Mar 7, 2026

*ਪੰਜਾਬ ਨੇ ਦੇਸ਼ ਨੂੰ ਦਿਖਾਇਆ ਕਿ ਨਸ਼ਿਆਂ ਵਿਰੁੱਧ ਜੰਗ ਕਿਵੇਂ ਲੜੀ ਜਾਂਦੀ ਹੈ-ਅਰਵਿੰਦ ਕੇਜਰੀਵਾਲ*

*ਡੇਢ ਲੱਖ ਵਿਲੇਜ ਡਿਫੈਂਸ ਕਮੇਟੀਆਂ ਨਸ਼ਿਆਂ ਵਿਰੁੱਧ ਲਹਿਰ ਦੀ ਰੀੜ੍ਹ ਦੀ ਹੱਡੀ, ਵੱਡੀਆਂ ਮੱਛੀਆਂ ਜੇਲ੍ਹ ਭੇਜੀਆਂ-ਅਰਵਿੰਦ ਕੇਜਰੀਵਾਲ*
ਸੂਬਾ ਪੱਧਰੀ ਪੈਦਲ ਯਾਤਰਾ 10 ਤੋਂ 30 ਜਨਵਰੀ ਤੱਕ, ਡਿਫੈਂਸ ਕਮੇਟੀਆਂ ਦੀ ਵਿਸ਼ਾਲ ਇਕੱਤਰਤਾ 13 ਫਰਵਰੀ ਨੂੰ ਹੋਵੇਗੀ-ਅਰਵਿੰਦ ਕੇਜਰੀਵਾਲ*

*ਪਿਛਲੀਆਂ ਸਰਕਾਰ ਦੇ ਗੁਨਾਹ ਮੁਆਫ਼ ਨਹੀਂ ਕੀਤੇ ਜਾ ਸਕਦੇ-ਮੁੱਖ ਮੰਤਰੀ*

*ਸੂਬਾ ਸਰਕਾਰ ਨੇ 61000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ-ਮੁੱਖ ਮੰਤਰੀ*

*ਫਗਵਾੜਾ, 7 ਜਨਵਰੀ-ਪੰਜਾਬ ਵਿੱਚ ਨਸ਼ਿਆਂ ਵਿਰੁੱਧ ਜੰਗ ਹੋਰ ਤੇਜ਼ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।
‘ਆਪ’ ਮੁਖੀ ਨੇ ਪਹਿਲੇ ਪੜਾਅ ਦੇ ਠੋਸ ਨਤੀਜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਤਸਕਰਾਂ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਕੀਤੀ, ਸਜ਼ਾ ਦਰ ਵਧਣ ਦੇ ਨਾਲ-ਨਾਲ ਯੁੱਧ ਨਸ਼ਿਆਂ ਵਿਰੁੱਧ ਵਿੱਚ ਲੋਕਾਂ ਦੀ ਸ਼ਮੂਲੀਅਤ ਵਧੀ। ਉਨ੍ਹਾਂ ਕਿਹਾ ਕਿ ਦੂਜਾ ਪੜਾਅ ਸੂਬੇ ਵਿੱਚ ਡਰੱਗ ਨੈੱਟਵਰਕ ਨੂੰ ਖਤਮ ਕਰਨ ਲਈ ਪੰਜਾਬ ਨੂੰ ਇਕਜੁਟ ਕਰੇਗਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਯੁੱਧ ਨਸ਼ਿਆਂ ਵਿਰੁੱਧ ਦੇ ਪਹਿਲੇ ਪੜਾਅ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਦੂਜਾ ਪੜਾਅ ਅੱਜ ਸ਼ੁਰੂ ਹੋ ਰਿਹਾ ਹੈ। ਪਹਿਲਾ ਪੜਾਅ 1 ਮਾਰਚ 2025 ਨੂੰ ਲਗਭਗ 10 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਅਤੇ ਜਿਸ ਇਮਾਨਦਾਰੀ, ਸਖ਼ਤ ਮਿਹਨਤ ਅਤੇ ਦ੍ਰਿੜਤਾ ਨਾਲ ਇਸ ਨੂੰ ਲਾਗੂ ਕੀਤਾ ਗਿਆ ਸੀ, ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਨਾ ਸਿਰਫ਼ ਪੰਜਾਬ ਵਿੱਚ ਸਗੋਂ ਦੇਸ਼ ਭਰ ਦੇ ਕਿਸੇ ਵੀ ਸੂਬੇ ਵਿੱਚ, ਨਸ਼ਿਆਂ ਵਿਰੁੱਧ ਲੜਾਈ ਏਨੇ ਵਿਆਪਕ ਢੰਗ ਨਾਲ ਨਹੀਂ ਲੜੀ ਗਈ। ਅਜਿਹਾ ਨਹੀਂ ਹੈ ਕਿ ਨਸ਼ੇ ਸਿਰਫ਼ ਪੰਜਾਬ ਵਿੱਚ ਹੀ ਵਿਕਦੇ ਹਨ। ਹਰਿਆਣਾ, ਗੁਜਰਾਤ, ਦਿੱਲੀ ਅਤੇ ਕਈ ਹੋਰ ਸੂਬਿਆਂ ਸਮੇਤ ਬਹੁਤ ਸਾਰੇ ਸੂਬੇ ਹਨ, ਜਿੱਥੇ ਨਸ਼ੇ ਖੁੱਲ੍ਹੇਆਮ ਅਤੇ ਵੱਡੀ ਮਾਤਰਾ ਵਿੱਚ ਵਿਕਦੇ ਹਨ, ਪਰ ਉੱਥੋਂ ਦੀਆਂ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ ਹੈ।”

