Apr 23, 2026

ਸੀਨੀਅਰ ਆਗੂ ਸੋਹਣ ਸਿੰਘ ਠੰਡਲ ਦੇ  ਰਾਜਸੀ ਸਫਰ ਦਾ ਤਥਮੂਲਕ ਮੁਲਾਂਕਣ-

ਗੁਰਨਾਮ ਸਿੰਘ ਡੌਡ, ਐਡਮਿੰਟਨ-
ਸ਼੍ਰੋਮਣੀ ਅਕਾਲੀ ਦਲ ਵੱਲੋਂ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ ਕੀਤੀਆਂ ਗਈਆਂ ਹਾਲੀਆ ਨਿਯੁਕਤੀਆਂ ਨੂੰ ਸਿਰਫ਼ ਰੁਟੀਨ ਬਦਲਾਅ ਨਹੀਂ ਮੰਨਿਆ ਜਾ ਰਿਹਾ। ਪਾਰਟੀ ਨੇ ਹਰਮਿੰਦਰ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਹੈ—ਇਹ ਅਹੁਦਾ ਆਮ ਤੌਰ ’ਤੇ ਆਉਣ ਵਾਲੀ ਵਿਧਾਨ ਸਭਾ ਚੋਣ ਲਈ ਪਾਰਟੀ ਦੀ ਤਿਆਰੀ ਅਤੇ ਸੰਭਾਵਿਤ ਉਮੀਦਵਾਰੀ ਨਾਲ ਜੋੜਿਆ ਜਾਂਦਾ ਹੈ। ਇਸਦੇ ਨਾਲ ਹੀ, ਪਾਰਟੀ ਦੇ ਸੀਨੀਅਰ ਨੇਤਾ ਅਤੇ ਚਾਰ ਵਾਰ ਵਿਧਾਇਕ ਰਹੇ ਸੋਹਣ ਸਿੰਘ ਠੰਡਲ ਨੂੰ ਪਾਰਟੀ ਦੇ ਜਨਰਲ ਸਕੱਤਰ ਵਜੋਂ ਭੂਮਿਕਾ ਸੌਂਪੀ ਗਈ ਹੈ। ਇਹ ਦੋਵੇਂ ਨਿਯੁਕਤੀਆਂ ਮਿਲ ਕੇ ਚੱਬੇਵਾਲ ਵਿੱਚ ਅਕਾਲੀ ਦਲ ਦੀ ਬਦਲਦੀ ਰਣਨੀਤੀ ਵੱਲ ਸਪੱਸ਼ਟ ਇਸ਼ਾਰਾ ਕਰਦੀਆਂ ਹਨ।

ਪੰਜਾਬ ਦੀ ਸਿਆਸੀ ਰਿਵਾਇਤ ਅਨੁਸਾਰ, ਕਿਸੇ ਹਲਕੇ ਲਈ ਹਲਕਾ ਇੰਚਾਰਜ ਦੀ ਨਿਯੁਕਤੀ ਅਕਸਰ ਚੋਣ ਉਮੀਦਵਾਰ ਵਜੋਂ ਬਦਲਾਅ ਦਾ ਸੰਕੇਤ ਮੰਨੀ ਜਾਂਦੀ ਹੈ। ਜਦਕਿ ਜਨਰਲ ਸਕੱਤਰ ਦਾ ਅਹੁਦਾ ਪਾਰਟੀ ਲਈ ਮਹੱਤਵਪੂਰਨ ਹੁੰਦਾ ਹੈ, ਪਰ ਇਹ ਸਿੱਧੇ ਤੌਰ ’ਤੇ ਕਿਸੇ ਇੱਕ ਹਲਕੇ ਦੀ ਚੋਣ ਜ਼ਿੰਮੇਵਾਰੀ ਜਾਂ ਜ਼ਮੀਨੀ ਪ੍ਰਬੰਧ ਨਾਲ ਨਹੀਂ ਜੁੜਿਆ ਹੁੰਦਾ। ਇਸ ਪ੍ਰਸੰਗ ਵਿੱਚ, ਚੱਬੇਵਾਲ ਲਈ ਕੀਤੀ ਗਈ ਨਵੀਂ ਬਣਤਰ ਨੂੰ ਅਕਾਲੀ ਦਲ ਦੀ ਭਵਿੱਖੀ ਚੋਣ ਯੋਜਨਾ ਦੇ ਤੌਰ ’ਤੇ ਵੇਖਿਆ ਜਾ ਰਿਹਾ ਹੈ।

ਸੋਹਣ ਸਿੰਘ ਠੰਡਲ ਦੀ ਰਾਜਨੀਤਕ ਯਾਤਰਾ ਲੰਬੀ ਅਤੇ ਪ੍ਰਭਾਵਸ਼ਾਲੀ ਰਹੀ ਹੈ। ਉਹ 1997 ਤੋਂ 2012 ਤੱਕ ਮਾਹਿਲਪੁਰ (ਐਸ.ਸੀ.) ਹਲਕੇ ਤੋਂ ਲਗਾਤਾਰ ਵਿਧਾਇਕ ਰਹੇ ਅਤੇ ਹੱਦਬੰਦੀ ਤੋਂ ਬਾਅਦ 2012 ਵਿੱਚ ਚੱਬੇਵਾਲ (ਐਸ.ਸੀ.) ਤੋਂ ਵੀ ਚੋਣ ਜਿੱਤੀ। 2012 ਤੋਂ 2017 ਤੱਕ ਉਹ ਪੰਜਾਬ ਸਰਕਾਰ ਵਿੱਚ ਜੇਲ੍ਹਾਂ, ਟੂਰਿਜ਼ਮ ਅਤੇ ਸੱਭਿਆਚਾਰ ਵਰਗੇ ਅਹਿਮ ਵਿਭਾਗਾਂ ਦੇ ਕੈਬਿਨੇਟ ਮੰਤਰੀ ਵੀ ਰਹੇ। ਚੋਣਾਵੀ ਜਿੱਤਾਂ ਅਤੇ ਮੰਤਰੀ ਅਹੁਦੇ ਉਨ੍ਹਾਂ ਦੀ ਸਿਆਸੀ ਸਫ਼ਲਤਾ ਦਾ ਪ੍ਰਮਾਣ ਹਨ, ਪਰ ਰਾਜਨੀਤਕ ਮੁਲਾਂਕਣ ਇੱਥੇ ਹੀ ਖਤਮ ਨਹੀਂ ਹੁੰਦਾ।

ਪੰਜਾਬ ਦੀ ਪਾਰਟੀ ਰਾਜਨੀਤੀ ਵਿੱਚ ਇਹ ਇੱਕ ਮੰਨੀ-ਪ੍ਰਮੰਨੀ ਰਵਾਇਤ ਹੈ ਕਿ ਸੱਤਾ ਵਿੱਚ ਰਹੇ ਵਿਧਾਇਕ ਆਪਣੇ ਮਜ਼ਬੂਤ ਸਮਰਥਕਾਂ ਅਤੇ ਕਾਡਰ ਵਿਚੋਂ ਯੋਗ ਲੋਕਾਂ ਨੂੰ ਚੇਅਰਮੈਨਸ਼ਿਪਾਂ, ਬੋਰਡਾਂ, ਨਿਗਮਾਂ ਅਤੇ ਹੋਰ ਰਾਜਨੀਤਕ ਨਿਯੁਕਤੀਆਂ ਰਾਹੀਂ ਅੱਗੇ ਲਿਆਉਂਦੇ ਹਨ। ਇਸ ਨਾਲ ਨਾ ਸਿਰਫ਼ ਪਾਰਟੀ ਦਾ ਅਧਾਰ ਮਜ਼ਬੂਤ ਹੁੰਦਾ ਹੈ, ਸਗੋਂ ਨੇਤਾ ਦੀ ਲੰਬੇ ਸਮੇਂ ਦੀ ਸਿਆਸੀ ਪਕੜ ਵੀ ਬਣੀ ਰਹਿੰਦੀ ਹੈ। ਪਰ ਆਲੋਚਕਾਂ ਅਨੁਸਾਰ, ਠੰਡਲ ਦੇ ਲੰਮੇ ਅਤੇ ਸੱਤਾ ਵਾਲੇ ਦੌਰ ਦੌਰਾਨ ਇਹ ਪ੍ਰਕਿਰਿਆ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਆਪਣੇ ਇਲਾਕੇ ਦੇ ਪਿੰਡਾਂ ਵਿੱਚ ਗੈਰਹਾਜ਼ਰ ਰਹੀ। ਹੁਸ਼ਿਆਰਪੁਰ ਜ਼ਿਲ੍ਹਾ ਜੋ ਉੱਚ ਸਿੱਖਿਆ ਦਰ ਅਤੇ ਪੜ੍ਹੇ-ਲਿਖੇ, ਯੋਗ ਕਾਡਰ ਲਈ ਜਾਣਿਆ ਜਾਂਦਾ ਹੈ, ਉੱਥੇ ਵੀ ਕਈ ਮਜ਼ਬੂਤ ਅਤੇ ਸਰਗਰਮ ਸਮਰਥਕ ਰਾਜਨੀਤਕ ਤੌਰ ’ਤੇ ਅੱਗੇ ਨਹੀਂ ਆ ਸਕੇ।

