰਿਹਾ ਕਿ ਮਿਸਟਰ ਟਰੰਪ ਦੇ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੇ ਪ੍ਰਸਤਾਵ ਨੂੰ ਲਗਭਗ ਵਿਆਪਕ ਤੌਰ ‘ਤੇ ਰੱਦ ਕਰ ਦਿੱਤਾ ਗਿਆ।

ਹਾਲਾਂਕਿ, ਸਾਡੇ ਰਾਸ਼ਟਰਵਾਦੀ ਮਾਣ ਦੀ ਭਾਵਨਾ ਨੂੰ ਸਿਰਫ ਇੱਕ ਮਾਮੂਲੀ ਵਾਧਾ ਮਿਲਿਆ। ਇਕ ਤਾਜਾ ਸਰਵੇਖਣ ਕਿ ਸਾਡੇ ਲੋਕਾਂ ਨੂੰ ਕੈਨੇਡੀਅਨ ਹੋਣ ‘ਤੇ ਮਾਣ ਹੈ, ਇਹ ਅਨੁਪਾਤ ਪਿਛਲੇ ਪੱਧਰਾਂ ਤੋਂ ਜਿਆਦਾ ਨਹੀ ਸੀ। ਇਹ ਸਾਲ 1980, 1990, 2000 ਜਾਂ 2010 ਦੇ ਦਹਾਕੇ ਵਿੱਚ ਦੇਖੇ ਗਏ ਪੱਧਰਾਂ ਤੋਂ ਹੇਠਾਂ ਰਿਹਾ। ਜ਼ਿਆਦਾਤਰ ਕੈਨੇਡੀਅਨ ਘੱਟੋ-ਘੱਟ ਆਪਣੀ ਕੌਮੀਅਤ ‘ਤੇ ਕੁਝ ਹੱਦ ਤੱਕ ਮਾਣ ਕਰਦੇ ਹਨ, ਪਰ ਕੁਝ ਲਈ, ਪਿਛਲੇ ਦਹਾਕਿਆਂ ਨਾਲੋਂ ਘੱਟ ਭਾਵਨਾ ਦੇਖੀ ਗਈ । ਇਹ ਖਾਸ ਤੌਰ ‘ਤੇ ਕੰਜ਼ਰਵੇਟਿਵਾਂ ਲਈ ਸੱਚ ਹੈ, ਜੋ 2015 ਵਿੱਚ ਉਨ੍ਹਾਂ ਦੀ ਪਾਰਟੀ ਦੇ ਸੱਤਾ ਗੁਆਉਣ ਤੋਂ ਬਾਅਦ ਦੇਸ਼ ਦੇ ਲੋਕਾਂ ਵਲੋਂ ਲਿਬਰਲ ਨੂੰ ਦਿੱਤੇ ਗਏ ਫਤਵੇ ‘ਤੇ ਅਫਸੋਸ ਕਰਦੇ ਹਨ। ਜ਼ਿਆਦਾਤਰ ਕੰਜ਼ਰਵੇਟਿਵ ਅਜੇ ਵੀ ਮਿਸਟਰ ਟਰੰਪ ਦੇ ਪ੍ਰਸਤਾਵ ਨੂੰ ਰੱਦ ਕਰਦੇ ਹਨ, ਪਰ ਇਹ ਵਿਰੋਧ ਇੰਨਾ ਮਜ਼ਬੂਤ ​​ਨਹੀਂ ਰਿਹਾ। ਯਕੀਨਨ ਉਹਨਾਂ ਨੂੰ ਲਿਬਰਲ ਦੀ ਜਿਤ ਨੇ ਮਾਯੂਸ ਕੀਤਾ ਹੈ। ਇਸ ਸਾਲ ਕੈਨੇਡਾ ਵਿੱਚ ਜੋ ਮੁੜ ਸੁਰਜੀਤ ਹੋਇਆ ਹੈ ਉਹ ਹੈ ਆਰਥਿਕ ਰਾਸ਼ਟਰਵਾਦ। ਜਿਵੇਂ-ਜਿਵੇਂ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਆਰਥਿਕਤਾ ਮੰਦੀ ਤੋਂ ਉਭਰਦੀ ਗਈ, ਨਿਯਮਾਂ-ਅਧਾਰਤ ਮੁਕਤ ਵਪਾਰ ਦੇ ਨਵੇਂ ਯੁੱਗ ਲਈ ਜਨਤਕ ਸਮਰਥਨ ਵੀ ਵਧਿਆ ਹੈ।