‘ਆਪ’ ਸਰਕਾਰ ਬਣਨ ਤੋਂ ਪਹਿਲਾਂ ਦੇ ਹਾਲਾਤ ਨੂੰ ਯਾਦ ਕਰਦਿਆਂ ‘ਆਪ’ ਮੁਖੀ ਨੇ ਅੱਗੇ ਕਿਹਾ, “ਪੰਜਾਬ ਵਿੱਚ, ਸਾਡੇ ਤੋਂ ਪਹਿਲਾਂ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੱਤਾ ਵਿੱਚ ਸੀ, ਉਨ੍ਹਾਂ ਦੇ ਰਾਜ ਦੌਰਾਨ ਨਸ਼ੇ ਹਰ ਗਲੀ ਅਤੇ ਹਰ ਘਰ ਵਿੱਚ ਸਪਲਾਈ ਹੁੰਦੇ ਸਨ। ਇਹ ਉਸ ਸਮੇਂ ਸੀ ਜਦੋਂ ਪੰਜਾਬ ਨਸ਼ਿਆਂ ਵਿੱਚ ਜਕੜਿਆ ਹੋਇਆ ਸੀ ਜਿਸ ਕਰਕੇ ‘ਉੜਤਾ ਪੰਜਾਬ’ ਫਿਲਮ ਬਣੀ ਸੀ। ਪੰਜਾਬ ਨੇ ਨਸ਼ਿਆਂ ਨੂੰ ਘਰਾਂ ਵਿੱਚ ਦਾਖਲ ਹੁੰਦੇ ਦੇਖਿਆ, ਅਤੇ ਉਨ੍ਹਾਂ ਦੀਆਂ ਕਈ ਵੱਡੇ ਆਗੂ ਸਿੱਧੇ ਤੌਰ ‘ਤੇ ਨਸ਼ੇ ਵੇਚਣ ਵਿੱਚ ਸ਼ਾਮਲ ਸਨ। ਉਸ ਤੋਂ ਬਾਅਦ, ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ‘ਤੇ ਸਹੁੰ ਖਾਧੀ ਅਤੇ ਕਿਹਾ ਕਿ ਉਹ 30 ਦਿਨਾਂ ਜਾਂ 60 ਦਿਨਾਂ ਵਿੱਚ ਨਸ਼ਿਆਂ ਨੂੰ ਖਤਮ ਕਰ ਦੇਣਗੇ। ਉਨ੍ਹਾਂ ਦੀ ਸਰਕਾਰ ਪੰਜ ਸਾਲ ਚੱਲੀ ਅਤੇ ਕੁਝ ਨਹੀਂ ਕੀਤਾ ਗਿਆ। ਉਹ ਝੂਠੀਆਂ ਸਹੁੰਆਂ ਸਨ। ਉਸ ਤੋਂ ਬਾਅਦ, ਸਾਡੀ ਸਰਕਾਰ ਆਈ।”
ਹੋਰ ਵਿਸਥਾਰ ਵਿੱਚ ਦੱਸਦੇ ਹੋਏ, ਅਰਵਿੰਦ ਕੇਜਰੀਵਾਲ ਨੇ ਕਿਹਾ, “ਅਸੀਂ ਕੁਝ ਸਮਾਂ ਲਿਆ ਕਿਉਂਕਿ ਸਹੀ ਤਿਆਰੀ ਦੀ ਲੋੜ ਸੀ, ਪਰ ਪਿਛਲੇ ਸਾਲ 1 ਮਾਰਚ ਤੋਂ ਬਾਅਦ, ਜਿਸ ਦ੍ਰਿੜ੍ਹਤਾ ਅਤੇ ਹਿੰਮਤ ਨਾਲ ਅਸੀਂ ਨਸ਼ਿਆਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ, ਉਹ ਬੇਮਿਸਾਲ ਸੀ। ਬਹੁਤ ਸਾਰੇ ਲੋਕਾਂ ਨੇ ਸਾਨੂੰ ਚੇਤਾਵਨੀ ਦਿੱਤੀ ਕਿ ਨਸ਼ਾ ਤਸਕਰ ਬਹੁਤ ਖਤਰਨਾਕ ਹਨ, ਉਹ ਵੱਡੇ ਗੈਂਗਸਟਰ, ਅਪਰਾਧੀ ਅਤੇ ਗੁੰਡੇ ਹਨ, ਅਤੇ ਉਹ ਸਾਡੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਸੀਂ ਕਿਹਾ ਨਹੀਂ, ਅਸੀਂ ਲੋਕਾਂ ਨਾਲ ਵਾਅਦਾ ਕਰਕੇ ਆਏ ਹਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਅਤੇ ਆਪਣੇ ਬੱਚਿਆਂ ਲਈ ਇੱਕ ਚੰਗਾ ਭਵਿੱਖ ਸੁਰੱਖਿਅਤ ਕਰਾਂਗੇ।”
ਆਪ’ ਮੁਖੀ ਨੇ ਕਿਹਾ, “ਵਿਲੇਜ ਡਿਫੈਂਸ ਕਮੇਟੀਆਂ ਹੁਣ ਬਣਾਈਆਂ ਗਈਆਂ ਹਨ। ਹਰ ਪਿੰਡ ਤੋਂ, 10 ਤੋਂ 20 ਲੋਕਾਂ ਨੂੰ ਇਕੱਠਾ ਕੀਤਾ ਗਿਆ ਅਤੇ ਕਮੇਟੀਆਂ ਬਣਾਈਆਂ ਗਈਆਂ। ਲੋਕਾਂ ਤੋਂ ਪੁੱਛਿਆ ਗਿਆ ਕਿ ਕੌਣ ਅੱਗੇ ਆਉਣਾ ਚਾਹੁੰਦਾ ਹੈ ਅਤੇ ਕੌਣ ਦੁਬਾਰਾ ‘ਰੰਗਲਾ ਪੰਜਾਬ’ ਬਣਾਉਣਾ ਚਾਹੁੰਦਾ ਹੈ। ਨੌਜਵਾਨਾਂ ਨੇ ਸਵੈ-ਇੱਛਾ ਨਾਲ ਕੰਮ ਕੀਤਾ ਅਤੇ ਕਿਹਾ ਕਿ ਉਹ ਆਪਣੇ ਪਿੰਡਾਂ ਨੂੰ ਠੀਕ ਕਰਨਗੇ। ਹਰ ਪਿੰਡ ਅਤੇ ਵਾਰਡ ਵਿੱਚ 10 ਤੋਂ 20 ਵਲੰਟੀਅਰਾਂ ਦੀਆਂ ਟੀਮਾਂ ਬਣਾਈਆਂ ਗਈਆਂ ਅਤੇ ਉਨ੍ਹਾਂ ਨੂੰ  ਡਿਫੈਂਸ ਕਮੇਟੀਆਂ ਦਾ ਨਾਮ ਦਿੱਤਾ ਗਿਆ। ਹੁਣ ਤੱਕ, ਡੇਢ ਲੱਖ ਵਲੰਟੀਅਰ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਹੋਏ ਹਨ। ਇਹ ਕੋਈ ਛੋਟੀ ਗਿਣਤੀ ਨਹੀਂ ਹੈ। ਪਹਿਲਾਂ ਸਿਰਫ਼ ਪੁਲਿਸ ਅਤੇ ਪ੍ਰਸ਼ਾਸਨ ਕੰਮ ਕਰ ਰਹੇ ਸਨ, ਪਰ ਹੁਣ ਡੇਢ ਲੱਖ ਵਲੰਟੀਅਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਕੱਠੇ ਕੰਮ ਕਰਨਗੇ। ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਆਪਣੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ।”
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਫ਼ੋਨਾਂ ‘ਤੇ ਇੱਕ ਐਪ ਸਥਾਪਤ ਕੀਤੀ ਜਾਵੇਗੀ ਜਿੱਥੇ ਉਹ ਰਿਪੋਰਟ ਕਰ ਸਕਦੇ ਹਨ ਕਿ ਕੌਣ ਨਸ਼ੇ ਵੇਚ ਰਿਹਾ ਹੈ, ਨਸ਼ੇ ਕਿੱਥੋਂ ਆਉਂਦੇ ਹਨ ਅਤੇ ਸਾਰੇ ਸਬੰਧਤ ਵੇਰਵੇ ਦਰਜ  ਕਰ ਸਕਦੇ ਹਨ। “ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾਵੇਗੀ। ਸਾਰੀ ਨਿਗਰਾਨੀ ਮੁੱਖ ਮੰਤਰੀ ਦਫ਼ਤਰ ਵਿਖੇ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਾਰਵਾਈ ਕੀਤੀ ਜਾਵੇ ਅਤੇ ਸਥਾਨਕ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਪ੍ਰਸ਼ਾਸਨ ਜਾਂ ਪੁਲਿਸ ਦਾ ਕੋਈ ਵੀ ਵਿਅਕਤੀ ਸ਼ਾਮਲ ਹੈ, ਤਾਂ ਜਾਣਕਾਰੀ ਸਾਂਝੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਜਾਵੇਗਾ।”
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਇਸ ਗੱਲ ਦਾ ਗਵਾਹ ਹੈ ਕਿ ਅਸੀਂ ਨਸ਼ਿਆਂ ਵਿਰੁੱਧ ਜੰਗ ਜਿੱਤਣ ਦੇ ਬਹੁਤ ਨੇੜੇ ਆ ਗਏ ਹਾਂ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਵਰਗੇ ਆਮ ਆਦਮੀ ਨਾਲ ਸਬੰਧਤ ਮੁੱਦਿਆਂ ਨੂੰ ਸਾਹਮਣੇ ਲਿਆਉਣ ਦਾ ਸਿਹਰਾ ਅਰਵਿੰਦ ਕੇਜਰੀਵਾਲ ਜੀ ਨੂੰ ਜਾਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲ ਦਿੱਤਾ ਗਿਆ ਹੈ ਕਿਉਂਕਿ ਇਹ ਲਾਹਨਤ ਇਕ ਸਮਾਜਿਕ ਬੁਰਾਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਲਾਹਨਤ ਨੂੰ ਸਿਰਫ਼ ਇੱਕ ਲੋਕ ਲਹਿਰ ਹੀ ਰੋਕ ਸਕਦੀ ਹੈ, ਨਾ ਕਿ ਪੁਲਿਸ ਜਾਂ ਕੋਈ ਸਰਕਾਰੀ ਕਾਰਵਾਈ ਰੋਕ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ਿਆਂ ਦੇ ਵਪਾਰ ਨੂੰ ਸ਼ਹਿ ਦਿੱਤੀ ਸੀ ਪਰ ਅਸੀਂ ਇਸ ‘ਤੇ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਕੋਲ ਇੱਕ ਵਿਲੱਖਣ ਗੁਣ ਹੈ ਜਿਸ ਸਦਕਾ ਅਸੀਂ ਹਰ ਸਮੱਸਿਆ ‘ਤੇ ਕਾਬੂ ਪਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੇ ਹੜ੍ਹਾਂ ਦੀ ਸਥਿਤੀ ਦਾ ਡਟ ਕੇ ਮੁਕਾਬਲਾ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਵਾਂਗ, ਪੰਜਾਬ ਨੂੰ ਨਸ਼ਿਆਂ ਦੇ ਲਾਹਨਤ ਲਈ ਬੇਲੋੜਾ ਬਦਨਾਮ ਕੀਤਾ ਗਿਆ ਹੈ ਜੋ ਕਿ ਗੈਰ-ਵਾਜਬ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਅਸਲ ਆਗੂ ਉਹ ਹੁੰਦਾ ਹੈ ਜੋ ਲੋਕਾਂ ਦੀ ਭਾਸ਼ਾ ਵਿੱਚ ਗੱਲ ਕਰਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਰੋਧੀ ਧਿਰ ਦਾ ਕੋਈ ਵੀ ਆਗੂ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸੂਬੇ ਦੀ ਸੱਤਾ ‘ਤੇ ਕਾਬਜ਼ ਹੋਣ ਦੇ ਦਿਨ ਦਿਹਾੜੇ ਸੁਪਨੇ ਦੇਖ ਰਹੀ ਹੈ, ਜਦੋਂ ਕਿ ਉਨ੍ਹਾਂ ਕੋਲ ਲੋਕਾਂ ਦੀ ਭਲਾਈ ਲਈ ਕੋਈ ਇਕ ਵੀ ਏਜੰਡਾ ਨਹੀਂ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਹੈ, ਸਿਹਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਹੈ, 61,000 ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਜਾਂ ਕਿਸੇ ਵੀ ਭ੍ਰਿਸ਼ਟਾਚਾਰ ਤੋਂ ਬਿਨ੍ਹਾਂ ਨੌਕਰੀਆਂ ਦਿੱਤੀਆਂ ਹਨ ਜਦੋਂ ਕਿ ਦੂਜੇ ਪਾਸੇ ਵਿਰੋਧੀ ਧਿਰ ਕੋਲ ਅਜਿਹਾ ਕੋਈ ਵੀ ਏਜੰਡਾ ਨਹੀਂ ਹੈ।
ਇਸ ਮੌਕੇ ਆਪ ਦੇ ਸੀਨੀਅਰ ਲੀਡਰ ਮਨੀਸ਼ ਸਿਸੋਦੀਆ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਇਕ ਸਾਲ ਸਫਲਤਾ ਨਾਲ ਮੁਕੰਮਲ ਹੋਣ ’ਤੇ ਸੂਬਾ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲੋਕ ਲਹਿਰ ਨੂੰ ਸਫਲ ਕਰਕੇ ਪੰਜਾਬ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਮੁਹਿੰਮ ਦਾ ਸਿਹਰਾ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਡਾ. ਬਲਬੀਰ ਸਿੰਘ ਤੇ ਤਰੁਣਪ੍ਰੀਤ ਸਿੰਘ ਸੌਂਦ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਹੋਰ ਸ਼ਖਸੀਅਤਾਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
*ਯੁੱਧ ਨਸ਼ਿਆਂ ਵਿਰੁੱਧ ਦੂਜੇ ਫੈਸਲਾਕੁੰਨ ਪੜਾਅ ਵਿੱਚ ਦਾਖਲ*
ਫਰਵਰੀ 2025 ਵਿੱਚ ਸ਼ੁਰੂ ਹੋਈ ਮੁਹਿੰਮ ‘ਤੇ ਅਧਾਰਤ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ ਪੰਜਾਬ ਦੀ ਨਸ਼ਿਆਂ ਵਿਰੁੱਧ ਨਿਰੰਤਰ ਜੰਗ ਦਾ ਇੱਕ ਅਹਿਮ ਹਿੱਸਾ ਹੈ। ਦੋਆਬੇ ਦੀ ਧਰਤੀ ਤੋਂ, ਪਿੰਡਾਂ ਦੇ ਪਹਿਰੇਦਾਰ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ 10 ਜਨਵਰੀ ਤੋਂ 25 ਜਨਵਰੀ ਤੱਕ ਲਗਭਗ 15,000 ਪਿੰਡਾਂ ਅਤੇ ਵਾਰਡਾਂ ਵਿੱਚ ਪੈਦਲ ਯਾਤਰਾਵਾਂ ਕੀਤੀਆਂ ਜਾਣਗੀਆਂ। ਇਹ ਮੁਹਿੰਮ ਦਾ ਉਦੇਸ਼ ਨਾਗਰਿਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਆਪਣੇ ਪਿੰਡਾਂ ਅਤੇ ਆਂਢ-ਗੁਆਂਢ ਦੇ ਸਰਗਰਮ ਸਰਪ੍ਰਸਤ ਬਣਨ ਲਈ ਉਤਸ਼ਾਹਿਤ ਕਰਨਾ ਸੀ। ਇਸ ਦੇ ਨਾਲ, ਇੱਕ ਮਿਸਡ-ਕਾਲ ਨੰਬਰ 9899-100002  ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਨਾਗਰਿਕ ਆਪਣੇ ਪਿੰਡ ਨੂੰ ਇਸ ਲਹਿਰ ਦੇ ਹਿੱਸੇ ਵਜੋਂ ਰਜਿਸਟਰ ਕਰ ਸਕੇ। ਇਸ ਤੋਂ ਬਾਅਦ ਮੁੱਖ ਮੰਤਰੀ ਦੀ ਟੀਮ ਉਨ੍ਹਾਂ ਨੂੰ ਨਸ਼ਾ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰੇਗੀ।