ਸੁਖਵਿੰਦਰ ਸਿੰਘ ਚੋਹਲਾ —
ਪਿਛਲੇ ਦਿਨੀਂ ਮੁਕਤਸਰ ਦੇ ਮਾਘੀ ਮੇਲੇ ਤੇ ਆਮ ਆਦਮੀ ਪਾਰਟੀ ਦੀ ਸਿਆਸੀ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ‘ਲਾਪਤਾ’ ਪਾਵਨ ਸਰੂਪਾਂ ਦੇ ਸਬੰਧ ਵਿਚ ਬੰਗਾ ਨੇੜੇ ਇਕ ਡੇਰੇ ਚੋਂ 169 ਸਰੂਪਾਂ ਦੇ ਲੱਭ ਜਾਣ ਦੀ ਦਿੱਤੀ ਗਈ ਜਾਣਕਾਰੀ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾਉਣ ਵਾਲੀ ਸੀ। ਉਹਨਾਂ ਆਪਣੇ ਭਾਸ਼ਨ ਦੌਰਾਨ ਆਪਣੇ ਮੋਬਾਈਲ ‘ਤੇ ਆਏ ਇਕ ਸੁਨੇਹੇ ਨੂੰ ਪੜਦਿਆਂ ਇਕੱਠ ਨੂੰ ਦੱਸਿਆ ਕਿ ਸਰਕਾਰ ਵਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਇਕ ਮੈਂਬਰ ਵਲੋਂ ਉਹਨਾਂ ਨੂੰ ਹੁਣੇ ਇਹ ਮੈਸਜ ਭੇਜਿਆ ਹੈ। ਉਹਨਾਂ ਸ੍ਰੀ ਗੁਰੂ ਗਰੰਥ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਵਿਖਿਆਨ ਕਰਦਿਆਂ ਕਿਹਾ ਕਿ ਸੰਗਤਾਂ ਲਈ ਇਹ ਤਸੱਲੀ ਤੇ ਖੁਸ਼ੀ ਵਾਲੀ ਖਬਰ ਹੈ ਕਿ ਅਸੀਂ ਲਾਪਤਾ ਸਰੂਪਾਂ ਬਾਰੇ ਕੋਈ ਸੁਰਾਗ ਲਗਾਉਣ ਵਿਚ ਸਫਲ ਹੋਏ ਹਾਂ ਤੇ ਇਹ ਸਫਲਤਾ ਕੋਈ ਪ੍ਰਾਪਤੀ ਨਹੀ ਬਲਕਿ ਗੂਰੂ ਸਾਹਿਬ ਪ੍ਰਤੀ ਉਹਨਾਂ ਦਾ ਫਰਜ਼ ਹੈ। ਉਹਨਾਂ ਲੋਕਾਂ ਨਾਲ ਇਹ ਖਬਰ ਵੀ ਸਾਂਝੀ ਕੀਤੀ ਕਿ ਇਹ ਸਰੂਪ ਬੰਗਾ ਨੇੜੇ ਇਕ ਡੇਰੇ ਚੋਂ ਮਿਲੇ ਹਨ ਤੇ ਮਿਲੇ ਵੀ ਡੇਰੇ ਦੇ ਰਸੋਈ ਘਰ ਚੋ ਹਨ। ਸਰਕਾਰ ਇਹਨਾਂ ਸਰੂਪਾਂ ਸਬੰਧੀ ਸ੍ਰੋਮਣੀ ਕਮੇਟੀ ਨਾਲ ਗੱਲ ਕਰੇਗੀ ਤੇ ਇਹਨਾਂ ਨੂੰ ਸਤਿਕਾਰ ਸਹਿਤ ਕਿਸੇ ਉਚਿਤ ਥਾਂ ਤੇ ਪਹੁੰਚਾਉਣ ਦਾ ਪ੍ਰਬੰਧ ਵੀ ਕਰੇਗੀ। ਉਹਨਾਂ ਇਹ ਐਲਾਨ ਵੀ ਕੀਤਾ ਕਿ ਹੁਣ ਤੱਕ ਚਰਚਾ ਵਿਚ ਆਏ 328 ਸਰੂਪਾਂ ਦੇ ਲਾਪਤਾ ਹੋਣ ਦੀ ਕਹਾਣੀ ਦਾ ਪੂਰਾ ਸੱਚ ਵੀ ਉਹ ਸੰਗਤਾਂ ਸਾਹਮਣੇ ਲੈਕੇ ਆਉਣਗੇ। ਮੁੱਖ ਮੰਤਰੀ ਦੇ ਇਸ ਬਿਆਨ ਨਾਲ ਜਿਥੇ ਆਮ ਆਦਮੀ ਪਾਰਟੀ ਦਾ ਇਕੱਠ ਜਿੱਤ ਦੇ ਜੈਕਾਰਿਆਂ ਨਾਲ ਗੂੰਜ ਉਠਿਆ ਉਥੇ ਇਸ ਖਬਰ ਨੂੰ ਸੋਸ਼ਲ ਮੀਡੀਆ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਵੇਖਣ ਸੁਣਨ ਵਾਲੇ ਵੀ ਚੌਂਕ ਉਠੇ। ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਰੰਗ ਫਿੱਕੇ ਪੈਂਦੇ ਦਿਖਾਈ ਦਿੱਤੇ। ਮੁੱਖ ਮੰਤਰੀ ਦੇ ਮੂੰਹੋ ਲਾਪਤਾ ਸਰੂਪਾਂ ਦੇ ਲੱਭਣ ਅਤੇ ਸਰੂਪਾਂ ਦੇ ਇਕ ਰਸੋਈ ਘਰ ਵਿਚ ਪਏ ਹੋਣ ਦੀ ਖਬਰ ਨੇ ਲੋਕ ਮਨਾਂ ਨੂੰ ਇਹ ਚਿਤਵਦਿਆਂ ਪ੍ਰੇਸ਼ਾਨ ਕੀਤਾ ਕਿ ਸਚਮੁੱਚ ਇਹ ਪਵਿੱਤਰ ਸਰੂਪ ਕਿਸ ਤਰਸਯੋਗ ਹਾਲਤ ਵਿਚ ਪਏ ਹੋਣਗੇ, ਜਿਹਨਾਂ ਦਾ ਮਾਨ ਸਰਕਾਰ ਨੇ ਪਤਾ ਲਗਾਕੇ ਵੱਡੇ ਪੁੰਨ ਦਾ ਕੰਮ ਕੀਤਾ ਹੈ।
ਮਾਘੀ ਦੀ ਕਾਨਫਰੰਸ ਤੋਂ ਅਗਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਸ੍ਰੀ ਅਕਾਲ ਤਖਤ ਸਕੱਤਰੇਤ ਵਿਖੇ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ੀ ਸੀ।