ਹੁਣ ਅਸੀਂ ਇੱਕ ਅਜਿਹੀ ਦੁਨੀਆਂ ਵਿੱਚ ਜੀਅ ਰਹੇ ਹਾਂ ਜਿੱਥੇ ਕੋਈ ਵੀ ਉਨ੍ਹਾਂ ਨਿਯਮਾਂ ਨਾਲ ਨਹੀਂ ਖੇਡਦਾ – ਘੱਟੋ ਘੱਟ ਅਮਰੀਕਾ ਨਹੀਂ ਜੋ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਨਾ ਹੀ ਚੀਨ, ਜੋ ਇੱਕ ਪਲ ਲਈ ਇੱਕ ਲੁਭਾਉਣੇ ਪਲਾਨ ਬੀ ਵਜੋਂ ਪ੍ਰਗਟ ਹੁੰਦਾ ਹੈ । ਜਵਾਬ ਵਿੱਚ, ਅਸੀਂ ਸਰ ਜੌਨ ਏ. ਮੈਕਡੋਨਲਡ ਦੀ ਰਾਸ਼ਟਰੀ ਨੀਤੀ ਦੀਆਂ ਕਹਾਣੀਆਂ ਨੂੰ ਦੁਬਾਰਾ ਪੜ੍ਹਨ ਲਈ ਆਪਣੀਆਂ ਇਤਿਹਾਸ ਦੀਆਂ ਪਾਠ-ਪੁਸਤਕਾਂ ਨੂੰ ਧੂੜ ਚਟਾ ਦਿੱਤੀ ਹੈ, ਅਤੇ ਸਪੱਸ਼ਟ ਤੌਰ ‘ਤੇ ਇੱਕ ਦੂਜੇ ਨਾਲ ਵਪਾਰ ਕਰਨ ਦੀਆਂ ਖੁਸ਼ੀਆਂ ਲਈ ਆਪਣੇ ਆਪ ਨੂੰ ਦੁਬਾਰਾ ਸਮਰਪਿਤ ਕਰ ਦਿੱਤਾ ਹੈ। ਕਾਸ਼ ਸਾਡੇ ਸੂਬਾਈ ਨਿਯਮ ਅਤੇ ਸਾਡਾ ਊਰਜਾ ਅਤੇ ਆਵਾਜਾਈ ਬੁਨਿਆਦੀ ਢਾਂਚਾ ਕੰਮ ਕਰਨ ਲਈ ਤਿਆਰ ਤੇ ਮਜ਼ਬੂਤ ਹੁੰਦਾ।

ਕੈਨੇਡਾ ਵਿੱਚ ਇਮੀਗ੍ਰੇਸ਼ਨ ਪੱਧਰਾਂ ਬਾਰੇ ਵਧਦੀਆਂ ਚਿੰਤਾਵਾਂ ਪ੍ਰਵਾਸੀਆਂ ਦੇ ਆਪਣੇ ਸ਼ੱਕ ਦੀ ਬਜਾਏ, ਤੇਜ਼ੀ ਨਾਲ ਵਧ ਰਹੀ ਆਬਾਦੀ ਦਾ ਸਮਰਥਨ ਕਰਨ ਲਈ ਲੋੜੀਂਦੀ ਰਿਹਾਇਸ਼ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਬਣਾਉਣ ਦੀ ਸਾਡੀ ਯੋਗਤਾ ਵਿੱਚ ਵਿਸ਼ਵਾਸ ਗੁਆਉਣ ਕਾਰਨ ਜ਼ਿਆਦਾ ਪ੍ਰੇਰਿਤ ਹੋਈਆਂ ਹਨ। ਪਰ ਵਧੇਰੇ ਸਖਤ ਇਮੀਗ੍ਰੇਸ਼ਨ ਨੀਤੀਆਂ ਦੀ ਮੰਗ – ਜਿਨ੍ਹਾਂ ਵੱਲ ਹੁਣ ਸੰਘੀ ਸਰਕਾਰ ਧਿਆਨ ਦੇ ਰਹੀ ਹੈ – ਨੇ ਵਧੇਰੇ ਮੂਲਵਾਦੀ ਭਾਵਨਾਵਾਂ ਨੂੰ ਹਵਾ ਦਿੱਤੀ ਹੈ। ਇਸ ਦੇ ਨਾਲ ਹੀ, ਰਾਸ਼ਟਰ-ਨਿਰਮਾਣ ਊਰਜਾ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਲਈ ਸਾਡਾ ਨਵਾਂ ਉਤਸ਼ਾਹ ਫਸਟ ਨੇਸ਼ਨਜ਼ ਨਾਲ ਟਕਰਾਅ ਪੈਦਾ ਕਰਨ ਦਾ ਜੋਖਮ ਪੈਦਾ ਕਰਦਾ ਹੈ, ਜਿਨ੍ਹਾਂ ਦੇ ਆਪਣੇ ਰਾਸ਼ਟਰ-ਨਿਰਮਾਣ ਏਜੰਡੇ ਹਮੇਸ਼ਾ ਸਾਡੇ ਨਾਲ ਮੇਲ ਨਹੀਂ ਖਾਂਦੇ।

ਰਾਸ਼ਟਰਵਾਦ ਦੇ ਉਦਾਰਵਾਦੀ ਅਤੇ ਗੈਰ-ਉਦਾਰਵਾਦੀ ਤਣਾਅ ਵਿਚਕਾਰ ਇਹ ਤਣਾਅ ਕਿਊਬੈਕ ਵਿੱਚ ਵੀ ਸਪੱਸ਼ਟ ਹੈ। ਇਹਨਾਂ ਦਿਨਾਂ ਵਿਚ ਕਿਊਬੇਕ ਸਰਕਾਰ ਧਾਰਮਿਕ ਚਿੰਨ੍ਹਾਂ ਅਤੇ ਧਾਰਮਿਕ ਮਾਨਤਾਵਾਂ ਖਿਲਾਫ ਪਾਬੰਦੀਆਂ ਵਧਾ ਕੇ ਆਪਣੀ ਪ੍ਰਸਿੱਧੀ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਊਬੈਕ ਸਰਕਾਰ ਵੱਲੋਂ ਚਾਰਟਰ ਆਫ ਰਾਈਟ ਦੇ ਬਾਵਜੂਦ ਨਾਟਵਿਦਸਟੈਡਿੰਗ ਦੀ ਧਾਰਾ ਦੀ ਵਰਤੋਂ ਰਾਹੀਂ ਇਨ੍ਹਾਂ ਉਪਾਵਾਂ ਦੀ ਰੱਖਿਆ ਨੂੰ ਹੋਰ ਸੂਬਾਈ ਸਰਕਾਰਾਂ ਨੇ ਈਰਖਾ ਨਾਲ ਦੇਖਿਆ ਹੈ। ਅਲਬਰਟਾ ਅਤੇ ਸਸਕੈਚਵਨ ਦੀਆਂ ਸਰਕਾਰਾਂ ਨਸਲੀ ਰਾਸ਼ਟਰਵਾਦ ਤੋਂ ਪ੍ਰੇਰਿਤ ਨਹੀਂ ਹੋ ਸਕਦੀਆਂ, ਪਰ ਉਹ ਚਾਰਟਰ-ਅਧਾਰਤ ਨਾਗਰਿਕ ਰਾਸ਼ਟਰਵਾਦ ਦੀ ਧਾਰਨਾ ਨੂੰ ਚੁਣੌਤੀ ਦੇਣ ਲਈ ਜ਼ਰੂਰ ਉਤਸ਼ਾਹਿਤ ਹਨ।

ਕੈਨੇਡਾ ਦੀ ਮੌਜੂਦਾ ਸਥਿਤੀ ਦੀ ਤੁਲਨਾ ਸੰਯੁਕਤ ਰਾਜ ਅਮਰੀਕਾ ਨਾਲ ਨਹੀਂ ਕੀਤੀ ਜਾ ਸਕਦੀ, ਜਿੱਥੇ, ਬਿੱਲ ਆਫ਼ ਰਾਈਟਸ ਦੇ ਬਾਵਜੂਦ, ਹਥਿਆਰਬੰਦ ਗਾਰਡਾਂ ਨੂੰ ਇੱਕ ਰਾਸ਼ਟਰਪਤੀ ਦੀ ਇੱਛਾ ਅਨੁਸਾਰ ਸ਼ਹਿਰ ਦੀਆਂ ਸੜਕਾਂ ‘ਤੇ ਗਸ਼ਤ ਕਰਨ ਲਈ ਭੇਜਿਆ ਜਾਂਦਾ ਹੈ। ਅਮਰੀਕੀ ਨੀਤੀਆਂ ਦੇ ਵਿਰੋਧ ਦੇ ਨਾਲ ਕੈਨੇਡੀਅਨ ਰਾਸ਼ਟਰਵਾਦ ਬਨਾਮ ਕਿਊਬੈਕ ਰਾਸ਼ਟਰਵਾਦ ਦੇ ਆਪਣੇ ਪ੍ਰਭਾਵ ਹਨ। ਇਹ ਇੱਕ ਸਦੀਵੀ ਮੁੱਦਾ ਹੈ ਜੋ 2026 ਵਿੱਚ ਪਾਰਟੀ ਕਿਊਬੈਕ ਪਾਰਟੀ ਦੇ  ਸੱਤਾ ਵਿੱਚ ਵਾਪਸ ਆਉਣ ‘ਤੇ ਸਾਹਮਣੇ ਆਵੇਗਾ। ਇਹ ਵੱਡਾ ਵਿਅੰਗ ਹੋਵੇਗਾ ਜੇਕਰ ਮਿਸਟਰ ਟਰੰਪ ਦੇ ਕੈਨੇਡਾ ਉਪਰ ਕਬਜ਼ੇ ਦੀ ਗੱਲ ਨਾਲ ਸ਼ੁਰੂ ਹੋਇਆ ਪੁਨਰ- ਕੈਨੇਡੀਅਨ ਰਾਸ਼ਟਰਵਾਦ ਪ੍ਰਭੂਸੱਤਾ ਦੇ ਨਾਲ ਇਕ ਹੋਰ ਜਨਮਤ ਨਾਲ ਮੇਲ ਖਾਂਦਾ ਹੈ ਜਿਸ ਨਾਲ ਦੇਸ਼ ਟੁੱਟਣ ਦਾ ਖ਼ਤਰਾ ਹੈ।

ਕਿਊਬੈਕ ਰਾਸ਼ਟਰਵਾਦੀਆਂ ਨੇ ਅਕਸਰ ਦੂਜੇ ਕੈਨੇਡੀਅਨਾਂ ਲਈ ਇੱਕ ਚੁਣੌਤੀਪੂਰਨ ਸਵਾਲ ਖੜ੍ਹਾ ਕੀਤਾ ਹੈ। ਪਰ ਉਹਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਕਿਊਬੈਕ ਦੀ ਵੱਖਰੀ ਭਾਸ਼ਾ ਅਤੇ ਸੱਭਿਆਚਾਰ ਅੰਤ ਵਿੱਚ ਇੱਕ ਵਿਸ਼ਾਲ ਕੈਨੇਡੀਅਨ ਸੰਘ ਦੇ ਅੰਦਰ ਹੀ ਸੁਰੱਖਿਅਤ ਬਚਣ ਅਤੇ ਵਧਣ-ਫੁੱਲਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਸਭ ਦੇ ਨਾਲ ਸਾਨੂੰ ਇਤਿਹਾਸ ਦੇ ਉਹ ਪਲ ਵੀ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਜੇ ਅਮਰੀਕੀ ਹਮਲਾਵਰਾਂ ਨੇ 31 ਦਸੰਬਰ, 1775 ਨੂੰ ਕਿਊਬਿਕ ਸ਼ਹਿਰ ‘ਤੇ ਕਬਜ਼ਾ ਕਰ ਲਿਆ ਹੁੰਦਾ ਤਾਂ ਅੱਜ ਕੈਨੇਡਾ ਦਾ ਵਜੂਦ ਮੌਜੂਦ ਨਾ ਹੁੰਦਾ। ਇਤਿਹਾਸ ਗਵਾਹ ਹੈ ਜਦੋਂ 1,200 ਅਮਰੀਕੀ ਹਮਲਾਵਰਾਂ ਅਤੇ ਕੈਨੇਡਾ ਦੀ ਜਿੱਤ ਦੇ ਵਿਚਕਾਰ ਜੋ ਕੁਝ ਖੜ੍ਹਾ ਸੀ ਉਹ 1,800 ਬ੍ਰਿਟਿਸ਼ ਸੈਨਿਕਾਂ, ਜਲ ਸੈਨਿਕਾਂ ਅਤੇ ਤੋਪਖਾਨੇ ਵਾਲਿਆਂ ਦੇ ਨਾਲ ਫਰਾਂਸੀਸੀ-ਕੈਨੇਡੀਅਨ ਅਤੇ ਅੰਗਰੇਜ਼ੀ ਜੰਗਜੂਆਂ ਦੀ ਰੱਖਿਆ ਫੋਰਸ ਸੀ।

