Mar 7, 2026

ਕੈਨੇਡਾ ਵਿਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਤੇ ਹਰ ਪੰਜਾਬੀ ਨੂੰ ਮਾਣ- ਡਾ ਚੀਮਾ-

ਮੁਨੀਸ਼ ਜਿੰਦਲ ਦੀ ਪੁਸਤਕ ‘ਸਾਡਾ ਪੰਜਾਬ’ ਮਹਿਮਾਨਾਂ ਨੂੰ ਪਿਆਰ ਸਹਿਤ ਭੇਟ-

ਚੰਡੀਗੜ ( ਦੇ ਪ੍ਰ ਬਿ)- ਕੈਨੇਡਾ ਤੋਂ ਭਾਰਤ ਦੇ ਦੌਰੇ ‘ਤੇ ਆਏ ਕੈਲਗਰੀ ਤੋਂ ਕੰਸਰਵੋਟਿਵ ਐਮ ਪੀ ਅਤੇ ਸ਼ੈਡੋ ਮਨਿਸਟਰ  ਸ ਜਸਰਾਜ ਸਿੰਘ ਹੱਲਣ ਅਤੇ ਐਮ ਪੀ ਸ ਅਮਨਪ੍ਰੀਤ ਸਿੰਘ ਗਿੱਲ ਦਾ ਬੀਤੀ ਸ਼ਾਮ ਮੁਹਾਲੀ ਕਲੱਬ ਵਿਖੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ ਅਤੇ ‘ਸਾਡਾ ਪੰਜਾਬ ਇੰਸਟੀਚਿਊਟ’ ਦੇ ਮੁਖੀ ਸ੍ਰੀ ਮੁਨੀਸ਼ ਜਿੰਦਲ ਵੱਲੋਂ ਆਯੋਜਿਤ ਇਕ ਸ਼ਾਨਦਾਰ ਸਮਾਗਮ ਵਿੱਚ ਭਰਵਾਂ ਸਵਾਗਤ ਕੀਤਾ ਗਿਆ ।

ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਖ-ਵੱਖ ਵਰਗਾਂ ਦੀਆਂ ਅਹਿਮ ਸ਼ਖਸੀਅਤਾਂ ਸ਼ਾਮਲ ਹੋਈਆਂ, ਜਿਹਨਾਂ ਨੇ ਕੈਨੇਡੀਅਨ ਐਮ ਪੀਜ਼ ਦਾ ਸਵਾਗਤ ਕਰਦਿਆਂ ਇਕ ਭਾਵਪੂਰਤ ਸੰਵਾਦ ਰਚਾਇਆ। ਉਘੇ ਟੀਵੀ ਹੋਸਟ ਪਰਮਵੀਰ ਸਿੰਘ ਬਾਠ ਵਲੋਂ ਸਮਾਗਮ ਦੀ ਸ਼ੁਰੂਆਤ ਦੇ ਨਾਲ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਉਣ ਉਪਰੰਤ ਪ੍ਰੋਗਰਾਮ ਦੇ ਹੋਸਟ ਡਾ ਦਲਜੀਤ ਸਿੰਘ ਚੀਮਾ ਦੇ ਨਾਲ ਮਾਣਯੋਗ ਐਮ ਪੀਜ਼ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਸ੍ਰੀ ਮਨੀਸ਼ ਜਿੰਦਲ ਦੁਆਰੀ ਲਿਖੀ ਪੰਜਾਬ ਦੇ ਇਤਿਹਾਸ ਅਤੇ ਸਰਬਪੱਖੀ ਜਾਣਕਾਰੀ ਸਬੰਧੀ ਪੁਸਤਕ ‘ਸਾਡਾ ਪੰਜਾਬ’ ਨੂੰ ਰੀਲੀਜ਼ ਕਰਨ ਦੇ ਨਾਲ ਪੁਸਤਕਾਂ ਦਾ ਇੱਕ ਇੱਕ ਸੈਟ ਆਏ ਮਹਿਮਾਨਾਂ ਨੂੰ ਭੇਟ ਕੀਤਾ ਗਿਆ। ਇਸ ਦੌਰਾਨ ਸੇਵਾਮੁਕਤ ਬ੍ਰਿਗੇਡੀਅਰ ਸ ਕੁਲਦੀਪ ਸਿੰਘ ਬਰਾੜ ਵੱਲੋਂ ਲਿਖੀ ਵਡਮੁੱਲੀ ਕਿਤਾਬ ਵੀ ਕੈਨੇਡੀਅਨ ਐਮ ਪੀਜ਼ ਨੂੰ ਪਿਆਰ ਸਹਿਤ ਭੇਟ ਕੀਤੀ ਗਈ। ਰਬਾਬ ਸਟੂਡੀਓ ਮੁਹਾਲੀ ਦੇ ਸ਼੍ਰੀ ਅਸ਼ਵਨੀ ਸ਼ਰਮਾ ਅਤੇ ਸਾਬਕਾ ਕੌਂਸਲਰ ਬੀਬੀ ਕੁਲਦੀਪ ਕੋਰ ਕੰਗ ਵੱਲੋਂ ਆਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਨੇਡੀਅਨ ਐਮ ਪੀਜ਼ ਸ ਜਸਰਾਜ ਸਿੰਘ ਹੱਲਣ ਤੇ ਅਮਨਪ੍ਰੀਤ ਸਿੰਘ ਗਿੱਲ ਦੇ ਨਾਲ ਸ਼ਾਮਿਲ ਹੋਰ ਸ਼ਖਸੀਅਤਾਂ ਵਿਚ ਕੈਲਗਰੀ ਤੋਂ  ਸ ਅਮਰਪ੍ਰੀਤ ਸਿੰਘ ਬੈਂਸ, ਸ ਸੁਖਵਿੰਦਰ ਸਿੰਘ ਚੋਹਲਾ, ਸੰਪਾਦਕ ਦੇਸ਼ ਪ੍ਰਦੇਸ਼ ਟਾਈਮਜ ਅਤੇ ਸ ਅੰਮ੍ਰਿਤਪਾਲ ਸਿੰਘ ਹੇਅਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਡਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਵਿਦੇਸ਼ਾਂ ਖਾਸ ਕਰਕੇ ਕੈਨੇਡਾ ਵਰਗੇ ਵਿਕਸਿਤ ਮੁਲਕ ਵਿਚ ਪੰਜਾਬੀ ਭਾਈਚਾਰੇ ਨੇ ਮਿਹਨਤ ਤੇ ਲਗਨ ਨਾਲ ਕੈਨੇਡੀਅਨ ਸਮਾਜ ਵਿਚ ਅਹਿਮ ਮੁਕਾਮ ਸਥਾਪਿਤ ਕੀਤਾ ਹੈ। ਸਾਰਿਆਂ ਨੂੰ ਇਸ ਗੱਲ ਦਾ ਬਹੁਤ ਵੱਡਾ ਮਾਣ ਹੈ ਕਿ ਸਾਡੇ ਆਪਣੇ ਪੰਜਾਬੀ ਕਨੇਡਾ ਦੀ ਧਰਤੀ ‘ਤੇ ਜਾ ਕੇ ਕਿੱਡੇ ਵੱਡੇ ਮਾਣ ਹਾਸਲ ਕਰ ਰਹੇ ਹਨ । ਉਹਨਾਂ ਕੈਨੇਡੀਅਨ ਐਮ ਪੀਜ਼ ਵਲੋਂ ਪੰਜਾਬ ਦੀ ਫੇਰੀ ਦੌਰਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਦਰਸ਼ਨ ਕਰਨ ਅਤੇ ਵੱਖ ਵੱਖ ਸੰਸਥਾਵਾਂ ਅਤੇ ਉਘੀਆਂ ਹਸਤੀਆਂ ਅਤੇ ਸਥਾਨਕ ਲੋਕਾਂ ਨਾਲ ਮੇਲ ਮਿਲਾਪ ਕਰਨ ਨੂੰ ਗਲੋਬਲ ਪੰਜਾਬੀ ਭਾਈਚਾਰੇ ਵਿਚਾਲੇ ਸਾਂਝ, ਆਪਸੀ ਪਿਆਰ ਅਤੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਲਈ ਸ਼ੁਭ ਦੱਸਿਆ। ਉਹਨਾਂ ਹੋਰ ਕਿਹਾ ਕਿ ਇਹ ਆਪਸੀ ਸਾਂਝ ਅਤੇ ਸਮਝ ਹੀ ਦੇਸ਼ ਵਿਦੇਸ ਵਿਚ ਵਸਦੇ ਪੰਜਾਬੀਆਂ ਨੂੰ ਆਪਣੇ ਅਮੀਰ ਵਿਰਸੇ ਤੇ ਸਭਿਆਚਾਰਕ ਵਿਰਾਸਤ ਨਾਲ ਜੋੜਕੇ ਰੱਖਣ ਦੇ ਨਾਲ ਨਵੀਂ ਪੀੜੀ ਨੂੰ ਚੰਗੀ ਸੇਧ ਦੇ ਸਕਦੀ ਹੈ।

ਸਮਾਗਮ ਦੇ ਅੰਤ ਵਿਚ ਬ੍ਰਿਗੇਡੀਅਰ ਕੁਲਦੀਪ ਸਿੰਘ ਬਰਾੜ ਵਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਪ੍ਰਿਥੀਪਾਲ ਸਿੰਘ ਬੋਪਾਰਾਏ, ਦਿਲਪ੍ਰੀਤ ਸਿੰਘ ਬੋਪਾਰਾਏ, ਕਰਨਪ੍ਰੀਤ ਸਿੰਘ ਬੋਪਾਰਾਏ, ਆਸਦੀਪ ਸਿੰਘ ਚੀਮਾ, ਰਣਦੀਪ ਸਿੰਘ ਆਹਲੂਵਾਲੀਆ ਐਡੀਸ਼ਨਲ ਡਾਇਰੈਕਟਰ, ਹਰਪ੍ਰੀਤ ਸਿੰਘ ਸਿੰਘ , ਪਰਮਵੀਰ ਸਿੰਘ ਬਾਠ, ਆਨੰਦਪ੍ਰੀਤ ਸਿੰਘ, ਪ੍ਰੋ ਅਵਤਾਰ ਸਿੰਘ , ਦਵਿੰਦਰ ਸਿੰਘ ਭੰਗੂ ਰਈਆ, ਜਸਪ੍ਰੀਤ ਸਿੰਘ ਰੰਧਾਵਾ ਕੈਲਗਰੀ, ਹੁਨਰਪ੍ਰੀਤ ਸਿੰਘ ਸਹੋਤਾ ਕੈਲਗਰੀ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *