ਸਰੀ ( ਮਹੇਸ਼ਇੰਦਰ ਸਿੰਘ ਮਾਂਗਟ)- ਕਲੋਵਰਡੇਲ ਵਿੱਚ ਤਿਆਰ ਹੋ ਰਹੇ ਨਵੇਂ ਹਸਪਤਾਲ ਅਤੇ ਕੈਂਸਰ ਕੇਅਰ ਸੈਂਟਰ ਦੀ ਤਰੱਕੀ ਦਾ ਪਿਛਲੇ ਹਫ਼ਤੇ ਮੈਦਾਨੀ ਦੌਰਾ ਕੀਤਾ ਗਿਆ। ਇਸ ਮੌਕੇ ਸਰੀ–ਫ਼ਲੀਟਵੁੱਡ ਤੋਂ ਐਮ ਐਲ ਏ ਅਤੇ ਮਾਈਨਿੰਗ ਮੰਤਰੀ ਜਗਰੂਪ ਸਿੰਘ ਬਰਾੜ ਨੇ ਸਾਈਟ ਦਾ ਜਾਇਜ਼ਾ ਲਿਆ ਅਤੇ ਚੱਲ ਰਹੇ ਕੰਮ ਦੀ ਰਫ਼ਤਾਰ ‘ਤੇ ਸੰਤੋਖ ਜਤਾਇਆ।
ਦੌਰੇ ਦੌਰਾਨ ਐਮ ਐਲ ਏ ਜਗਰੂਪ ਸਿੰਘ ਬਰਾੜ ਨੇ ਕਿਹਾ,
“ਕਲੋਵਰਡੇਲ ਹਸਪਤਾਲ ਅਤੇ ਕੈਂਸਰ ਕੇਅਰ ਸੈਂਟਰ ਸਰੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਲਈ ਇੱਕ ਇਤਿਹਾਸਕ ਪ੍ਰੋਜੈਕਟ ਹੈ। ਇੱਥੇ ਬਣ ਰਹੀ ਅਧੁਨਿਕ ਸਹੂਲਤ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਕਾਫ਼ੀ ਬਿਹਤਰ ਬਣਾਏਗੀ ਅਤੇ ਮਰੀਜ਼ਾਂ ਨੂੰ ਸਮੇਂ-ਸਿਰ ਇਲਾਜ ਮਿਲੇਗਾ।” ਉਨ੍ਹਾਂ ਨੇ ਹੋਰ ਕਿਹਾ ਕਿ ਇਹ ਪੂਰੀ ਸੇਵਾਵਾਂ ਵਾਲਾ ਹਸਪਤਾਲ 55-ਸਪੇਸ ਐਮਰਜੈਂਸੀ ਡਿਪਾਰਟਮੈਂਟ, ਵਧੀਕ ਸਰਜੀਕਲ ਸਮਰੱਥਾ ਅਤੇ ਕੈਂਸਰ ਕੇਅਰ ਤੱਕ ਸੁਧਰੀ ਪਹੁੰਚ ਨਾਲ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ।
ਰੋਜ਼ਗਾਰ ਸਿਰਜਣ ਬਾਰੇ ਗੱਲ ਕਰਦਿਆਂ ਐਮਐਲਏ ਬਰਾੜ ਨੇ ਦੱਸਿਆ, “ਇਹ ਪ੍ਰੋਜੈਕਟ ਸਿਰਫ਼ ਸਿਹਤ ਸੇਵਾਵਾਂ ਹੀ ਨਹੀਂ, ਸਗੋਂ ਸੈਂਕੜਿਆਂ ਪਰਿਵਾਰਾਂ ਲਈ ਰੋਜ਼ਗਾਰ ਦੇ ਮੌਕੇ ਵੀ ਲੈ ਕੇ ਆ ਰਿਹਾ ਹੈ। ਅੱਜ ਸਾਈਟ ‘ਤੇ ਲਗਭਗ 400 ਕਰਮਚਾਰੀ ਕੰਮ ਕਰ ਰਹੇ ਹਨ ਅਤੇ ਅਗਲੇ ਚਰਣਾਂ ਵਿੱਚ ਇਹ ਗਿਣਤੀ 1,500 ਤੱਕ ਪਹੁੰਚੇਗੀ। KPU ਦੇ ਟਰੇਡਜ਼ ਵਿਦਿਆਰਥੀਆਂ ਲਈ ਅਪਰੈਂਟਿਸਸ਼ਿਪ ਦੇ ਮੌਕੇ ਭਵਿੱਖ ਦੀ ਸਕਿਲਡ ਵਰਕਫੋਰਸ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।”
ਉਨ੍ਹਾਂ ਨੇ ਪ੍ਰੋਜੈਕਟ ਵਿੱਚ ਸ਼ਾਮਲ 49-ਸਪੇਸ ਆਨ-ਸਾਈਟ ਚਾਈਲਡਕੇਅਰ ਸੈਂਟਰ ਦੀ ਵੀ ਸ਼ਲਾਘਾ ਕਰਦਿਆਂ ਕਿਹਾ,
“ਹੈਲਥ-ਕੇਅਰ ਵਰਕਰਾਂ ਲਈ ਆਨ-ਸਾਈਟ ਚਾਈਲਡਕੇਅਰ ਇੱਕ ਬੇਮਿਸਾਲ ਕਦਮ ਹੈ, ਜੋ ਪਰਿਵਾਰਾਂ ਨੂੰ ਸਹਾਰਾ ਦੇਣ ਦੇ ਨਾਲ-ਨਾਲ ਸਾਡੇ ਸਿਹਤ ਪ੍ਰਣਾਲੀ ਨੂੰ ਲੰਮੇ ਸਮੇਂ ਲਈ ਮਜ਼ਬੂਤ ਕਰੇਗਾ।”
ਐਮ ਐਲ ਏ ਜਗਰੂਪ ਸਿੰਘ ਬਰਾੜ ਨੇ ਵਿਸ਼ਵਾਸ ਜਤਾਇਆ ਕਿ ਕਲੋਵਰਡੇਲ ਹਸਪਤਾਲ ਅਤੇ ਕੈਂਸਰ ਕੇਅਰ ਸੈਂਟਰ ਪੂਰਾ ਹੋਣ ਤੋਂ ਬਾਅਦ ਸਰੀ ਅਤੇ ਆਲੇ-ਦੁਆਲੇ ਦੇ ਸਮੁਦਾਇ ਲਈ ਉੱਚ-ਪੱਧਰੀ ਸਿਹਤ ਸੇਵਾਵਾਂ ਦਾ ਕੇਂਦਰ ਬਣੇਗਾ।
