ਵੈਨਕੂਵਰ, 17 ਜਨਵਰੀ (ਮਲਕੀਤ ਸਿੰਘ) ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ-ਪੂਰਬੀ ਖੇਤਰ ਵਿੱਚ ਸਥਿਤ ਬਲੂਬੈਰੀ ਰਿਵਰ ਫ਼ਰਸਟ ਨੇਸ਼ਨ ਵਿੱਚ ਸ਼ਨੀਚਰਵਾਰ ਤੜਕੇ ਇੱਕ ਸਕੂਲ ਦੀ ਇਮਾਰਤ ਨੂੰ ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਇਮਾਰਤ ਬੁਰੀ ਤਰ੍ਹਾਂ ਨੁਕਸਾਨੇ ਜਾਣ ਦੀ ਸੂਚਨਾ ਮਿਲੀ ਹੈ
ਪੁਲਿਸ ਮੁਤਾਬਕ ਅੱਗ ਲੱਗਣ ਦੀ ਸੂਚਨਾ ਸਵੇਰੇ ਲਗਭਗ 6:30 ਵਜੇ ਮਿਲੀ। ਜਦੋਂ ਪੁਲਿਸ ਅਤੇ ਅੱਗ-ਬੁਝਾਉਂ ਦਲ ਮੌਕੇ ‘ਤੇ ਪਹੁੰਚੇ ਤਾਂ ਸਕੂਲ ਦੀ ਇਮਾਰਤ ਚਾਰੇ ਪਾਸਿਆਂ ਤੋਂ ਲਪਟਾਂ ਵਿੱਚ ਘਿਰੀ ਹੋਈ ਸੀ। ਅੱਗ ਦੀ ਤੀਬਰਤਾ ਦੇ ਕਾਰਨ ਅੰਦਰ ਦਾਖਲ ਹੋ ਕੇ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਬਣ ਗਿਆ।
ਅੱਗ-ਬੁਝਾਉਂ ਟੀਮਾਂ ਨੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ, ਪਰ ਸਕੂਲ ਦੀ ਇਮਾਰਤ ਨੂੰ ਬਚਾਇਆ ਨਹੀਂ ਜਾ ਸਕਿਆ।
ਪੁਲਿਸ ਨੇ ਦੱਸਿਆ ਕਿ ਘਟਨਾ ਸਮੇਂ ਸਕੂਲ ਵਿੱਚ ਕੋਈ ਵਿਦਿਆਰਥੀ ਜਾਂ ਸਟਾਫ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਵੀ ਕਿਸਮ ਦੀ ਜਾਨੀ ਮਾਲੀ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਧਿਕਾਰੀਆਂ ਅਨੁਸਾਰ ਇਹ ਇੱਕ ਵੱਡੀ ਰਾਹਤ ਵਾਲੀ ਗੱਲ ਹੈ ਕਿ ਅੱਗ ਸਵੇਰੇ ਦੇ ਸਮੇਂ ਲੱਗੀ, ਨਹੀਂ ਤਾਂ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਸਨ।
ਅੱਗ ਲੱਗਣ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਅਤੇ ਅੱਗ-ਬੁਝਾਉਂ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅੱਗ ਦੇ ਅਸਲ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਫੋਟੋ ਕੈਪਸ਼ਨ: ਅੱਗ ਨਾਲ ਘਿਰੀ ਸਕੂਲ ਦੀ ਇਮਾਰਤ