ਉਹਨਾਂ ਵਲੋਂ ਲਾਪਤਾ ਸਰੂਪਾਂ ਨੂੰ ਲੱਭੇ ਜਾਣ ਦੇ ਬਿਆਨ ਤੋਂ ਇਵੇਂ ਲੱਗਾ ਕਿ ਉਹਨਾਂ ਨੇ ਪੂਰੀ ਸ੍ਰੋਮਣੀ ਕਮੇਟੀ ਤੇ ਅਕਾਲ ਤਖਤ ਸਕੱਤਰੇਤ ਤੇ ਤਲਬ ਕਰਨ ਵਾਲਿਆਂ ਨੂੰ ਵੀ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ। ਸਰਕਾਰੀ ਮੀਡੀਆ ਮੁੱਖ ਮੰਤਰੀ ਅਤੇ ਸਿਟ ਦੀ ਇਸ ਕਾਮਯਾਬੀ ਨੂੰ ਆਪ ਸਰਕਾਰ ਦੀ ਇਤਿਹਾਸਕ ਪ੍ਰਾਪਤੀ ਦੱਸਣ ਲੱਗਾ। ਕਿਹਾ ਗਿਆ ਕਿ ਲਾਪਤਾ ਹੋਏ ਸਰੂਪਾਂ ’ਚੋਂ 169 ਸਰੂਪ ਮਿਲਣ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਤੌਰ ’ਤੇ ਮਜ਼ਬੂਤੀ ਮਿਲੀ ਹੈ। ਇਹ ਵੀ ਪ੍ਰਚਾਰਿਆ ਜਾਣ ਲੱਗਾ ਹੈ ਕਿ ਸਿਟ ਨੂੰ ਕੁਝ ਹੋਰ ਧਾਰਮਿਕ ਡੇਰਿਆਂ ਵਿੱਚ ਵੱਡੀ ਗਿਣਤੀ ਵਿੱਚ ਸਰੂਪ ਮੌਜੂਦ ਹੋਣ ਦੇ ਸੁਰਾਗ ਮਿਲੇ ਹਨ, ਜਿਨ੍ਹਾਂ ਵਿੱਚ ਬੰਗਾ ਤੋਂ ਇਲਾਵਾ ਬੁਢਲਾਡਾ ਦੇ ਬੱਛੋਆਣਾ ਅਤੇ ਗਿਦੜਬਾਹਾ ਦੇ ਹੁਸਨਰ ਦੇ ਡੇਰੇ ਸ਼ਾਮਲ ਹਨ। ਸਰਕਾਰੀ ਤੰਤਰ ਵਲੋਂ ਮੁੱਖ ਮੰਤਰੀ ਮਾਨ ਅਤੇ ਉਹਨਾਂ ਦੀ ਸਰਕਾਰ ਦੁਆਰਾ ਨਾਮਜ਼ਦ ਸਿਟ ਵਲੋਂ ਇਕ ਡੇਰੇ ਚੋ 169 ਲਾਪਤਾ ਸਰੂਪਾਂ ਨੂੰ ਲੱਭੇ ਜਾਣ ਦੀ ਖਬਰ ਨੂੰ ਵੱਡੀ ਪ੍ਰਾਪਤੀ ਵਜੋਂ ਦਰਸਾਉਣ ਅਤੇ ਮੁੱਖ ਮੰਤਰੀ ਦੇ ਸਿੰਘ ਸਾਹਿਬਾਨ ਅੱਗੇ ਪੂਰੇ ਜਲੌਅ ਨਾਲ ਪੇਸ਼ ਹੋਣ ਦੇ ਢੰਗ ਤਰੀਕੇ ਹੀ ਸੁਝਾਏ ਜਾ ਰਹੇ ਸਨ ਕਿ ਬੰਗਾ ਨੇੜੇ ਜਿਸ ਡੇਰੇ ਚੋਂ ਲਾਪਤਾ ਸਰੂਪ ਮਿਲਣ ਦਾ ਦਾਅਵਾ ਕੀਤਾ ਗਿਆ, ਉਸ ਧਾਰਮਿਕ ਸਥਾਨ ਦੇ ਪ੍ਰਬੰਧਕਾਂ ਨੇ ਇਕ ਪ੍ਰੈਸ ਕਾਨਫਰੰਸ ਬੁਲਾਕੇ ਮੁੱਖ ਮੰਤਰੀ ਦੇ ਬਿਆਨ ਨੂੰ ਝੂਠਾ ਤੇ ਬੇਬੁਨਿਆਦ ਕਰਾਰ ਦਿੰਦਿਆਂ ਮਰਿਆਦਾ ਦੀ ਉਲੰਘਣਾ ਦੇ ਮੁੱਦੇ ਤੇ ਸਰਕਾਰ ਤੇ ਸਿਟ ਨੂੰ ਚੁਣੌਤੀ ਦਿੱਤੀ। ਪ੍ਰਬੰਧਕਾਂ ਨੇ ਮੁੱਖ ਮੰਤਰੀ ਦੇ ਬਿਆਨ ਦਾ ਸਭ ਤੋਂ ਪਹਿਲਾ ਝੂਠ ਤਾਂ ਇਹ ਦੱਸਿਆ ਹੈ ਕਿ ਜਿਸ ਸਥਾਨ ਤੋਂ ਲਾਪਤਾ ਸਰੂਪ ਮਿਲਣ ਦਾ ਦਾਅਵਾ ਕੀਤਾ ਗਿਆ,ਉਹ ਕੋਈ ਡੇਰਾ ਨਹੀ ਬਲਕਿ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਸਥਾਨ ਹੈ। ਦੁਆਬੇ ਦੀਆਂ ਸੰਗਤਾਂ ਵਿਚ ਅਥਾਹ ਸ਼ਰਧਾ ਵਾਲੇ ਇਸ ਸਥਾਨ ਉਪਰ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ਇਲਾਕੇ ਦੀਆਂ ਸੰਗਤਾਂ ਦੀ ਸ਼ਰਧਾ ਅਤੇ ਮੰਨਤਾਂ ਦੇ ਪੂਰੇ ਹੋਣ ਤੇ ਗੁਰੂ ਸਾਹਿਬ ਪ੍ਰਤੀ ਸ਼ੁਕਰਾਨੇ ਵਜੋਂ ਸੈਂਕੜੇ ਆਖੰਡ ਪਾਠਾਂ ਦੀ ਚਲਦੀ ਹੈ। ਅਜਿਹੇ ਪਾਠਾਂ ਦੀ ਲੜੀ ਇਕੱਲੇ ਇਸ ਅਸਥਾਨ ਉਪਰ ਹੀ ਨਹੀ ਬਲਕਿ ਇਸ ਧਾਰਮਿਕ ਸਥਾਨ ਨਾਲ ਸਬੰਧਿਤ 10 ਹੋਰ ਸਥਾਨਾਂ ਉਪਰ ਵੀ ਚਲਦੀ ਹੈ। ਪ੍ਰਬੰਧਕਾਂ ਨੇ ਮੁੱਖ ਮੰਤਰੀ ਦੇ ਬਿਆਨ ਦਾ ਦੂਸਰਾ ਵੱਡਾ ਝੂਠ ਇਸ ਦਾਅਵੇ ਨੂੰ ਦੱਸਿਆ ਕਿ ਲਾਪਤਾ ਸਰੂਪ ਇਕ ਰਸੋਈ ਘਰ ਵਿਚ ਰੱਖੇ ਮਿਲੇ ਹਨ। ਪੁਲਿਸ ਰਿਪੋਰਟ ਵਿਚ ਇਸ ਥਾਂ ਨੂੰ ਰਸੋਈ ਲਿਖਿਆ ਗਿਆ ਜਦੋਂਕਿ ਸੱਚਾਈ ਇਹ ਹੈ ਇਸ ਸਥਾਨ ਨੂੰ ਰਸੋਖਾਨਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਥੇ ਗੁਰੂ ਸਾਹਿਬ ਦੇ ਸਰੂਪ ਰੱਖਣਲਈ ਬਾਕਾਇਦਾ ਸੱਚਖੰਡ ਬਣਾਇਆ ਗਿਆ ਹੈ। ਪ੍ਰਬੰਧਕਾਂ ਨੇ ਸਰੂਪਾਂ ਲਾਪਤਾ ਹੋਣ ਦੇ ਦਾਅਵੇ ਨੂੰ ਵੀ ਖਾਰਜ ਕਰਦਿਆਂ ਦੱਸਿਆ ਕਿ ਉਹਨਾਂ ਪਾਸ ਮੌਜੂਦ ਸਰੂਪਾਂ ਦਾ ਪੂਰਾ ਰਿਕਾਰਡ ਹੈ। ਉਹਨਾਂ ਨੇ ਜਾਂਚ ਲਈ ਆਈ ਸਿਟ ਦੀ ਟੀਮ ਨੂੰ ਇਹ ਸਾਰਾ ਰਿਕਾਰਡ ਮੁਹੱਈਆ ਕਰਵਾਇਆ ਸੀ। ਜਾਂਚ ਟੀਮ ਨੇ ਇਸ ਰਿਕਾਰਡ ਪ੍ਰਤੀ ਪੂਰੀ ਤਸੱਲੀ ਪ੍ਰਗਟ ਕੀਤੀ ਸੀ ਪਰ ਬਾਦ ਵਿਚ ਪਤਾ ਨਹੀ ਕਿਵੇਂ ਰਿਕਾਰਡ ਮਿਲਣ ਦੀ ਗੱਲ ਛੁਪਾ ਲਈ ਗਈ। ਮੁੱਖ ਪ੍ਰਬੰਧਕ ਮੁਤਾਬਿਕ ਪੂਰੇ ਚਾਰ ਦਿਨ ਸਿਟ ਦੇ ਮੈਂਬਰਾਂ ਨੇ ਜਾਂਚ ਕੀਤੀ ਤੇ ਉਹਨਾਂ ਨੇ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ। ਜਾਂਚ ਟੀਮ ਨੇ ਉਹਨਾਂ ਵਲੋਂ ਮੁਹੱਈਆ ਕਰਵਾਏ ਰਿਕਾਰਡ ਉਪਰ ਤਸੱਲੀ ਵੀ ਪ੍ਰਗਟਾਈ ਪਰ ਨਹੀਂ ਪਤਾ ਕਿ ਸਿਟ ਨੇ ਮੁੱਖ ਮੰਤਰੀ ਨੂੰ ਗਲਤ ਤੱਥ ਪੇਸ਼ ਕੀਤੇ ਸਨ ਜਾਂ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਨੇ ਖੁਦ ਕੋਈ ਸਿਆਸੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਮੁੱਖ ਮੰਤਰੀ ਦੀ ਬਿਆਨਬਾਜੀ ਨੂੰ ਗੁਮਰਾਹਕੁੰਨ ਦੱਸਦਿਆਂ ਖਦਸ਼ਾ ਪ੍ਰਗਟਾਇਆ ਕਿ ਇਹ ਬਿਆਨਬਾਜੀ ਇਕ ਧਾਰਮਿਕ ਸਥਾਨ ਲਈ ਵੱਡਾ ਖਤਰਾ ਵੀ ਬਣ ਸਕਦੀ ਸੀ। ਹੋ ਸਕਦਾ ਸੀ ਕੋਈ ਸਿੱਖ ਸੰਸਥਾ ਜਾਂ ਕਿਸੇ ਜਥੇਬੰਦੀ ਦੇ ਲੋਕ ਇਕ ਪਾਸੜ ਗੱਲ ਸੁਣਕੇ, ਰਾਜਾ ਸਾਹਿਬ ਦੇ ਅਸਥਾਨ ਦੇ ਪ੍ਰਬੰਧ ਉਪਰ ਕਿੰਤੂ ਉਠਾਉਂਦੇ ਹੋਏ ਹਿੰਸਾ ਤੇ ਉਤਾਰੂ ਹੋ ਜਾਂਦੇ ..ਤਾਂ ਸੋਚਿਆ ਜਾ ਸਕਦਾ ਹੈ ਕਿ ਅਜਿਹੀ ਸਥਿਤੀ ਵਿਚ ਕੀ ਹਾਲਾਤ ਬਣਦੇ…। ਉਹਨਾਂ ਮੁੱਖ ਮੰਤਰੀ ਦੀ ਬਿਆਨਬਾਜ਼ੀ ਨੂੰ ਸਿਆਸਤ ਤੋਂ ਪ੍ਰੇਰਿਤ ਤੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਵੱਡੀ ਸਾਜਿਸ਼ ਦੇ ਦੋਸ਼ ਲਗਾਏ ਹਨ।
ਜਿਕਰਯੋਗ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਦਾ ਕੰਮ ਬਹੁਤ ਹੀ ਸਲੀਕੇ ਅਤੇ ਮਰਿਆਦਾਪੂਰਵਕ ਕੀਤਾ ਜਾਂਦਾ ਹੈ। ਸਰੂਪਾਂ ਦੀ ਛਪਾਈ ਉਪਰੰਤ ਸੰਗਤਾਂ ਨੂੰ ਸੌਂਪੇ ਜਾਣ ਦੀ ਪ੍ਰਕਿਰਿਆ ਨੂੰ ਵੀ ਵਿਧੀਵਤ ਤੇ ਜਿੰਮੇਵਾਰੀ ਨਾਲ ਨਿਭਾਇਆ ਜਾਂਦਾ ਹੈ। ਇਸ ਛਪਾਈ ਵਾਲੇ ਸਥਾਨ ਤੋਂ ਕੁਝ ਸਰੂਪਾਂ ਦੇ ਰਿਕਾਰਡ ਵਿਚ ਮੌਜੂਦ ਨਾ ਹੋਣ ਅਤੇ ਭੇਟਾ ਵਿਚ ਘਪਲੇਬਾਜੀ ਦਾ ਮੁੱਦਾ ਸਾਹਮਣੇ ਆਉਣ ਤੇ ਮਈ 2020 ਵਿਚ ਪਹਿਲੀ ਵਾਰ ਇਹ ਪਤਾ ਲੱਗਾ ਕਿ ਕੁਝ ਸਰੂਪਾਂ ਦੇ ਲੈਣ ਦੇਣ ਵਿਚ ਹੇਰਾਫੇਰੀ ਹੋਈ ਹੈ। ਲਗਪਗ 267 ਅਜਿਹੇ ਸਰੂਪਾਂ ਦਾ ਪਤਾ ਲੱਗਾ ਜਿਹਨਾਂ ਨੂੰ ਪ੍ਰਾਪਤ ਕਰਨ ਵਾਲਿਆਂ ਦਾ ਕਿਸੇ ਰਜਿਸਟਰ ਵਿਚ ਕੋਈ ਨਾਮ ਦਰਜ ਨਹੀ ਸੀ। ਕਮੇਟੀ ਵਲੋਂ ਪੜਤਾਲ ਦੌਰਾਨ ਫਿਰ ਇਹ ਗਿਣਤੀ 328 ਤੱਕ ਪੁੱਜ ਗਈ। ਸ੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਦੀ ਪੜਤਾਲ ਦੌਰਾਨ ਲਗਪਗ 16 ਮੁਲਾਜ਼ਮ ਦੋਸ਼ੀ ਪਾਏ ਗਏ ਜਿਹਨਾਂ ਖਿਲਾਫ ਵਿਭਾਗੀ ਕਾਰਵਾਈ ਕੀਤੀ ਗਈ ਤੇ ਇਹਨਾਂ ਮੁਲਜ਼ਮਾਂ ਖਿਲਾਫ ਕਮੇਟੀ ਵਲੋਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਾ ਕਰਵਾਉਣ ਦਾ ਫੈਸਲਾ ਲਿਆ ਗਿਆ। ਸ੍ਰੋਮਣੀ ਕਮੇਟੀ ਵਲੋਂ ਦੋਸ਼ੀਆਂ ਖਿਲਾਫ ਵਿਭਾਗੀ ਕਾਰਵਾਈ ਅਤੇ ਕੁਝ ਇਕ ਮੁਲਜ਼ਮਾਂ ਵਿਸ਼ੇਸ਼ ਕਰਕੇ ਸਾਬਕਾ ਸਕੱਤਰ ਨੂੰ ਪੂਰੇ ਪੈਨਸ਼ਨ ਲਾਭ ਦੇਕੇ ਮਨਇੱਛਤ ਸੇਵਾ ਮੁਕਤੀ ਦੇ ਲਾਭ ਦੇਣ ਅਤੇ ਬਾਦਲ ਪਰਿਵਾਰ ਦੇ ਇਕ ਨੇੜਲੇ ਸੀਏ ਨੂੰ ਬਚਾਉਣ ਦੇ ਮੁੱਦੇ ਤੇ ਪੱਖਪਾਤ ਕੀਤੇ ਜਾਣ ਦੇ ਦੋਸ਼ ਸਾਹਮਣੇ ਆਏ। ਸ੍ਰੋਮਣੀ ਕਮੇਟੀ ਉਪਰ ਕਾਬਜ਼ ਅਕਾਲੀ ਦਲ ਦੇ ਬਾਦਲ ਧੜੇ ਦੇ ਵਿਰੋਧੀ ਧੜਿਆਂ ਦੇ ਆਗੂਆਂ ਨੇ ਇਸ ਮਾਮਲੇ ਨੂੰ ਲਗਾਤਾਰ ਭਖਾਈ ਰੱਖਿਆ। ਹੁਣ ਜਦੋਂ ਸ੍ਰੋਮਣੀ ਕਮੇਟੀ ਪ੍ਰਧਾਨ ਨੇ ਸਰਕਾਰ ਵਲੋਂ ਇਸ ਮਾਮਲੇ ਵਿਚ ਦਖਲ ਨੂੰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲ ਦਾ ਰੌਲਾ ਪਾਇਆ ਤਾਂ ਸਰਕਾਰ ਨੇ ਇਸ ਮੁੱਦੇ ਤੇ ਸੈਂਕੜੇ ਸ਼ਿਕਾਇਤਾਂ ਮਿਲਣ ਦੇ ਬਹਾਨੇ ਤਹਿਤ ਇਸ ਮਾਮਲੇ ਤੇ ਐਫ ਆਈ ਆਰ ਦਰਜ ਕਰਕੇ ਵਿਸਥਾਰਤ ਜਾਂਚ ਲਈ ਸਿਟ ਬਣਾਉਣ ਦਾ ਐਲਾਨ ਕਰ ਦਿੱਤਾ। ਭਗਵੰਤ ਮਾਨ ਸਰਕਾਰ ਦਾ ਇਹ ਦਾਅਵਾ ਸੀ ਕਿ ਉਹ ਸੰਗਤਾਂ ਦੀ ਇੱਛਾ ਮੁਤਾਬਿਕ ਅਸਲੀਅਤ ਨੂੰ ਸੰਗਤਾਂ ਦੇ ਸਾਹਮਣੇ ਲਿਆਉਣਾ ਚਾਹੁੰਦੇ ਹਨ। ਸਿਟ ਵਲੋਂ ਆਪਣੀ ਜਾਂਚ ਵਿਚ ਦੁਆਬਾ ਖੇਤਰ ਦੇ ਇਕ ਵੱਡੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਉਣ ਅਤੇ ਮੁਖ ਮੰਤਰੀ ਵਲੋਂ ਵਿਰੋਧੀਆਂ ਨੂੰ ਸਿਆਸੀ ਭਾਂਜ ਦੇਣ ਦੀ ਹੋੜ ਤਹਿਤ ਅੱਖਾਂ ਮੀਟੀ ਜਾਂਚ ਟੀਮ ਦੀ ਸਿਫਾਰਸ਼ ਉਪਰ ਯਕੀਨ ਕਰ ਲੈਣ ਤੇ ਬਿਆਨਬਾਜੀ ਨੇ ਸਰਕਾਰ ਨੂੰ ਕਸੂਤੀ ਸਥਿਤੀ ਵਿਚ ਫਸਾ ਦਿੱਤਾ ਹੈ। ਸੰਗਤਾਂ ਦੀ ਵਾਹ-ਵਾਹ ਖੱਟਣ ਦੀ ਥਾਂ ਦੁਆਬੇ ਦੇ ਇਸ ਵੱਡੇ ਧਾਰਮਿਕ ਸਥਾਨ ਨਾਲ ਜੁੜੀ ਸੰਗਤ ਦੀ ਵੱਡੀ ਨਾਰਾਜ਼ਗੀ ਸਹੇੜ ਲਈ ਹੈ। ਸਪੱਸ਼ਟੀਕਰਣ ਜੋ ਵੀ ਹੋਣ ਪਰ ਸੱਚਾਈ ਇਹ ਹੈ ਕਿ ਇਸ ਸਾਰੇ ਘਟਨਾਕ੍ਰਮ ਨੇ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਦੀ ਮਨਸ਼ਾ ਉਪਰ ਕਈ ਸ਼ੰਕੇ ਖੜੇ ਕਰ ਦਿੱਤੇ ਹਨ।
ਤਾਜ਼ਾ ਖਬਰ ਹੈ ਕਿ ਬਾਦਲ ਪਰਿਵਾਰ ਵਿਰੋਧੀ ਕੁਝ ਆਗੂਆਂ ਵਲੋਂ ਉਕਤ ਧਾਰਮਿਕ ਸਥਾਨ ਨੂੰ ਡੇਰਾਵਾਦ ਦਾ ਇਕ ਹਿੱਸਾ ਦਸਦਿਆਂ ਸ੍ਰੋਮਣੀ ਕਮੇਟੀ ਉਪਰ ਡੇਰਾਵਾਦ ਨੂੰ ਬੜਾਵਾ ਦੇਣ ਦੇ ਦੋਸ਼ ਲਗਾਉਂਦਿਆਂ, ਸਰਕਾਰ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਇਹ ਜਾਣਨ ਦੀ ਵੀ ਲੋੜ ਹੈ ਕਿ ਪੰਜਾਬ ਭਰ ਵਿਚ ਸਥਿਤ ਸੈਂਕੜੇ ਡੇਰਿਆਂ ਅਤੇ ਧਾਰਮਿਕ ਅਸਥਾਨਾਂ ਉਪਰ ਇਕੋਤਰੀ ਸਮਾਗਮਾਂ ਅਤੇ ਅਖੰਡ ਪਾਠਾਂ ਦੀਆਂ ਲੜੀਆਂ ਦੇ ਨਿਰੰਤਰ ਪ੍ਰਵਾਹ ਨੂੰ ਸ਼ਰਧਾ ਤੋਂ ਅਗੇ ਇਕ ਵਪਾਰ ਵਾਂਗ ਚਲਾਉਣ ਵਾਲੇ ਲੋਕ ਕੌਣ ਹਨ ? ਇਸਤੋਂ ਵੀ ਅੱਗੇ ਇਸ ਮੁੱਦੇ ਉਪਰ ਲੋਕ ਭਾਵਨਾਵਾਂ ਨੂੰ ਉਤੇਜਿਤ ਕਰਦਿਆਂ, ਗੁਰੂ ਸਾਹਿਬਾਨ ਦੇ ਸਭ ਤੋਂ ਵੱਡੇ ਸ਼ਰਧਾਲੂ ਹੋਣ ਦਾ ਖੇਖਣ ਕਰਨ ਵਾਲੇ ਸਿਆਸੀ ਆਗੂਆਂ ਤੇ ਉਹਨਾਂ ਦੀ ਰਾਜਨੀਤਕ ਖੇਡ ਨੂੰ ਸਮਝਣਾ ਵੀ ਸਮੇਂ ਦੀ ਲੋੜ ਹੈ…
