ਸੁਖਵਿੰਦਰ ਸਿੰਘ ਚੋਹਲਾ-
ਕੈਨੇਡਾ ਵਿਚ ਇਹਨੀਂ ਦਿਨੀਂ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਟੋਰਾਂਟੋ ਪੁਲਿਸ ਦੇ 7 ਅਧਿਕਾਰੀਆਂ ਨੂੰ ਸੰਗਠਿਤ ਅਪਰਾਧ ਜਗਤ ਨਾਲ ਸਬੰਧਾਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਬਹੁਤ ਹੀ ਮਾਯੂਸ ਕਰਨ ਅਤੇ ਸਾਫ ਸੁਥਰੇ ਸਿਸਟਮ ਪ੍ਰਤੀ ਵਿਸ਼ਵਾਸ ਦੇ ਤਿੜਕਣ ਵਾਂਗ ਹੈ। ਜਦੋਂ ਇਕ ਪਾਸੇ ਜਬਰੀ ਵਸੂਲੀ ਦੀਆਂ ਘਟਨਾਵਾਂ ਨੂੰ ਕੌਮੀ ਸੰਕਟ ਘੋਸ਼ਿਤ ਕੀਤੇ ਜਾਣ ਦੀ ਮੰਗ ਕਰਦਿਆਂ ਪੁਲਿਸ ਫੋਰਸ ਤੋਂ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਦੀ ਤਵੱਕੋਂ ਕੀਤੀ ਜਾ ਰਹੀ ਹੈ ਤਾਂ ਅਜਿਹੇ ਵਿਚ ਕੁਝ ਪੁਲਿਸ ਅਫਸਰਾਂ ਦੇ ਅਜਿਹੇ ਭ੍ਰਿਸ਼ਟਾਚਾਰੀ ਕਿਰਦਾਰ ਦਾ ਖੁਲਾਸਾ ਹੋਣਾ, ਲੋਕਾਂ ਦੇ ਪੁਲਿਸ ਪ੍ਰਸਾਸ਼ਨ ਪ੍ਰਤੀ ਵਿਸ਼ਵਾਸ ਨੂੰ ਭਾਰੀ ਸੱਟ ਮਾਰਨ ਵਾਲਾ ਹੈ। ਖਬਰ ਹੈ ਕਿ ਪਿਛਲੇ ਸਮੇਂ ਦੌਰਾਨ ਓਨਟਾਰੀਓ ਦੇ ਇਕ ਜੇਲ ਅਧਿਕਾਰੀ ਜੋ ਅਪਰਾਧੀਆਂ ਖਿਲਾਫ ਸਖਤ ਰਵੱਈਏ ਕਾਰਣ ਉਹਨਾਂ ਦੀ ਹਿੱਟ ਲਿਸਟ ਤੇ ਸੀ, ਨੂੰ ਮਾਰਨ ਦੀ ਸਾਜਿਸ਼ ਦੇ ਨਾਕਾਮ ਹੋਣ ਉਪਰੰਤ ਯੌਰਕ ਰੀਜਨਲ ਪੁਲਿਸ ਵਲੋਂ ਪਿਛਲੇ ਸਾਲ ਜੂਨ ਮਹੀਨੇ ਵਿਚ ਇਕ ਗੁਪਤ ਜਾਂਚ ਆਰੰਭੀ ਗਈ ਸੀ ਜਿਸ ਵਿਚ ਇਹ ਪੁਲਿਸ ਅਧਿਕਾਰੀ ਦੋਸ਼ੀ ਪਾਏ ਗਏ । ਇਹਨਾਂ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸੰਗਠਿਤ ਅਪਰਾਧ ਦੇ ਸਰਗਣਿਆਂ ਨੂੰ ਜਾਣਕਾਰੀ ਲੀਕ ਕਰਨ, ਰਿਸ਼ਵਤ ਲੈਣ, ਦਸਤਾਵੇਜਾਂ ਦੀ ਚੋਰੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸਹਿਯੋਗ ਕਰਨ, ਉਹਨਾਂ ਨੂੰ ਬਚਾਉਣ, ਵਿਸਾਹਘਾਤ ਅਤੇ ਅਪਰਾਧਿਕ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ। ਟੋਰਾਂਟੋ ਪੁਲੀਸ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੁਝ ਕਾਲੀਆਂ ਭੇਡਾਂ ਦਾ ਪ੍ਰਛਾਵਾਂ ਓਨਟਾਰੀਓ ਦੇ ਉਹਨਾਂ 8500 ਵਰਦੀਧਾਰੀ ਅਧਿਕਾਰੀਆਂ ’ਤੇ ਨਹੀਂ ਪੈਣ ਦਿੱਤਾ ਜਾਏਗਾ, ਜੋ ਲੋਕਾਂ ਦੀ ਸੁਰੱਖਿਆ ਲਈ ਤਨਦੇਹੀ, ਇਮਾਨਦਾਰੀ ਤੇ ਸ਼ਿੱਦਤ ਨਾਲ ਆਪਣੇ ਫਰਜ਼ ਨਿਭਾਅ ਰਹੇ ਹਨ। ਇਸ ਸਬੰਧੀ ਯੌਰਕ ਪੁਲੀਸ ਮੁਖੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭ੍ਰਿਸ਼ਟ ਪੁਲੀਸ ਅਫਸਰਾਂ ਦੇ ਫੜੇ ਜਾਣ ਦੀ ਖਬਰ ਨਾਲ ਦੇਸ਼ ਦੇ ਸਾਰੇ ਪੁਲੀਸ ਵਿਭਾਗਾਂ ਸਮੇਤ ਜਨਤਕ ਅਦਾਰਿਆਂ ਵਿਚ ਭਾਰੀ ਹੜਕੰਪ ਵਾਲੀ ਸਥਿਤੀ ਹੈ ਕਿਉਂਕਿ ਕੁਝ ਭ੍ਰਿਸ਼ਟ ਪੁਲਿਸ ਅਫਸਰਾਂ ਦੀ ਇਖਲਾਕੋਂ ਹੀਣੀ ਕਾਰਵਾਈ ਕਾਰਣ ਕੈਨੇਡੀਅਨ ਸਿਸਟਮ ’ਤੇ ਸਵਾਲ ਉੱਠਣੇ ਸੁਭਾਵਿਕ ਹਨ।
ਇਹਨਾਂ ਭ੍ਰਿਸ਼ਟ ਅਧਿਕਾਰੀਆਂ ਵਿਚ ਓਨਟਾਰੀਓ ਪੁਲਿਸ ਦੇ ਸੱਤ ਅਧਿਕਾਰੀ ਅਤੇ ਇੱਕ ਸੇਵਾਮੁਕਤ ਕਾਂਸਟੇਬਲ ਸਮੇਤ ਕੁਲ 27 ਲੋਕ ਸ਼ਾਮਲ ਹਨ ਜਿਨ੍ਹਾਂ ‘ਤੇ ਕੈਨੇਡਾ ਵਿੱਚ ਹੁਣ ਤੱਕ ਦੇ ਪੁਲਿਸ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡੀ ਜਾਂਚ ਵਿਚ ਦੋਸ਼ ਲਗਾਏ ਗਏ ਹਨ। ਇਹਨਾਂ ਵਿਚ ਇਕ ਦੋ ਅਧਿਕਾਰੀ ਅਜਿਹੇ ਹਨ ਜਿਹਨਾਂ ਦਾ ਪਿਛਲਾ ਰਿਕਾਰਡ ਵੀ ਬਹੁਤ ਮਾੜਾ ਰਿਹਾ ਹੈ ਪਰ ਇਸਦੇ ਬਾਵਜੂਦ ਉਹ ਪੁਲਿਸ ਫੋਰਸ ਵਿਚ ਤਾਇਨਾਤ ਰਹੇ। ਇਹਨਾਂ ਵਿਚ ਇਕ ਪੰਜਾਬੀ ਪਛਾਣ ਵਾਲਾ ਅਧਿਕਾਰੀ ਸੌਰਬਜੀਤ ਬੇਦੀ ਅਤੇ ਇਕ ਹੋਰ ਦਿਲਜੀਤ ਸਿੰਘ ਨਾਮ ਦਾ ਵਿਅਕਤੀ ਵੀ ਸ਼ਾਮਿਲ ਹੈ। ਰਿਪੋਰਟ ਵਿਚ ਖੁਲਾਸਾ ਹੈ ਕਿ ਇਹਨਾਂ ਅਧਿਕਾਰੀਆਂ ਵਲੋਂ ਅਪਰਾਧੀਆਂ ਨੂੰ ਦਿੱਤੀ ਗਈ ਜਾਣਕਾਰੀ ਕਾਰਣ ਕਈ ਥਾਈਂ ਗੋਲੀਬਾਰੀ ਅਤੇ ਫਿਰੌਤੀ ਦੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ ਹੈ। ਇਹ ਖੁਲਾਸਾ ਕੈਨੇਡੀਅਨ ਪੰਜਾਬੀ ਭਾਈਚਾਰੇ ਲਈ ਸਨਸਨੀਖੇਜ ਹੈ ਕਿਉਂਕਿ ਇਕ ਪਾਸੇ ਕੁਝ ਕੈਨੇਡੀਅਨ ਧਿਰਾਂ ਮੁਲਕ ਵਿਚ ਵਿਦੇਸ਼ੀ ਦਖਲਅੰਦਾਜੀ ਦੇ ਦੋਸ਼ ਲਗਾਉਦਿਆਂ ਜਬਰੀ ਵਸੂਲੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਈ ਜਿੰਮੇਵਾਰ ਦੱਸੇ ਜਾਂਦੇ ਭਾਰਤ ਦੇ ਲਾਰੈਂਸ ਬਿਸ਼ਨੋਈ ਗੈਂਗ ਪਿੱਛੇ ਭਾਰਤੀ ਏਜੰਸੀਆਂ ਦੇ ਹੱਥ ਹੋਣ ਦੀ ਗੱਲ ਕਰਦੀਆਂ ਹਨ ਪਰ ਦੂਸਰੇ ਪਾਸੇ ਕੈਨੇਡੀਅਨ ਪੁਲਿਸ ਦੇ ਅਧਿਕਾਰੀਆਂ ਦੇ ਗੈਂਗਸਟਰਾਂ ਤੇ ਅਪਰਾਧੀਆਂ ਨਾਲ ਸਬੰਧਾਂ ਅਤੇ ਭ੍ਰਿਸ਼ਟਾਚਾਰ ਦੇ ਖੁਲਾਸੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੰਦੇ ਹਨ।
ਯੌਰਕ ਰੀਜਨਲ ਪੁਲਿਸ ਵਲੋਂ ਭਾਵੇਂਕਿ ਆਪਣੇ ਇਕ ਅਧਿਕਾਰੀ ਉਪਰ ਅਪਰਾਧੀਆਂ ਵਲੋਂ ਕੀਤੇ ਗਏ ਕਾਤਲਾਨਾ ਹਮਲੇ ਉਪਰੰਤ ਇਹ ਲੰਬੀ ਤੇ ਵੱਡੀ ਜਾਂਚ ਆਰੰਭੀ ਗਈ ਤੇ ਕਾਲੀਆਂ ਭੇਡਾਂ ਦਾ ਪਰਦਾਫਾਸ਼ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਪਰ ਇਸ ਗੱਲ ਤੋਂ ਇਨਕਾਰੀ ਹੋਣਾ ਮੁਸ਼ਕਲ ਹੈ ਕਿ ਇਸ ਖੁਲਾਸੇ ਨੇ ਲੋਕਾਂ ਦੇ ਪੁਲਿਸ ਤੰਤਰ ਪ੍ਰਤੀ ਵਿਸ਼ਵਾਸ ਨੂੰ ਵੱਡੀ ਸੱਟ ਮਾਰਨ ਦਾ ਵੀ ਕੰਮ ਕੀਤਾ ਹੈ। ਪੁਲਿਸ ਇਤਿਹਾਸ ਵਿਚ ਦਰਜ ਹੈ ਕਿ ਆਧੁਨਿਕ ਪੁਲਿਸਿੰਗ ਦੇ ਸੰਸਥਾਪਕ ਸਰ ਰੌਬਰਟ ਪੀਲ ਨੇ 1829 ਵਿੱਚ ਲੰਡਨ ਮੈਟਰੋਪੋਲੀਟਨ ਪੁਲਿਸ ਫੋਰਸ ਦੀ ਸਿਰਜਣਾ ਕਰਦੇ ਸਮੇਂ ਕਿਹਾ ਸੀ ਕਿ “ਪੁਲਿਸ ਜਨਤਾ ਹੈ ਅਤੇ ਜਨਤਾ ਪੁਲਿਸ ਹੈ। ਉਹਨਾਂ ਵਲੋਂ ਇਹ ਕਹਿਣ ਦਾ ਭਾਵ ਸੀ ਕਿ ਪੁਲਿਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ, ਜਨਤਾ ਦਾ ਵਿਸ਼ਵਾਸ ਜਿੱਤਣਾ ਅਤੇ ਸਹਿਯੋਗੀ ਹੋਣਾ ਪਹਿਲੀ ਸ਼ਰਤ ਹੈ। ਪਰ ਸ਼ਹਿਰੀਆਂ ਲਈ ਪ੍ਰਭਾਵਸ਼ਾਲੀ ਪੁਲਿਸਿੰਗ ਦੇ ਉਸ ਮੁੱਖ ਸਿਧਾਂਤ ਨੂੰ ਪੁਲਿਸ ਵਿਚ ਭ੍ਰਿਸ਼ਟਾਚਾਰ ਦੇ ਖੁਲਾਸੇ ਨਾਲ ਭਾਰੀ ਝਟਕਾ ਲੱਗਾ ਹੈ। ਇਸ ਦੌਰਾਨ ਯੌਰਕ ਪੁਲਿਸ ਮੁਖੀ ਦੀ ਇਹ ਟਿਪਣੀ ਵੀ ਮਹੱਤਵਪੂਰਣ ਹੈ ਕਿ ਇਸ ਜਾਂਚ ਦੇ ਖੁਲਾਸੇ ਨੇ ਪੂਰੇ ਪੁਲਿਸ ਤੰਤਰ ਨੂੰ ਸ਼ਰਮਸਾਰ ਕਰਨ ਦੇ ਨਾਲ ਲੋਕਾਂ ਦੇ ਵਿਸ਼ਵਾਸ ਨੂੰ ਸੱਟ ਮਾਰਨ ਦਾ ਕੰਮ ਯਕੀਨਨ ਕੀਤਾ ਹੈ। ਉਹਨਾਂ ਇਸ ਦੇ ਨਾਲ ਲੋਕਾਂ ਨੂੰ ਧੀਰਜ ਬੰਨਾਉਣ ਦਾ ਯਤਨ ਕਰਦਿਆਂ ਇਹ ਵੀ ਕਿਹਾ ਹੈ ਕਿ ਉਹਨਾਂ ਦੀ 35 ਸਾਲ ਦੀ ਸਰਵਿਸ ਦੌਰਾਨ ਪਹਿਲਾਂ ਵੀ ਕਈ ਭ੍ਰਿਸ਼ਟ ਅਧਿਕਾਰੀ ਵਿਭਾਗੀ ਜਾਂਚ ਦੇ ਅੜਿਕੇ ਆਉਂਦੇ ਰਹੇ ਹਨ। 1995 ਤੋਂ 2005 ਦੌਰਾਨ ਆਰ ਸੀ ਐਮ ਪੀ ਵਲੋਂ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਕੀਤੀਆਂ ਗਈਆਂ ਜਾਂਚਾਂ ਦੌਰਾਨ 204 ਅਧਿਕਾਰੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਦੋਸ਼ੀ ਪਾਏ ਗਏ ਸਨ। ਸਾਲ 2014 ਦੌਰਾਨ ਮੌਂਟਰੀਅਲ ਪੁਲਿਸ ਦੇ ਸੀਨੀਅਰ ਅਧਿਕਾਰੀ ਰੋਬਰਜ ਨੂੰ ਨਸਲਵਾਦੀ ਗੈਂਗ ਹੈਲਜ ਏਂਜਲਜ ਨਾਲ ਸਬੰਧਾਂ ਕਾਰਣ 8 ਸਾਲ ਦੀ ਸਜਾ ਹੋਈ ਸੀ। 2022 ਵਿਚ ਓਨਟਾਰੀਓ ਟੋਇੰਗ ਇੰਡਸਟਰੀ ਖਿਲਾਫ ਅਪਰਾਧਿਕ ਜਾਂਚ ਦੌਰਾਨ ਪ੍ਰੋਵਿੰਸ਼ੀਪਲ ਪੁਲਿਸ ਦੇ 6 ਅਧਿਕਾਰੀ ਦੋਸ਼ੀ ਪਾਏ ਗਏ ਸਨ। 2024 ਦੀ ਇਕ ਤਾਜਾ ਘਟਨਾ ਵਿਚ ਆਰ ਸੀ ਐਮ ਪੀ ਦੇ ਇਕ ਖੁਫੀਆ ਅਧਿਕਾਰੀ ਕੈਮਰੂਨ ਓਰਟਿਸ ਨੂੰ ਸਰਕਾਰੀ ਸੂਚਨਾਵਾਂ ਲੀਕ ਕਰਨ ਅਤੇ ਵਿਭਾਗ ਨਾਲ ਵਿਸਾਹਘਾਤ ਲਈ 14 ਸਾਲ ਦੀ ਸਜਾ ਸੁਣਾਈ ਗਈ ਸੀ। ਇਹਨਾਂ ਘਟਨਾਵਾਂ ਦਾ ਜਿਕਰ ਇਹ ਕਹਿਣ ਲਈ ਕਾਫੀ ਹੈ ਕਿ ਕੈਨੇਡੀਅਨ ਪੁਲਿਸ ਵਿਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਕਾਰਵਾਈ ਕੋਈ ਨਵੀਂ ਘਟਨਾ ਨਹੀ ਹੈ ਪਰ ਕੈਨੇਡਾ ਵਿਚ ਅਸੁਰੱਖਿਆ ਅਤੇ ਡਰ ਦੇ ਮੌਜੂਦਾ ਮਾਹੌਲ ਵਿਚ ਅਪਰਾਧ ਜਗਤ ਦੇ ਸਰਗਣਿਆਂ ਨਾਲ 7 ਮੌਜੂਦਾ ਪੁਲਿਸ ਅਧਿਕਾਰੀਆਂ ਤੇ ਇਕ ਸਾਬਕਾ ਪੁਲਿਸ ਅਧਿਕਾਰੀ ਸਮੇਤ 27 ਲੋਕਾਂ ਦਾ ਅਪਰਾਧਿਕ ਭ੍ਰਿਸ਼ਟਾਚਾਰ ਸਾਹਮਣੇ ਆਉਣਾ ਬਹੁਤ ਵੱਡੀ ਤੇ ਕੈਨੇਡੀਅਨ ਸਿਸਟਮ ਨੂੰ ਹਿਲਾਉਣ ਵਾਲੀ ਘਟਨਾ ਹੈ। ਘੱਟ ਵਿਕਸਿਤ ਮੁਲਕਾਂ ਵਿਚ ਪੁਲਿਸ ਦੇ ਭ੍ਰਿਸ਼ਟਾਚਾਰ ਅਤੇ ਲੋਕਾਂ ਨਾਲ ਬੇਇਨਸਾਫੀ ਦੀਆਂ ਘਟਨਾਵਾਂ ਦਾ ਵਾਪਰਨਾ ਤਾਂ ਆਮ ਸਮਝਿਆ ਜਾਂਦਾ ਹੈ ਪਰ ਕੈਨੇਡਾ ਵਰਗੇ ਵਿਕਸਿਤ ਅਤੇ ਪੁਲਿਸ ਫੋਰਸ ਦੇ ਸਿਆਸਤ ਦੇ ਪ੍ਰਭਾਵ ਤੋਂ ਨਿਰਲੇਪ ਹੋਣ ਦੇ ਬਾਵਜੂਦ ਅਜਿਹਾ ਕੁਝ ਵਾਪਰਨਾ, ਬਹੁਤ ਹੀ ਚਿੰਤਾਜਨਕ ਤੇ ਸੰਦੇਹਪੂਰਣ ਹੈ। ਲੋਕਾਂ ਦੀ ਪੁਲਿਸ ਤੰਤਰ ਵਿਚ ਵਿਸ਼ਵਾਸ ਬਹਾਲੀ ਲਈ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਸਮਾਂਬੱਧ ਕਾਰਵਾਈ ਤੇ ਮਿਸਾਲੀ ਸਜਾ ਦੇ ਨਾਲ ਮੌਜੂਦਾ ਜਬਰੀ ਵਸੂਲੀ ਅਤੇ ਗੋਲੀਬਾਰੀ ਦੇ ਸੰਕਟ ਦਾ ਤੁਰੰਤ ਹੱਲ ਅਤੇ ਸੁਖਾਵੇਂ ਨਤੀਜੇ ਦੇਣਾ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੀ ਪਹਿਲੀ ਜਿੰਮੇਵਾਰੀ ਹੈ।
