ਮਿਸ਼ਨਰੀ ਗੀਤ ਵੀ ਸਮਾਜ ਵਿੱਚ ਭਰ ਰਹੇ ਨੇ ਚੇਤਨਤਾ-
ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਅੱਜ ਸਮਾਜ ਨੂੰ ਬਹੁਤ ਲੋੜ ਹੈ, ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਜੀਵਨ ਦੀ ਜਾਂਚ ਸਿਖਾਈ ਅਤੇ ਆਪਣੇ ਸੰਕਲਪ ਉਦੇਸ਼ ਅਤੇ ਹੱਕਾਂ ਲਈ ਜਾਣੂ ਕਰਾਇਆ। ਉਹਨਾਂ ਦੀ ਮਹਾਨ ਉਂਚੀ ਸੁੱਚੀ ਸੋਚ ਨੇ ਸਾਡੇ ਜੀਵਨ ਦੇ ਹਰ ਪਹਿਲੂ ਨੂੰ ਜਾਗਰੂਕ ਕੀਤਾ । ਇਹ ਸ਼ਬਦ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਸ੍ਰੀਮਾਨ ਜੱਸੀ ਤੱਲ੍ਹਣ ਨੇ ਅੱਜ ਡੇਰਾ ਸੱਚਖੰਡ ਬੱਲਾਂ ਵਿੱਚ ਨਤਮਸਤਕ ਹੁੰਦਿਆਂ ਕਹੇ। ਇਸ ਮੌਕੇ ਜਿੱਥੇ ਉਹਨਾਂ ਨੇ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਤੋਂ ਚੜ੍ਹਦੀ ਕਲਾ ਦਾ ਆਸ਼ੀਰਵਾਦ ਲਿਆ, ਉੱਥੇ ਹੀ ਉਹਨਾਂ ਨੇ ਇਸ ਮੌਕੇ ਮਿਸ਼ਨਰੀ ਗਾਇਕ ਕੁਲਦੀਪ ਚੁੰਬਰ ਦੇ ਗੀਤਾਂ ਦੀ ਸ਼ੂਟਿੰਗ ਵਿੱਚ ਵੀ ਸ਼ਿਰਕਤ ਕੀਤੀ। ਉਹਨਾਂ ਨੇ ਇਸ ਸ਼ੂਟਿੰਗ ਵਿੱਚ ਆਪਣੇ ਸਾਥੀਆਂ ਸਮੇਤ ਭਰਵੀਂ ਹਾਜ਼ਰੀ ਭਰੀ । ਇਸ ਮੌਕੇ ਪ੍ਰਧਾਨ ਜੱਸੀ ਤੱਲ੍ਹਣ ਨੇ ਗਾਇਕ ਕੁਲਦੀਪ ਚੁੰਬਰ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅੱਜ ਸਮੇਂ ਵਿੱਚ ਚੇਤਨਤਾ ਤੇ ਜਾਗਰੂਕਤਾ ਲਿਆਉਣ ਲਈ ਮਿਸ਼ਨਰੀ ਗੀਤਾਂ ਦਾ ਵੀ ਅਹਿਮ ਰੋਲ ਹੈ। ਉਹਨਾਂ ਕਿਹਾ ਕਿ ਜਿਹੜੇ ਕਲਾਕਾਰ ਸਮਾਜ ਅਤੇ ਮਿਸ਼ਨ ਪ੍ਰਤੀ ਆਪਣੇ ਰਹਿਬਰਾਂ ਦੇ ਦਰਸਾਏ ਮਾਰਗਾਂ ਤੇ ਸੰਕਲਪਾਂ ਨੂੰ ਗੀਤਾਂ ਵਿੱਚ ਪਰੋਕੇ ਸਮਾਜ ਦੇ ਸਨਮੁੱਖ ਰੱਖਦੇ ਹਨ, ਉਹ ਆਪਣੇ ਆਪ ਵਿੱਚ ਇੱਕ ਵੱਡਾ ਸਮਾਜਿਕ ਕਾਰਜ ਕਰ ਰਹੇ ਹਨ । ਉਨਾਂ ਨੇ ਸਮਾਜ ਦੇ ਸਾਰੇ ਹੀ ਗਾਇਕਾਂ, ਪ੍ਰਚਾਰਕਾਂ, ਲੇਖਕਾਂ, ਬੁੱਧੀਜੀਵੀਆਂ, ਵਿਦਵਾਨਾਂ, ਬੁਲਾਰਿਆਂ, ਕਲਾਕਾਰਾਂ ਦਾ ਸਨਮਾਨ ਸਤਿਕਾਰ ਕਰਦਿਆਂ ਕਿਹਾ ਕਿ ਸਾਰੇ ਹੀ ਕਲਾਕਾਰ ਸਤਿਕਾਰਯੋਗ ਹਨ, ਜੋ ਆਪਣੇ ਰਹਿਬਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਸਮਾਜ ਨੂੰ ਹਮੇਸ਼ਾ ਉਹਨਾਂ ਦੇ ਪ੍ਰਚਾਰ ਪ੍ਰਸਾਰ ਦਾ ਹੋਕਾ ਦਿੰਦੇ ਹਨ।
