ਵੈਨਕੂਵਰ ( ਮਹੇਸ਼ਇੰਦਰ ਸਿੰਘ ਮਾਂਗਟ) — ਭਾਰਤ ਦੇ ਕੌਂਸਲੇਟ ਜਨਰਲ ਵੱਲੋਂ ਵੈਨਕੂਵਰ ਵਿੱਚ 77ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਅਤੇ ਭਾਈਚਾਰਕ ਏਕਤਾ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਸਥਾਨਕ ਕਾਰੋਬਾਰੀ, ਰਾਜਨੀਤਿਕ ਅਤੇ ਮੀਡੀਆ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਸਮਾਰੋਹ ਦੌਰਾਨ ਸਕਾਰਾਤਮਕ ਮਾਹੌਲ, ਆਪਸੀ ਸਨਮਾਨ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਮਾਣ ਦੀ ਝਲਕ ਸਾਫ਼ ਵੇਖਣ ਨੂੰ ਮਿਲੀ। ਲੋਕਾਂ ਨੇ ਇਕ-ਦੂਜੇ ਨਾਲ ਵਿਚਾਰ ਸਾਂਝੇ ਕੀਤੇ ਅਤੇ ਭਾਰਤ ਦੀ ਲੋਕਤੰਤਰਿਕ ਪ੍ਰਣਾਲੀ ਤੇ ਸੰਵਿਧਾਨ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ।
ਇਸ ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਮਾਣਯੋਗ ਕੌਂਸਲ ਜਨਰਲ ਮਸਾਕੁਈ ਰੰਗਸੁੰਗ ਅਤੇ ਰਵਿੰਦਰ ਮੰਗਲਾ ਦੀ ਅਹੰਮ ਭੂਮਿਕਾ ਰਹੀ। ਉਨ੍ਹਾਂ ਦੀ ਅਗਵਾਈ ਹੇਠ ਸਮਾਰੋਹ ਬਹੁਤ ਹੀ ਸੁਚੱਜੇ ਅਤੇ ਸੁੰਦਰ ਢੰਗ ਨਾਲ ਆਯੋਜਿਤ ਕੀਤਾ ਗਿਆ। ਸਮਾਰੋਹ ਵਿੱਚ ਖ਼ਾਸ ਤੌਰ ‘ਤੇ ਅਟੋਰਨੀ ਜਨਰਲ ਨਿਕੀ ਸ਼ਰਮਾ, ਬ੍ਰਿਟਿਸ਼ ਕੋਲੰਬੀਆ ਐਸੈਂਬਲੀ ਦੇ ਸਪੀਕਰ ਰਾਜ ਚੌਹਾਨ, ਸਰੀ ਸਿਟੀ ਦੇ ਸਾਬਕਾ ਮੇਅਰ ਡੱਗ ਮੱਕਲ, ਕੌਂਸਲਰ ਲਿੰਡਾ ਹਿੰਸ, ਐਮ ਐਲ ਏ ਲੰਗਾਰਾ ਸੁਨੀਤਾ ਧੀਰ ਤੇ ਐਮ ਐਲ ਏ ਬੁਰਨਬੀ ਰੋਹਣੀ ਅਰੋੜਾ ਸਮੇਤ ਕਈ ਸਥਾਨਕ ਕਾਰੋਬਾਰੀ, ਸਮਾਜਿਕ ਆਗੂ ਅਤੇ ਮੀਡੀਆ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ।
ਮੌਜੂਦ ਮਹਿਮਾਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਭਾਈਚਾਰਿਆਂ ਨੂੰ ਜੋੜਨ, ਆਪਸੀ ਸਮਝ ਵਧਾਉਣ ਅਤੇ ਭਾਰਤ-ਕੈਨੇਡਾ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਗਣਤੰਤਰ ਦਿਵਸ ਦਾ ਇਹ ਸਮਾਰੋਹ ਵੈਨਕੂਵਰ ਦੇ ਭਾਰਤੀ ਭਾਈਚਾਰੇ ਲਈ ਇੱਕ ਯਾਦਗਾਰ ਅਤੇ ਪ੍ਰੇਰਣਾਦਾਇਕ ਪਲ ਬਣ ਕੇ ਰਹੇਗਾ




