Apr 23, 2026

-ਸੁਖਵਿੰਦਰ ਸਿੰਘ ਚੋਹਲਾ–

ਕੈਨੇਡਾ ਵਿਚ ਭਰਵੀਂ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਵਿਚ ਜਬਰੀ ਵਸੂਲੀ, ਗੋਲੀਬਾਰੀ, ਕਤਲ ਅਤੇ ਡਰਾਉਣ ਧਮਕਾਉਣ ਦੀਆਂ ਕਾਰਵਾਈਆਂ ਵਿਚ ਲਗਾਤਾਰ ਵਾਧਾ ਇਵੇਂ ਹੈ ਜਿਵੇੰ ਸਿਰੋਂ ਪਾਣੀ ਲੰਘ ਗਿਆ ਹੋਵੇ। ਪੰਜਾਬੀ ਕੈਨੇਡੀਅਨ ਕਾਰੋਬਾਰੀ ਭਾਈਚਾਰੇ ਵਿਚ ਡਰ- ਭੈਅ ਅਤੇ ਗੁੰਡਾ ਅਨਸਰਾਂ ਦੀ ਦਹਿਸ਼ਤ ਕਾਰਣ ਲੋਕਾਂ ਦਾ ਗੁੱਸਾ ਅਤੇ ਰੋਸ ਸੂਬਾਈ ਅਤੇ ਫੈਡਰਲ ਸਰਕਾਰ ਖਿਲਾਫ ਵੀ ਜਾਹਰ ਹੋਣ ਲੱਗਾ ਹੈ ਤੇ ਉਹ ਆਪਣੇ ਇਸ ਰੋਸ ਨੂੰ ਸੜਕਾਂ ਤੇ ਪ੍ਰਦਰਸ਼ਨਾਂ ਦੇ ਰੂਪ ਵਿਚ ਪ੍ਰਗਟਾਉਣ ਲਈ ਵੀ ਮਜਬੂਰ ਹੋਣ ਲੱਗੇ ਹਨ। ਪਿਛਲੇ ਸਮੇਂ ਦੌਰਾਨ ਸਰੀ ਦੀ ਮੇਅਰ, ਬਰੈਂਪਟਨ ਦੇ ਮੇਅਰ, ਬੀਸੀ ਪ੍ਰੀਮੀਅਰ ਅਤੇ ਅਲਬਰਟਾ ਦੀ ਪ੍ਰੀਮੀਅਰ ਵਲੋਂ ਗੈਗਸਟਰਾਂ ਖਿਲਾਫ ਸਖਤ ਕਾਰਵਾਈ ਨੂੰ ਲੈਕੇ ਫੈਡਰਲ ਸਰਕਾਰ ਨੂੰ ਇੰਡੀਆ ਆਧਾਰਿਤ ਬਿਸ਼ਨੋਈ ਗੈਂਗ ਨੂੰ ਅਤਵਾਦੀ ਐਲਾਨੇ ਜਾਣ ਦੀ ਮੰਗ ਉਪਰ ਫੈਡਰਲ ਸਰਕਾਰ ਨੇ ਇਸ ਪ੍ਰਤੀ ਹੁੰਗਾਰਾ ਵੀ ਭਰਿਆ। ਫੈਡਰਲ ਸਰਕਾਰ ਦੇ ਇਸ ਸਖਤ ਕਦਮ ਤੋਂ ਇੰਜ ਪ੍ਰਤੀਤ ਹੁੰਦਾ ਸੀ ਇਹਨਾਂ ਗੁੰਡਾ ਅਨਸਰਾਂ ਨੂੰ ਰੋਕਣ ਲਈ ਕੋਈ ਸਥਾਈ ਹੱਲ ਨਿਕਲ ਆਵੇਗਾ ਪਰ ਉਮੀਦ ਮੁਤਾਬਿਕ ਕੁਝ ਵੀ ਦਿਖਾਈ ਨਹੀ ਦਿੱਤਾ। ਸੂਬਾਈ ਅਤੇ ਫੈਡਰਲ ਸਰਕਾਰ ਦੀਆਂ ਪੇਸ਼ਬੰਦੀਆਂ ਦੇ ਉਲਟ ਗੁੰਡਾ ਅਨਸਰ ਹੋਰ ਵੀ ਸਰਗਰਮ ਦਿਖਾਈ ਦਿੱਤੇ। ਗੈਂਗਸਟਰਾਂ ਦੀ ਇਹ ਸਰਗਰਮੀ ਇਵੇਂ ਦੀ ਹੈ ਜਿਵੇਂ ਉਹਨਾਂ ਨੇ ਕੈਨੇਡਾ ਦੇ ਪੂਰੇ ਸੁਰੱਖਿਆ ਤੰਤਰ ਨੂੰ ਜੰਗ ਦੀ ਇਕ ਚੁਣੌਤੀ ਦੇ ਦਿੱਤੀ ਹੋਵੇ। ਸਰਕਾਰ ਵਲੋਂ ਐਂਟੀ ਐਕਟੋਰਸ਼ਨ ਟੀਮਾਂ ਬਣਾਉਣ ਅਤੇ ਉਹਨਾਂ ਵਲੋਂ ਸੈਂਕੜੇ ਸ਼ੱਕੀ ਵਿਅਕਤੀਆਂ ਖਿਲਾਫ ਕਾਰਵਾਈ ਆਰੰਭੇ ਜਾਣ ਦੇ ਬਾਵਜੂਦ ਮਨਇੱਛਤ ਨਤੀਜੇ ਸਾਹਮਣੇ ਨਹੀ ਆਏ ਬਲਕਿ ਪਿਛਲੇ ਕੁਝ ਦਿਨਾਂ ਤੋਂ ਤਾਂ ਇਕ ਦਿਨ ਵਿਚ ਦੋ-ਦੋ, ਤਿੰਨ-ਤਿੰਨ ਥਾਵਾਂ ਤੇ ਗੋਲੀਬਾਰੀ ਅਤੇ ਕਤਲਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਅਜਿਹੀ ਸਥਿਤੀ ਦੇ ਦਰਮਿਆਨ ਸਰੀ ਦੀ ਮੇਅਰ ਵਲੋਂ ਫੈਡਰਲ ਸਰਕਾਰ ਨੂੰ ਸੰਕਟਕਾਲੀ ਸਥਿਤੀ ਐਲਾਨੇ ਜਾਣ ਦੀ ਮੰਗ ਕੀਤੀ ਗਈ ਹੈ ਪਰ ਇਸ ਦੌਰਾਨ ਬੀਸੀ ਦੇ ਪ੍ਰੀਮੀਅਰ ਨੇ ਫੈਡਰਲ ਜਨਤਕ ਸੁਰੱਖਿਆ ਮੰਤਰੀ ਨਾਲ ਮੁਲਾਕਾਤ ਉਪਰੰਤ ਇਹ ਖੁਲਾਸਾ ਕੀਤਾ ਕਿ ਪ੍ਰਾਂਤਕ ਸਰਕਾਰ ਦੇ ਨਾਲ ਫੈਡਰਲ ਸਰਕਾਰ ਵੀ ਇਸ ਸੰਕਟ ਦੇ ਹੱਲ ਲਈ ਗੰਭੀਰ ਹੈ। ਅਗਲੇ ਦਿਨਾਂ ਵਿਚ ਸਰੀ ਵਿਚ ਇਸ ਮੁੱਦੇ ਤੇ ਸਬੰਧਿਤ ਸਰਕਾਰਾਂ ਅਤੇ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਉਚ ਪੱਧਰੀ ਮੀਟਿੰਗ ਬੁਲਾਈ ਗਈ ਹੈ। ਸਰੀ ਦੀ ਮੇਅਰ ਵਲੋਂ ਸਰੀ ਪੁਲਿਸ ਦੀ ਮਦਦ ਲਈ 20 ਆਰ ਸੀ ਐਮ ਪੀ ਅਧਿਕਾਰੀ ਵੀ ਤਾਇਨਾਤ ਕੀਤੇ ਜਾਣ ਦੀ ਮੰਗ ਨੂੰ ਸਵੀਕਾਰਦਿਆਂ ਫੈਡਰਲ ਸਰਕਾਰ ਨੇ ਪੁਲਿਸ ਤੰਤਰ ਨੂੰ ਵਧੇਰੇ ਕਾਰਗਾਰ ਤੇ ਮਜ਼ਬੂਤ ਬਣਾਉਣ ਲਈ ਦੋ ਹੈਲੀਕਾਪਟਰ ਵੀ ਭੇਜਣ ਦਾ ਫੈਸਲਾ ਕੀਤਾ ਹੈ। ਪ੍ਰਾਂਤਕ ਤੇ ਫੈਡਰਲ ਸਰਕਾਰ ਵਲੋਂ ਉਠਾਏ ਜਾ ਰਹੇ ਇਹਨਾਂ ਕਦਮਾਂ ਤੋਂ ਕੁਝ ਵਧੇਰੇ ਉਮੀਦ ਕੀਤੀ ਜਾਣੀ ਬਣਦੀ ਹੈ।

ਪਰ ਇਸਤੋਂ ਪਹਿਲਾਂ ਆਰ ਸੀ ਐਮ ਪੀ ਦੇ ਐਂਟੀ ਐਕਟੋਰਸ਼ਨ ਜਾਂਚ ਟੀਮ ਦੇ ਮੁਖੀ ਅਤੇ ਅਸਿਸਟੈੰਟ ਕਮਿਸ਼ਨਰ ਦੇ ਬਿਆਨ ਨੇ ਇਹ ਸੰਕੇਤ ਦਿੱਤੇ ਸਨ ਕਿ ਪੁਲਿਸ ਤੰਤਰ ਕੈਨੇਡੀਅਨ ਪੰਜਾਬੀ ਭਾਈਚਾਰੇ ਦੇ ਇਸ ਸੰਕਟ ਨੂੰ ਆਪਣਾ ਜਾਂ ਕੈਨੇਡੀਅਨ ਸੰਕਟ ਨਹੀ ਸਮਝਦਾ। ਉਹਨਾਂ ਆਪਣੇ ਇਕ ਬਿਆਨ ਵਿਚ ਜਬਰੀ ਵਸੂਲੀ ਤੇ ਗੋਲੀਬਾਰੀ ਨੂੰ ਸੰਕਟ ਦੀ ਬਿਜਾਏ ਜਨਤਕ ਸੁਰੱਖਿਆ ਦਾ ਮੁੱਦਾ ਕਿਹਾ ਸੀ।ਉਹਨਾਂ ਦੇ ਹਿਸਾਬ ਨਾਲ ਕੈਨੇਡੀਅਨ ਭਾਈਚਾਰੇ ਲਈ ਡਰੱਗ ਅਤੇ ਓਵਰਡੋਜ ਕਾਰਣ ਮਰ ਰਹੇ ਲੋਕਾਂ ਦੀ ਸਮੱਸਿਆ ਅਸਲ ਕੈਨੇਡੀਅ ਸੰਕਟ ਹੈ। ਉਹਨਾਂ ਦੇ ਇਸ ਬਿਆਨ ਦਾ ਜਿਥੇ ਵਿਆਪਕ ਪੱਧਰ ਤੇ ਵਿਰੋਧ ਹੋਇਆ ਉਥੇ ਬੀਸੀ ਪ੍ਰੀਮੀਅਰ ਤੇ ਹੋਰ ਆਗੂਆਂ ਨੇ ਇਸਦੀ ਕੜੀ ਨਿੰਦੀ ਕੀਤੀ ਜਿਸ ਉਪਰੰਤ ਉਹਨਾਂ ਨੂੰ ਆਪਣਾ ਇਹ ਬਿਆਨ ਵਾਪਿਸ ਲੈਣਾ ਪਿਆ। ਬਿਨਾਂ ਸ਼ੱਕ ਆਰ ਸੀ ਐਮ ਦੇ ਇਸ ਉਚ ਅਧਿਕਾਰੀ ਨੇ ਆਪਣਾ ਇਹ ਬਿਆਨ ਵਾਪਿਸ ਲੈ ਲਿਆ ਹੈ ਪਰ ਸੱਚਾਈ ਇਹੀ ਹੈ ਕਿ ਕੈਨੇਡੀਅਨ ਸੁਰੱਖਿਆ ਤੰਤਰ, ਇਥੋਂ ਤੱਕ ਕਿ ਫੈਡਰਲ ਸਰਕਾਰ ਨੇ ਵੀ ਇਸ ਮੁੱਦੇ ਪ੍ਰਤੀ ਉਹ ਗੰਭੀਰਤਾ ਨਹੀ ਦਿਖਾਈ। ਸ਼ਾਇਦ ਉਹ ਸਭ ਇਸ ਮੁੱਦੇ ਨੂੰ ਕੇਵਲ ਪੰਜਾਬੀ ਭਾਈਚਾਰੇ ਦੀ ਸਮੱਸਿਆ ਸਮਝਣ ਤੱਕ ਹੀ ਸੀਮਿਤ ਹਨ। ਖਬਰਾਂ ਵੀ ਇਹੀ ਰਹੀਆਂ ਕਿ ਗੈਂਗਸਟਰਾਂ ਵਲੋਂ ਹੁਣ ਤੱਕ ਜਬਰੀ ਵਸੂਲੀ ਜਾਂ ਗੋਲੀਬਾਰੀ ਦਾ ਨਿਸ਼ਾਨਾ ਪੰਜਾਬੀ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਹੀ ਬਣਾਇਆ ਗਿਆ ਹੈ, ਕਿਤੇ ਵੀ ਕਿਸੇ  ਕੈਨੇਡੀਅਨ ਗੋਰੇ ਜਾਂ ਕਾਰੋਬਾਰੀ ਨੂੰ ਅਜਿਹੀ ਕਿਸੇ ਘਟਨਾ ਦਾ ਸਾਹਮਣਾ ਨਹੀ ਕਰਨਾ ਪਿਆ। ਪਿਛਲੇ ਸਮੇਂ ਵਿਚ ਸਰੀ  ਕਾਰੋਬਾਰੀਆਂ ਵਲੋਂ ਕੀਤੀਆਂ ਗਈਆਂ ਜਨ ਸਭਾਵਾਂ ਦੌਰਾਨ ਵੀ ਆਰ ਸੀ ਐਮ ਪੀ ਅਧਿਕਾਰੀਆਂ ਨੇ ਜਬਰੀ ਵਸੂਲੀ ਦੇ ਇਸ ਸੰਕਟ ਨੂੰ ਕੈਨੇਡੀਅਨ ਸੰਕਟ ਮੰਨਣ ਤੋਂ ਇਨਕਾਰ ਕਰਨ ਤੋਂ ਕੋਈ ਝਿਜਕ ਨਹੀ ਵਿਖਾਈ। ਪੁਲਿਸ ਤੰਤਰ ਵਲੋਂ ਇਹਨਾਂ ਗੈਂਗਸਟਰਾਂ ਖਿਲਾਫ ਵਿਖਾਈ ਗਈ ਮਸਤੈਦੀ ਅਤੇ ਕਾਰਵਾਈ ਨੇ ਵੀ ਪੰਜਾਬੀ ਭਾਈਚਾਰੇ ਲਈ ਨਿਰਾਸ਼ਾ ਅਤੇ ਸ਼ਰਮਸਾਰੀ ਹੀ ਪੱਲੇ ਪਾਈ ਹੈ। ਇਹਨਾਂ ਘਟਨਾਵਾਂ ਦੌਰਾਨ ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਤੇ ਇਹਨਾਂ ਵਿਚ  ਸ਼ਾਮਿਲ ਅੱਲੜ ਉਮਰ ਦੇ ਪੰਜਾਬੀ ਨੌਜਵਾਨਾਂ ਦਾ ਫੜਿਆ ਜਾਣਾ ਤੇ ਫਿਰ ਉਹਨਾਂ ਖਿਲਾਫ ਕਾਰਵਾਈ ਦੌਰਾਨ ਉਹਨਾਂ ਦੇ ਇਮੀਗ੍ਰੇਸ਼ਨ ਸਿਸਟਮ ਨਾਲ ਖਿਲਵਾੜ ਕਰਦਿਆਂ ਰਾਜਸੀ ਸ਼ਰਨ ਦੇ ਦਾਅਵਿਆਂ ਦਾ ਸਾਹਮਣੇ ਆਉਣਾ, ਇਹ ਦੁਹਰਾਉਣ ਲਈ ਕਾਫੀ ਰਿਹਾ  ਕਿ ਸਾਉਥ ਏਸ਼ੀਅਨ ਭਾਈਚਾਰੇ ਦੇ ਵਧੇਰੇ ਲੋਕ  ਇਮੀਗ੍ਰੇਸ਼ਨ ਫਰਾਡ ਕਰਨ, ਅਮਨ-ਕਨੂੰਨ ਦੇ ਨਿਯਮਾਂ  ਦੀ ਉਲੰਘਣਾ ਕਰਨ ਅਤੇ ਅਪਰਾਧਿਕ ਬਿਰਤੀ ਵਾਲੇ ਹਨ। ਕੁਝ ਕੈਨੇਡੀਅਨ ਪੰਜਾਬੀ ਧਿਰਾਂ ਇਸ ਸਭ ਪਿੱਛੇ ਭਾਰਤ ਸਰਕਾਰ ਦੇ ਖੁਫੀਆ ਤੰਤਰ ਦੇ ਹੱਥ ਹੋਣ ਦਾ ਦੋਸ਼ ਲਗਾਉਂਦੀਆਂ ਹਨ।