Oct 4, 2026

??????????

ਟਰੰਪ ਕੈਨੇਡਾ-ਚੀਨ ਸਮਝੌਤੇ ਤੇ  ਨਰਮ ਪਏ-

ਬੀਜਿੰਗ ( ਏਜੰਸੀਆਂ)-ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ  ਚੀਨ ਦੌਰੇ ਦੌਰਾਨ ਕੀਤੇ ਗਏ ਇੱਕ ਸਮਝੌਤਾ ਤਹਿਤ ਘੱਟ ਟੈਰਿਫ ਦਰ ‘ਤੇ ਲਗਭਗ 50,000 ਚੀਨੀ-ਬਣੇ ਇਲੈਕਟ੍ਰਿਕ ਵਾਹਨਾਂ ਨੂੰ ਕੈਨੇਡਾ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਦਲੇ ਵਿੱਚ ਚੀਨ ਵੱਲੋਂ ਕੈਨੋਲਾ ‘ਤੇ ਟੈਕਸਾਂ ਵਿੱਚ ਵੱਡੀ ਕਟੌਤੀ ਅਤੇ ਹੋਰ ਕਈ ਉਤਪਾਦਾਂ ‘ਤੇ ਆਪਣੇ ਟੈਰਿਫਾਂ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਹੈ। ਕੈਨੇਡਾ ਨਾਲ ਇਹ ਸਮਝੌਤਾ ਅਮਰੀਕਾ ਅਤੇ ਚੀਨ ਵਿਚਾਲੇ ਇਕ ਵਪਾਰ ਯੁੱਧ ਦੌਰਾਨ ਸਾਹਮਣੇ ਆਇਆ ਹੈ ਜਿਸਦਾ ਰਾਸ਼ਟਰਪਤੀ ਟਰੰਪ ਵਿਰੋਧ ਕਰਦੇ ਆ ਰਹੇ ਹਨ। ਸਮਝਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆਵਾਦੀ ਟੈਰਿਫਾਂ ਕਾਰਨ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਲਈ ਵੱਡੇ ਵਿਦੇਸ਼ੀ ਨਿਰਯਾਤ ਬਾਜ਼ਾਰਾਂ ਅਤੇ ਨਵੇਂ ਵਿਦੇਸ਼ੀ ਨਿਵੇਸ਼ਕ ਭਾਈਵਾਲਾਂ ਦੀ ਤਲਾਸ਼ ਵਜੋਂ ਅੱਗੇ ਵਧ ਰਹੇ ਹਨ।
ਇਸ ਦੇ ਨਾਲ ਚੀਨ ਨਾਲ ਇਹ ਵਪਾਰਕ ਸਮਝੌਤਾ ਇਸ ਸੰਭਾਵਨਾ ਨੂੰ ਵਧਾਉਂਦਾ ਹੈ ਕਿ ਕੈਨੇਡਾ ਆਪਣੇ ਆਪ ਨੂੰ ਰਾਸ਼ਟਰਪਤੀ ਟਰੰਪ ਦੇ ਸਖ਼ਤ-ਚੀਨ-ਏਜੰਡੇ ਤੋਂ ਦੂਰ ਰੱਖਣ ਦਾ ਯਤਨ ਕਰ ਰਿਹਾ ਹੈ, ਜਿਸਦੀ ਕਿ ਰਾਸ਼ਟਰਪਤੀ ਆਪਣੇ ਸਹਿਯੋਗੀਆਂ ਤੋਂ ਪਾਲਣ ਦੀ ਉਮੀਦ ਕਰਦੇ ਹਨ। ਇਥੇ ਇਹ ਵੀ ਹੈ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕੈਨੇਡਾ ਦੇ ਚੀਨ ਨਾਲ ਵਪਾਰਕ ਸਬੰਧ ਵਧਾਉਣ ਦੀ ਆਲੋਚਨਾ ਕੀਤੀ ਸੀ ਪਰ ਹੁਣ ਉਹਨਾਂ ਨੇ ਨਰਮ ਪੈਂਦਿਆਂ ਕਿਹਾ ਹੈ ਕਿ ਕੈਨੇਡਾ ਇਹ ਸਮਝੌਤਾ ਕਰ ਸਕਦਾ ਹੈ। ਟਰੰਪ ਨੇ ਵਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ  ਇਹ ਉਸਦੇ ਲਈ ਇੱਕ ਚੰਗੀ ਗੱਲ ਹੈ ।

ਰਾਸ਼ਟਰਪਤੀ ਦੀਆਂ ਟਿੱਪਣੀਆਂ ਤੋਂ ਪਹਿਲਾਂ, ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਕਿਹਾ ਸੀ ਕਿ ਕੈਨੇਡੀਅਨ ਸਰਕਾਰ ਦਾ ਘੱਟ ਟੈਰਿਫ ਦਰ ‘ਤੇ ਚੀਨੀ ਇਲੈਕਟ੍ਰਿਕ ਵਾਹਨਾਂ ਦੀ ਆਗਿਆ ਦੇਣ ਦਾ ਫੈਸਲਾ “ਸਮੱਸਿਆ ਵਾਲਾ” ਹੈ ਅਤੇ ਕੈਨੇਡਾ ਨੂੰ ਇਸ ਫੈਸਲੇ ‘ਤੇ ਪਛਤਾਵਾ ਹੋ ਸਕਦਾ ਹੈ।