ਇਸ ਕਮੀ ਦਾ ਅਸਰ ਸਮੇਂ ਦੇ ਨਾਲ ਸਪਸ਼ਟ ਹੁੰਦਾ ਗਿਆ। ਦੂਜੀ ਕਤਾਰ ਦੇ ਯੋਗ ਨੇਤਾਵਾਂ ਦੀ ਨਿਯੁਕਤੀ ਅਤੇ ਤਿਆਰੀ ਨਾ ਹੋਣ ਕਾਰਨ ਹਲਕੇ ਵਿੱਚ ਢਾਂਚਾ ਹੋਰ ਵੀ ਕਮਜ਼ੋਰ ਹੋ ਗਿਆ ਅਤੇ ਪਾਰਟੀ ਅੰਦਰ ਵੀ ਉਨ੍ਹਾਂ ਦੇ ਪ੍ਰਭਾਵ ਦੀ ਸਿਆਸੀ ਤਾਕਤ ਘੱਟਦੀ ਗਈ। ਜਦੋਂ ਪਾਰਟੀ ਨੇ ਨਵੇਂ ਚਿਹਰਿਆਂ ਅਤੇ ਨਵੀਂ ਦਿਸ਼ਾ ਵੱਲ ਧਿਆਨ ਦੇਣਾ ਸ਼ੁਰੂ ਕੀਤਾ, ਤਾਂ ਅਜਿਹੇ ਅਨੁਭਵੀ ਨੇਤਾ ਵੀ ਹੌਲੀ-ਹੌਲੀ ਹਾਸ਼ੀਏ ’ਤੇ ਚਲੇ ਗਏ।

ਇਸ ਪਿਛੋਕੜ ਵਿੱਚ, ਠੰਡਲ ਵੱਲੋਂ ਕੁਝ ਸਮੇਂ ਲਈ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣਾ ਅਤੇ ਫਿਰ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨਾ ਵੀ ਰਾਜਨੀਤਕ ਤੌਰ ’ਤੇ ਹਾਨੀਕਾਰਕ ਮੰਨਿਆ ਜਾਂਦਾ ਹੈ। ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਵਫ਼ਾਦਾਰੀ ਅਤੇ ਲਗਾਤਾਰਤਾ ਨੂੰ ਖਾਸ ਅਹਿਮੀਅਤ ਦਿੱਤੀ ਜਾਂਦੀ ਹੈ, ਅਤੇ ਪਾਰਟੀ ਬਦਲਣਾ—ਖ਼ਾਸ ਕਰਕੇ ਆਪਣੇ ਪੁੱਤਰ ਦੇ ਨਾਲ, ਜਿਸਦਾ ਆਪਣਾ ਕੋਈ ਖਾਸ ਰਾਜਨੀਤਕ ਪਿਛੋਕੜ ਨਹੀਂ ਸੀ—ਪਾਰਟੀ ਅੰਦਰ ਭਰੋਸੇ ਅਤੇ ਲੰਬੇ ਸਮੇਂ ਦੀ ਯੋਜਨਾ ਬਾਰੇ ਸਵਾਲ ਖੜ੍ਹੇ ਕਰਦਾ ਹੈ। ਭਾਵੇਂ ਵਾਪਸੀ ਨੂੰ ਪਾਰਟੀ ਪੱਧਰ ’ਤੇ ਸਵੀਕਾਰ ਕਰ ਲਿਆ ਗਿਆ, ਪਰ ਅਜਿਹੇ ਫੈਸਲੇ ਅਕਸਰ ਦੂਰਦਰਸ਼ੀ ਸਿਆਸੀ ਪ੍ਰਭਾਵ ਛੱਡ ਜਾਂਦੇ ਹਨ।

