ਤਹਿਰਾਨ-ਇਰਾਨ ਵਿੱਚ ਦੇਸ਼ ਵਿਆਪੀ ਪ੍ਰਦਰਸ਼ਨਾਂ ‘ਤੇ ਕੀਤੀ ਗਈ ਸਖ਼ਤ ਕਾਰਵਾਈ ਵਿੱਚ ਹੁਣ ਤੱਕ ਘੱਟੋ-ਘੱਟ 544 ਲੋਕ ਮਾਰੇ ਗਏ ਹਨ। ਹੋਰ ਸੂਤਰਾਂ ਮੁਤਾਬਿਕ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੀ ਵੱਧ ਹੋਣ ਦਾ ਖਦਸ਼ਾ ਹੈ, ਜਦਕਿ ਦੂਜੇ ਪਾਸੇ ਤਹਿਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਲਈ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਅਮਰੀਕੀ ਫੌਜ ਅਤੇ ਇਜ਼ਰਾਈਲ “ਜਾਇਜ਼ ਨਿਸ਼ਾਨੇ” ਹੋਣਗੇ। ਅਮਰੀਕਾ ਸਥਿਤ ‘ਹਿਊਮਨ ਰਾਈਟਸ ਐਕਟੀਵਿਸਟ ਨਿਊਜ਼ ਏਜੰਸੀ’ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਦੇ ਪ੍ਰਦਰਸ਼ਨਾਂ ਦੌਰਾਨ 10,600 ਤੋਂ ਵੱਧ ਹੋਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਰਨ ਵਾਲਿਆਂ ਵਿੱਚ 496 ਪ੍ਰਦਰਸ਼ਨਕਾਰੀ ਅਤੇ 48 ਸੁਰੱਖਿਆ ਬਲਾਂ ਦੇ ਜਵਾਨ ਸ਼ਾਮਲ ਹਨ।
ਇਰਾਨ ਵਿੱਚ ਇੰਟਰਨੈਟ ਅਤੇ ਫੋਨ ਸੇਵਾਵਾਂ ਬੰਦ ਹੋਣ ਕਾਰਨ ਵਿਦੇਸ਼ਾਂ ਤੋਂ ਪ੍ਰਦਰਸ਼ਨਾਂ ਦਾ ਸਹੀ ਜਾਇਜ਼ਾ ਲੈਣਾ ਮੁਸ਼ਕਲ ਹੋ ਗਿਆ ਹੈ ਅਤੇ ਸਰਕਾਰ ਵੱਲੋਂ ਅਧਿਕਾਰਤ ਅੰਕੜੇ ਜਾਰੀ ਨਾ ਕੀਤੇ ਜਾਣ ਕਾਰਨ ਇਹ ਡਰ ਪੈਦਾ ਹੋ ਗਿਆ ਹੈ ਕਿ ਸੁਰੱਖਿਆ ਸੇਵਾਵਾਂ ਜਾਣਕਾਰੀ ਦੇ ਬਲੈਕਆਊਟ ਦੌਰਾਨ ਖੂਨੀ ਕਾਰਵਾਈ ਨੂੰ ਤੇਜ਼ ਕਰ ਸਕਦੀਆਂ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਇਰਾਨ ਵਿਰੁੱਧ ਸਾਈਬਰ ਹਮਲਿਆਂ ਅਤੇ ਸਿੱਧੇ ਹਮਲਿਆਂ ਸਮੇਤ ਕਈ ਸੰਭਾਵੀ ਜਵਾਬੀ ਕਾਰਵਾਈਆਂ ‘ਤੇ ਵਿਚਾਰ ਕਰ ਰਹੀ ਹੈ, ਜਿਸ ਬਾਰੇ ਟਰੰਪ ਨੇ ਕਿਹਾ ਕਿ ਜੇਕਰ ਇਰਾਨ ਪਲਟਵਾਰ ਕਰਦਾ ਹੈ ਤਾਂ ਅਮਰੀਕਾ ਉਨ੍ਹਾਂ ਨੂੰ ਅਜਿਹੇ ਪੱਧਰ ‘ਤੇ ਮਾਰ ਕਰੇਗਾ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ।
ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਅਲੀ ਖਮੇਨੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹਨ ਤੇ ਇਰਾਨ ਸਰਕਾਰ ਨੇ ਇਕ ਦਿਨ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਹੜਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰੇਗਾ, ਉਸ ਨੂੰ ਅੱਲ੍ਹਾ ਦਾ ਦੁਸ਼ਮਣ ਮੰਨਿਆ ਜਾਵੇਗਾ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਇਰਾਨ ਵਿਚ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ ਜਿਸ ਕਾਰਨ ਇਰਾਨ ਦੇ ਆਗੂ ਨੇ ਹੁਣ ਦੇਸ਼ ਦੀ ਕਮਾਨ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈਆਰਜੀਸੀ) ਨੂੰ ਸੌਂਪ ਦਿੱਤੀ ਹੈ।
ਇਰਾਨ ਨੇ ਆਪਣੇ ਅੰਡਰਗਰਾਊਂਡ ਮਿਜ਼ਾਈਲ ਯੂਨਿਟ ਨੂੰ ਵੀ ਸਰਗਰਮ ਰਹਿਣ ਦੇ ਹੁਕਮ ਦੇ ਦਿੱਤੇ ਹਨ। ਇਹ ਕਿਆਸ ਲਾਏ ਜਾ ਰਹੇ ਹਨ ਕਿ ਜੇ ਕਿਸੇ ਹੋਰ ਦੇਸ਼ ਨੇ ਦਖਲਅੰਦਾਜ਼ੀ ਕੀਤੀ ਤਾਂ ਇਰਾਨ ਇਨ੍ਹਾਂ ਮਿਜ਼ਾਇਲਾਂ ਦੀ ਵਰਤੋਂ ਕਰ ਸਕਦਾ ਹੈ। ਇਕ ਮੈਗਜ਼ੀਨ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਰਾਨ ਦੀ ਰਾਜਧਾਨੀ ਵਿਚ ਹੀ ਦੋ ਸੌ ਤੋਂ ਜ਼ਿਆਦਾ ਜਣਿਆਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਮੌਤਾਂ ਗੋਲੀ ਲੱਗਣ ਨਾਲ ਹੋਈਆਂ ਹਨ।