ਕਾਰਨੀ ਨੇ ਪ੍ਰਧਾਨ ਮੰਤਰੀ ਵਜੋਂ ਚੀਨ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕਈ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਸ ਸੌਦੇ ਦਾ ਐਲਾਨ ਕੀਤਾ ਹੈ।

ਚੀਨ ਦੇ ਵਣਜ ਮੰਤਰਾਲੇ ਨੇ ਬਾਅਦ ਵਿੱਚ ਔਨਲਾਈਨ ਬਿਆਨ ਪੋਸਟ ਕੀਤੇ ਹਨ ਜਿਹਨਾਂ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਇਲੈਕਟ੍ਰਿਕ ਵਾਹਨਾਂ, ਊਰਜਾ ਅਤੇ ਖੇਤੀਬਾੜੀ ਵਰਗੇ ਵਿਸ਼ਾਲ ਖੇਤਰਾਂ ਵਿੱਚ ਇਕੱਠੇ ਕੰਮ ਕਰਨ ਲਈ ਸਹਿਮਤ ਹੋਏ ਹਨ, ਜਿਸ ਨਾਲ ਆਰਥਿਕ ਅਤੇ ਵਪਾਰਕ ਸਹਿਯੋਗ ਵਿਕਾਸ ਦੇ ਤੇਜ਼ ਰਸਤੇ ਵਿੱਚ ਦਾਖਲ ਹੋਣ ਦੀ ਉਮੀਦ ਹੈ।

ਕੈਨੇਡਾ ਵਲੋਂ ਟੈਰਿਫ ਰਿਆਇਤ ਤਹਿਤ 1 ਮਾਰਚ ਤੋਂ ਚੀਨੀ ਈਵੀ ‘ਤੇ ਟੈਕਸ 100 ਪ੍ਰਤੀਸ਼ਤ ਤੋਂ ਘਟਾ ਕੇ 6.1 ਪ੍ਰਤੀਸ਼ਤ ਕਰ ਦਿੱਤਾ ਜਾਵੇਗਾ। ਇਹ ਹਰ ਸਾਲ ਆਯਾਤ ਕੀਤੇ ਜਾਣ ਵਾਲੇ ਪਹਿਲੇ 49,000 ਵਾਹਨਾਂ ‘ਤੇ ਲਾਗੂ ਹੋਵੇਗਾ।  ਬਦਲੇ ਵਿੱਚ, ਚੀਨ, 1 ਮਾਰਚ ਤੱਕ  ਕੈਨੋਲਾ ਬੀਜ ‘ਤੇ ਟੈਰਿਫ ਦੀ ਮੌਜੂਦਾ ਦਰ 84 ਪ੍ਰਤੀਸ਼ਤ ਤੋਂ ਘਟਾਕੇ ਲਗਭਗ 15 ਪ੍ਰਤੀਸ਼ਤ ਤੱਕ ਕਰ ਦੇਵੇਗਾ।ਬੀਜਿੰਗ   “ਘੱਟੋ ਘੱਟ ਇਸ ਸਾਲ ਦੇ ਅੰਤ ਤੱਕ” ਕੈਨੇਡੀਅਨ ਕੈਨੋਲਾ ਮੀਲ, ਝੀਂਗਾ, ਕੇਕੜੇ ਅਤੇ ਮਟਰ ‘ਤੇ ਟੈਰਿਫ ਹਟਾਉਣ ਲਈ ਵੀ ਵਚਨਬੱਧ  ਹੈ।

ਓਟਾਵਾ ਨੇ 2024 ਵਿੱਚ ਚੀਨੀ-ਨਿਰਮਿਤ ਈਵੀਜ਼ ‘ਤੇ 100 ਪ੍ਰਤੀਸ਼ਤ ਟੈਰਿਫ ਲਗਾਏ ਸਨ ਅਤੇ ਬੀਜਿੰਗ ਨੇ ਬਾਅਦ ਵਿੱਚ ਸਮੁੰਦਰੀ ਭੋਜਨ ਅਤੇ ਖੇਤੀਬਾੜੀ ਉਤਪਾਦਾਂ ‘ਤੇ ਜਵਾਬੀ ਟੈਕਸਾਂ ਨਾਲ ਜਵਾਬ ਦਿੱਤਾ ਸੀ। ਪ੍ਧਾਨ ਮੰਤਰੀ ਕਾਰਨੀ ਨੇ ਬੀਜਿੰਗ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਚੀਨ ਨਾਲ ਸਬੰਧ ਹਾਲ ਹੀ ਵਿੱਚ ਅਮਰੀਕਾ ਨਾਲ ਸਬੰਧਾਂ ਨਾਲੋਂ ਵਧੇਰੇ ਅਨੁਮਾਨਯੋਗ ਰਹੇ ਹਨ ਅਤੇ “ਉਸ ਤੋਂ ਆਉਣ ਵਾਲੇ ਚੰਗੇ ਨਤੀਜੇ” ਦਿਖਾਈ ਦੇ ਰਹੇ ਹਨ।

 

error: Content is protected !!