ਸੋਹਣ ਸਿੰਘ ਠੰਡਲ ਵਰਗੇ ਨੇਤਾਵਾਂ ਲਈ ਇੱਕ ਹੋਰ ਨੁਕਸਾਨਦਾਇਕ ਪੱਖ ਇਹ ਰਿਹਾ ਹੈ ਕਿ ਆਸ-ਪਾਸ ਦੇ ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਅਤੇ ਐੱਸ.ਜੀ.ਪੀ.ਸੀ. ਦੇ ਮੈਂਬਰਾਂ ਵਿਚ ਹਮੇਸ਼ਾਂ ਏਕਤਾ ਦੀ ਘਾਟ ਰਹੀ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਅੰਦਰੂਨੀ ਤਣਾਅ ਅਤੇ ਆਪਸੀ ਵਿਰੋਧਾਂ ਨੇ ਸਾਂਝੀ ਅਗਵਾਈ ਨੂੰ ਕਮਜ਼ੋਰ ਕੀਤਾ, ਸੰਗਠਨ ਦੀ ਤਾਕਤ ਘਟਾਈ ਅਤੇ ਸਮੁੱਚੇ ਰਾਜਨੀਤਕ ਪ੍ਰਭਾਵ ’ਤੇ ਨਕਾਰਾਤਮਕ ਅਸਰ ਪਾਇਆ ਹੈ।

ਅੱਜ, ਜਦੋਂ ਅਕਾਲੀ ਦਲ ਵੱਲੋਂ ਚੱਬੇਵਾਲ ਹਲਕੇ ਵਿੱਚ ਨਵੀਂ ਸਿਆਸੀ ਬਣਤਰ ਬੁਣੀ ਗਈ ਹੈ ਅਤੇ ਠੰਡਲ ਨੂੰ ਚੋਣ ਭੂਮਿਕਾ ਦੀ ਬਜਾਏ ਇੱਕ ਅਹੁਦੇ ਤੱਕ ਸੀਮਿਤ ਕੀਤਾ ਗਿਆ ਹੈ, ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਸਿਆਸੀ ਸਥਾਪਤੀ ਸਿਰਫ਼ ਚੋਣਾਵੀ ਜਿੱਤਾਂ ਜਾਂ ਮੰਤਰੀ ਅਹੁਦਿਆਂ ਨਾਲ ਨਹੀਂ ਬਣਦਾ ਸਗੋਂ ਮੌਜੂਦਾ ਰਾਜਨੀਤੀ ਇਹ ਦਰਸਾਉਂਦੀ ਹੈ ਕਿ ਕਾਡਰ ਦੀ ਤਿਆਰੀ, ਪਾਰਟੀ ਵਫ਼ਾਦਾਰੀ ਅਤੇ ਲਗਾਤਾਰ ਸੰਗਠਨਾਤਮਕ ਨਿਵੇਸ਼—ਇਹੀ ਉਹ ਤੱਤ ਹਨ ਜੋ ਕਿਸੇ ਨੇਤਾ ਨੂੰ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਬਣਾਈ ਰੱਖਦੇ ਹਨ।

*ਅੰਤਿਕਾ *

ਸੋਹਣ ਸਿੰਘ ਠੰਡਲ ਲੇਖਕ ਦੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਗੁਰੂ ਨਾਨਕ ਨਵ ਭਾਰਤ ਕਾਲਜ, ਨਰੂੜ ਪਾਂਸ਼ਟਾ ਤੱਕ ਦੇ ਹਮਜਮਾਤੀ ਰਹੇ ਹਨ। ਲੇਖਕ ਦਾ ਪਿੰਡ ਜਲਵੇਹੜਾ, ਠੰਡਲ  ਪਿੰਡ ਤੋਂ ਇੱਕ ਕਿਲੋਮੀਟਰ ਤੋਂ ਵੀ ਘੱਟ ਦੂਰੀ ’ਤੇ ਸਥਿਤ ਹੈ ਅਤੇ ਦੋਹਾਂ ਵਿਚਕਾਰ ਬਹੁਤ ਲੰਬੇ ਸਮੇਂ ਦੀ ਦੋਸਤੀ ਹੈ। ਇਹ ਮੁਲਾਂਕਣ ਉਨ੍ਹਾਂ ਦੀ ਰਾਜਨੀਤਕ ਯਾਤਰਾ ਨਾਲ ਜੁੜੀ ਨਿੱਜੀ ਜਾਣ-ਪਛਾਣ ਦੇ ਆਧਾਰ ’ਤੇ ਲਿਖਿਆ ਗਿਆ ਹੈ।