ਵੈਨਕੂਵਰ- ਕ੍ਰਾਂਤੀਕਾਰੀ ਰਹਿਬਰ ਅਤੇ ਮਾਨਵਤਾ ਦੇ ਮਸੀਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੀ ਖੁਸ਼ੀ ਵਿੱਚ ਕੇ ਕੇ ਮਿਊਜਿਕ ਕੰਪਨੀ ਵਲੋਂ ਗਾਇਕ ਕੁਲਦੀਪ ਚੁੰਬਰ ਦਾ ਨਵਾਂ ਧਾਰਮਿਕ ਗੀਤ “ਕੌਣ ਕਰੂਗਾ ਰੀਸਾਂ ਗੁਰੂ ਰਵਿਦਾਸ ਦੀਆਂ” ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ । ਜਿਸ ਦੀ ਜਾਣਕਾਰੀ ਦਿੰਦਿਆਂ ਕੰਪਨੀ ਦੇ ਨਿਰਮਾਤਾ ਕਮਲ ਕਲੇਰ ਨੇ ਦੱਸਿਆ ਕਿ ਇਸ ਧਾਰਮਿਕ ਗੀਤ ਨੂੰ ਸੰਗਤ ਦਾ ਅਥਾਹ ਪਿਆਰ ਮਿਲ ਰਿਹਾ ਹੈ । ਇਸ ਗੀਤ ਦੇ ਰਚੇਤਾ ਪ੍ਰਸਿੱਧ ਗੀਤਕਾਰ ਮਿਸ਼ਨਰੀ ਕਲਮ ਰੱਤੂ ਰੰਧਾਵਾ ਜੀ ਨੇ ਗਾਇਕ ਕੁਲਦੀਪ ਚੁੰਬਰ ਦੀ ਸਮੁੱਚੀ ਟੀਮ ਨੂੰ ਆਪਣੀਆਂ ਆਸਟ੍ਰੇਲੀਆ ਤੋਂ ਅਤੇ ਲੋਕ ਗਾਇਕ ਕੰਠ ਕਲੇਰ ਵੱਲੋਂ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਗਾਇਕ ਕੁਲਦੀਪ ਚੁੰਬਰ ਵਲੋਂ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ 10 ਗੀਤਾਂ ਦਾ ਗੁਲਦਸਤਾ ਤਿਆਰ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਕੰਪਨੀਆਂ ਦੀ ਅਗਵਾਈ ਹੇਠ ਰਿਲੀਜ਼ ਕੀਤੇ ਜਾ ਰਹੇ ਹਨ । ਗਾਇਕ ਕੁਲਦੀਪ ਚੁੰਬਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਮਹਾਨ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰੇ ਚਾਵਾਂ ਖੁਸ਼ੀਆਂ ਪਿਆਰ ਮੁਹੱਬਤਾਂ ਤੇ ਸਾਂਝੀਵਾਲਤਾ ਨਾਲ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਡੇ ਰਹਿਬਰ ਗੁਰੂ ਪਿਆਰੇ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਮਹਾਨ ਬਾਣੀ ਦਾ ਗਾਇਨ ਕੀਤਾ ਅਤੇ ਭੁੱਲੀ ਭਟਕੀ ਮਾਨਵਤਾ ਨੂੰ ਸੱਚ ਦਾ ਰਾਹ ਦਿਖਾਇਆ। ਇਸ ਗੀਤ ਦਾ ਸੰਗੀਤ ਰਾਜ ਕੁਮਾਰ , ਵੀਡੀਓ ਰਿੰਕਾ ਨਸਰਾਲਾ, ਕੈਮਰਾਮੈਨ ਰਾਜਨ ਬਟਾਲਵੀ ਅਤੇ ਐਡੀਟਰ ਏ ਡੀ ਨੇ ਕਾਫੀ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ। ਗਾਇਕ ਕੁਲਦੀਪ ਚੁੰਬਰ ਨੇ ਇਹ ਵੀ ਦੱਸਿਆ ਕਿ 10 ਗੀਤਾਂ ਦੇ ਇਸ ਗੁਲਦਸਤੇ ਵਿੱਚੋਂ ਇਹ ਪਹਿਲਾ ਗੀਤ ਲਾਂਚ ਕੀਤਾ ਗਿਆ ਹੈ, ਜਿਸ ਨੂੰ ਸੰਗਤ ਨੇ ਬਹੁਤ ਪਿਆਰ ਮੁਹੱਬਤ ਦੇ ਕੇ ਨਿਵਾਜਿਆ।