ਉਸ ਰਾਤ ਅਮਰੀਕੀ ਫੌਜ ਦੇ  ਜਨਰਲ, ਰਿਚਰਡ ਮੋਂਟਗੋਮਰੀ ਮਾਰੇ ਗਏ ਸਨ ਤੇ ਉਨ੍ਹਾਂ ਦੇ ਸਹਾਇਕ ਕਮਾਂਡਰ ਬੇਨੇਡਿਕਟ ਅਰਨੋਲਡ, ਜ਼ਖਮੀ ਹੋ ਗਏ ਸਨ। ਲਗਭਗ 400 ਅਮਰੀਕੀ ਸੈਨਿਕਾਂ ਨੇ ਆਤਮ ਸਮਰਪਣ ਕਰ ਦਿੱਤਾ ਸੀ ਤੇ ਬਾਕੀ ਬਚੇ ਹੋਏ ਹਮਲਾਵਰਾਂ ਨੇ ਜਦੋਂ ਸੇਂਟ ਲਾਰੈਂਸ ਨਦੀ ‘ਤੇ ਬ੍ਰਿਟਿਸ਼ ਜੰਗੀ ਜਹਾਜ਼ਾਂ ਦੀ ਆਮਦ ਨੂੰ ਵੇਖਿਆ ਤਾਂ ਉਹ  ਘਰਾਂ ਨੂੰ  ਭੱਜ ਗਏ ਸਨ । ਇਹ ਕੈਨੇਡੀਅਨ ਇਤਿਹਾਸ ਦਾ ਉਹ ਕਾਂਡ ਹੈ ਜਿਸਨੇ ਮੌਜੂਦਾ ਕੈਨੇਡਾ ਨੂੰ  ਆਕਾਰ ਦਿੱਤਾ ਸੀ।

2025 ਵਿੱਚ ਕੈਨੇਡਾ ਵਿੱਚ ਰਾਸ਼ਟਰਵਾਦ ਦੇ ਮੁੱਦੇ ਉਪਰ ਸਰਗਰਮੀਆਂ ਨੂੰ ਆਕਾਰ ਦੇਣ ਵਾਲੇ ਰਾਸ਼ਟਰਵਾਦ ਦੇ ਇਹ ਸਾਰੇ ਸਵਾਲ 2026 ਵਿੱਚ ਸਾਡੇ ਆਲੇ-ਦੁਆਲੇ ਘੁੰਮਦੇ ਰਹਿਣਗੇ। ਅਸੀਂ ਝੰਡੇ ਲਹਿਰਾਵਾਂਗੇ ਅਤੇ ਗੀਤ ਗਾਵਾਂਗੇ ਅਤੇ ਸਰਦੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਐਥਲੀਟਾਂ ਦਾ ਸਵਾਗਤ ਕਰਾਂਗੇ। ਸਾਨੂੰ ਟਰੰਪ ਦੀ ਨਫਰਤ ਭਰੀ ਅਮਰੀਕਾ ਫਸਟ ਵਾਲੀ ਬਿਆਨਬਾਜ਼ੀ ਦੀ ਨਿੰਦਾ ਵਿੱਚ ਦਿਲਾਸਾ ਮਿਲੇਗਾ ਜਦੋਂ ਕਿ ਪ੍ਰਵਾਸੀਆਂ ਦੀ ਆਮਦ ਨੂੰ ਘਟਾਕੇ ਖਰਚੇ ਬਚਾਉਣ ਦੀ ਗੱਲ ਕਰਾਂਗੇ। ਅਸੀਂ ਦੇਖਾਂਗੇ ਕਿ ” ਬਾਏ ਕੈਨੇਡੀਅਨ” ਨੀਤੀਆਂ ਸਾਨੂੰ ਕਿੰਨੀ ਕੁ ਖੁਸ਼ਹਾਲੀ ਦਿੰਦੀਆਂ ਹਨ। ਸਾਨੂੰ ਕਿਊਬੈਕ ਰਾਸ਼ਟਰਵਾਦੀਆਂ ਦੁਆਰਾ ਇਹ ਦੱਸਣ ਲਈ ਚੁਣੌਤੀ ਦਿੱਤੀ ਜਾਵੇਗੀ ਕਿ ਕੈਨੇਡਾ ਦੀ ਆਜ਼ਾਦੀ ਦੀ ਗੱਲ ਇੰਨੀ ਜ਼ਿਆਦਾ ਉੱਤਮ ਕਿਉਂ ਹੈ। ਸਾਨੂੰ ਫਸਟ ਨੇਸ਼ਨਜ਼ ਦੁਆਰਾ ਬਰਾਬਰ ਚੁਣੌਤੀ ਦਿੱਤੀ ਜਾਵੇਗੀ ਜੋ ਨਵੇਂ “ਰਾਸ਼ਟਰ-ਨਿਰਮਾਣ” ਸਰੋਤ ਪ੍ਰੋਜੈਕਟਾਂ ਤੋਂ ਲਾਭ ਪ੍ਰਾਪਤ ਕਰਨ ਲਈ ਉਤਾਵਲੇ ਹਨ।

ਇਹ ਸਭ ਉਵੇਂ ਹੀ ਹੈ ਜਿਵੇਂ ਇਹ ਹੋਣਾ ਚਾਹੀਦਾ ਹੈ। ਅਸੀਂ ਇੱਕ ਬਹੁ-ਸੱਭਿਆਚਾਰਕ ਸਮਾਜ ਅਤੇ ਫੈਡਰਲ ਦੇਸ਼ ਹਾਂ ਅਤੇ ਹਮੇਸ਼ਾ ਰਹਾਂਗੇ ਜੋ ਇੱਕ ਹਮਲਾਵਰ ਅਤੇ ਵਿਸਥਾਰਵਾਦੀ ਸੰਯੁਕਤ ਰਾਜ ਅਮਰੀਕਾ ਦੇ ਨਾਲ ਖਬਿੜਦਾ ਰਹਿੰਦਾ ਹਾਂ। ਰਾਸ਼ਟਰਵਾਦ ਦੇ ਸਾਡੇ ਵੱਖ-ਵੱਖ ਪ੍ਰਗਟਾਵੇ ਸਾਨੂੰ ਇਕ ਧਾਗੇ ਵਿੱਚ ਬੰਨ੍ਹਦੇ ਰਹਿਣਗੇ ਅਤੇ ਇਸ ਲਈ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ। ਕੈਨੇਡੀਅਨ ਉਦੋਂ ਬਿਹਤਰ ਹੁੰਦੇ ਹਨ ਜਦੋਂ ਅਸੀਂ ਨਾ ਸਿਰਫ਼ ਨਿਮਰ ਹੁੰਦੇ ਹਾਂ, ਸਗੋਂ ਆਪਣੀ ਹੋਂਦ ਦੀਆਂ ਸ਼ਰਤਾਂ ਨੂੰ ਜਾਇਜ਼ ਠਹਿਰਾਉਣ ਅਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਤੋਂ ਪਰੇਸ਼ਾਨ ਹੁੰਦੇ ਹਾਂ। ਰਾਸ਼ਟਰੀ ਮਾਣ ਹੋਣ ਵਿੱਚ ਕੋਈ ਸ਼ਰਮ ਨਹੀਂ ਹੈ ਬਲਕਿ ਅਧਿਕਾਰਾਂ ਅਤੇ ਰੁਤਬੇ ਸਬੰਧੀ ਅਸੰਗਤ ਦਾਅਵਿਆਂ ਨੂੰ ਸੁਲਝਾਉਣ ਲਈ ਸੰਘਰਸ਼ ਕਰਨਾ ਹੀ ਅਸਲ ਲੋਕਤੰਤਰ ਹੈ । ਇਹ ਚੱਲ ਰਹੀ ਆਤਮ-ਖੋਜ ਸਾਡੀ ਅਸਲ ਰਾਸ਼ਟਰੀ ਖੇਡ ਹੈ, ਜਿਸ ‘ਤੇ ਅਸੀਂ ਦੂਜਿਆਂ ਨੂੰ ਪਛਾੜਨ ਲਈ ਮਾਣ ਨਾਲ ਭਰੋਸਾ ਕਰ ਸਕਦੇ ਹਾਂ। ( ਧੰਨਵਾਦ ਸਹਿਤ-ਅਨੁਵਾਦ ”ਦਾ ਗਲੋਬ ਐਂਡ ਮੇਲ”)