ਦਾਅਵਾ ਹੈ ਕਿ ਕੈਨੇਡੀਅਨ ਖੁਫੀਆ ਤੰਤਰ ਦੀਆਂ ਰਿਪੋਰਟਾਂ ਵਿਚ ਅਜਿਹਾ ਇਸ਼ਾਰਾ ਹੈ ਪਰ ਇਹ ਸ਼ਾਇਦ ਪੂਰਾ ਸੱਚ ਨਹੀ।

ਇਹਨੀਂ ਦਿਨੀਂ ਪੰਜਾਬ ਸਮੇਤ ਇੰਡੀਆ ਦੇ ਹੋਰ ਵੱਡੇ ਸੂਬਿਆਂ ਅਤੇ ਰਾਜਧਾਨੀ ਦਿੱਲੀ ਸਮੇਤ ਮਹਾਂਨਗਰਾਂ ਵਿਚ ਵੀ ਅਜਿਹੇ ਗੈਂਗਸਟਰਾਂ ਦੀ ਦਹਿਸ਼ਤ ਕਿਸੇ ਤੋਂ ਲੁਕੀ ਛੁਪੀ ਨਹੀ। ਸਰਕਾਰਾਂ ਵਲੋ ਆਏ ਦਿਨ ਇਹਨਾਂ ਗੈਂਗਸਟਰਾਂ ਖਿਲਾਫ ਸਖਤ ਕਾਰਵਾਈਆਂ ਦੀਆਂ ਸੁਰਖੀਆਂ ਬਣਦੀਆਂ ਹਨ। ਪੰਜਾਬ ਵਿਚ ਗੈਂਗਸਟਰਵਾਦ ਅਤੇ ਗੈਂਗਸਟਰਾਂ ਖਿਲਾਫ ਪੁਲਿਸ ਕਾਰਵਾਈ ਦੇ ਨਾਮ ਹੇਠ ਦਹਿਸ਼ਤੀ ਮਾਹੌਲ ਬਣਿਆ ਹੋਇਆ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਵਿਦੇਸ਼ਾਂ ਵਿਚ ਬੈਠੇ 61 ਨਾਮੀ ਗੈਂਗਸਟਰਾਂ ਦੀ ਸੂਚੀ ਜਾਰੀ ਕਰਨ ਦੇ ਨਾਲ ਪੂਰੇ ਗੁੰਡਾਤੰਤਰ ਵਿਚ ਸ਼ਾਮਿਲ ਹਜਾਰਾਂ ਨੌਜਵਾਨਾਂ ਖਿਲਾਫ ਪੁਲਿਸ ਕਾਰਵਾਈ ਆਰੰਭਣ ਦਾ ਦਾਅਵਾ ਕੀਤਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਤੌਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਗੈਂਗਸਟਰਵਾਦ ਖਿਲਾਫ ਕਾਰਵਾਈ ਸਬੰਧੀ ਪੂਰੀ ਰਿਪੋਰਟ 7 ਦਿਨਾਂ ਦੇ ਅੰਦਰ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਇਸ ਦੌਰਾਨ ਇਕ ਨਾਮੀ ਗੈਂਗਸਟਰ ਵਲੋਂ ਇਕ ਆਡੀਓ ਜਾਰੀ ਕਰਦਿਆਂ ਆਪਣੇ ਮਾਤਾ-ਪਿਤਾ ਖਿਲਾਫ ਪੁਲਿਸ ਕਾਰਵਾਈ ਨੂੰ ਚੁਣੌਤੀ ਦਿੰਦਿਆਂ ਰੋਜਾਨਾ ਇਕ ਵਿਅਕਤੀ ਮਾਰਨ ਅਤੇ ਪੰਜਾਬ ਦੇ ਪੁਲਿਸ ਅਫਸਰਾਂ ਤੇ ਸਿਆਸਤਦਾਨਾਂ ਦੇ ਵਿਦੇਸਾਂ ਵਿਚ ਵਸਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੀ ਚਿੰਤਾ ਕਰਨ ਦਾ ਡਰਾਵਾ ਦਿੱਤਾ ਹੈ। ਉਧਰ ਗੁੰਡਾਤੰਤਰ ਨੂੰ ਬਹਾਦਰੀ ਦਾ ਲਕਬ ਦੇਣ ਵਾਲੇ ਕੁਝ ਫੇਸਬੁੱਕੀ ਆਗੂ ਪੰਜਾਬ ਪੁਲਿਸ ਦੀਆਂ ਕਾਰਵਾਈਆਂ ਤੇ ਪ੍ਰਸ਼ਨ ਚਿੰਨ ਲਗਾਉਂਦੇ ਹੋਏ ਸਰਕਾਰ ਵਲੋਂ ਇਕ ਲੱਖ ਪੰਜਾਬੀ ਨੌਜਵਾਨਾਂ ਨੂੰ ਨਿਸ਼ਾਨੇ ਬਣਾਏ ਜਾਣ ਦੀਆਂ ਮਨਘੜਤ ਕਹਾਣੀਆਂ ਸੁਣਾਉਂਦੇ ਹੋਏ ਪਹਿਲਾਂ ਹੀ ਡਰੇ ਲੋਕਾਂ ਨੂੰ ਦਹਿਸ਼ਤ ਅਤੇ ਭੈਅ ਦੇ ਸਾਏ ਹੇਠ ਜਿਉਣ ਲਈ ਮਜਬੂਰ ਕਰ ਰਹੇ ਹਨ।

ਪੰਜਾਬ ਜਾਂ ਭਾਰਤ ਵਿਚ ਪਨਪ ਰਹੇ ਇਸ ਗੈਂਗਸਟਰਵਾਦ ਦੇ ਨਾਮ ਹੇਠ ਇਕ ਨਵੀਂ ਤਰਾਂ ਦੇ ਅੱਤਵਾਦ ਦੀ ਆਹਟ, ਭਾਰਤੀ ਸਿਆਸਤਦਾਨਾਂ ਜਾਂ ਰਾਜਸੀ ਪਾਰਟੀਆਂ ਲਈ ਕਿਸੇ ਸਿਆਸੀ ਮੁਫਾਦ ਦੀ ਪੂਰਤੀ ਦਾ ਹਿੱਸਾ ਹੋ ਸਕਦੀ ਹੈ ਪਰ ਕੈਨੇਡਾ ਵਰਗੇ ਮਾਨਵੀ ਕਦਰਾਂ ਕੀਮਤਾਂ ਨੂੰ ਪ੍ਰਨਾਏ ਤੇ ਸਿਆਸਤ ਦੇ ਪ੍ਰਭਾਵ ਤੋਂ ਨਿਰਲੇਪ ਪੁਲਿਸ ਤੰਤਰ ਦੁਆਰਾ ਇਸ ਗੈਂਗਸਟਰਵਾਦ ਨੂੰ ਠੱਲ ਪਾਉਣ ਵਿਚ ਅਸਫਲਤਾ ਅਤੇ ਇਸਨੂੰ ਇਕ ਕੌਮੀ ਸੰਕਟ ਮੰਨਣ ਤੋਂ ਇਨਕਾਰੀ ਹੋਣਾ ਕਈ ਤਰਾਂ ਦੇ ਸ਼ੰਕੇ ਖੜੇ ਕਰਦਾ ਹੈ…