Screenshot
ਪ੍ਰਧਾਨ ਮੰਤਰੀ ਕਾਰਨੀ ਦੀ ਮਾਰਚ ਵਿਚ ਭਾਰਤ ਫੇਰੀ ਦੀ ਤਿਆਰੀ…
ਸੁਖਵਿੰਦਰ ਸਿੰਘ ਚੋਹਲਾ–
ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਭਾਰੀ ਟੈਰਿਫਾਂ ਅਤੇ ਲਗਾਤਾਰ ਕੈਨੇਡਾ ਨੂੰ ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਕੈਨੇਡਾ ਵਲੋਂ ਬਹੁਤ ਹੀ ਠਰੰਮੇ ਤੇ ਸਿਆਣਪ ਨਾਲ ਇਸਦਾ ਮੁਕਾਬਲਾ ਕਰਦਿਆਂ ਅਮਰੀਕਾ ਤੇ ਨਿਰਭਰਤਾ ਘਟਾਉਣ ਅਤੇ ਆਪਣੀ ਆਰਥਿਕ ਮਜ਼ਬੂਤੀ ਵਾਸਤੇ ਅਮਰੀਕਾ ਤੋਂ ਬਾਹਰ ਯੂਰਪ ਅਤੇ ਏਸ਼ੀਅਨ ਮੁਲਕਾਂ ਨਾਲ ਦੁਵੱਲੇ ਸਬੰਧਾਂ ਉਪਰ ਜੋਰ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਕਾਰਨੀ ਜੋ ਕਿ ਖੁਦ ਇਕ ਪ੍ਰਸਿੱਧ ਅਰਥ ਸ਼ਾਸ਼ਤਰੀ ਹਨ ਨੇ ਪਿਛਲੇ ਸਮੇਂ ਦੌਰਾਨ ਅਮਰੀਕੀ ਧੌਂਸ ਨੂੰ ਮੰਨਣ ਤੋਂ ਇਨਕਾਰੀ ਹੁੰਦਿਆਂ ਡਾਵੋਸ ਵਿਖੇ ਵਿਸ਼ਵ ਆਰਥਿਕ ਫੋਰਮ ਦੌਰਾਨ ਜੋ ਦਲੇਰੀ ਤੇ ਸੂਝ ਦਾ ਪ੍ਰਗਟਾਵਾ ਕੀਤਾ, ਉਸਨੇ ਇਹ ਜਾਹਰ ਕਰ ਦਿੱਤਾ ਕਿ ਕੈਨੇਡਾ ਵਿਸ਼ਵ ਵਿਚ ਆਪਣੀ ਥਾਂ ਬਣਾਉਣ ਲਈ ਆਪਣਾ ਰਸਤਾ ਖੁਦ ਤਲਾਸ਼ਣ ਦੀ ਮੁਹਿੰਮ ਤੇ ਹੈ। ਪ੍ਰਧਾਨ ਮੰਤਰੀ ਕਾਰਨੀ ਲਗਾਤਾਰ ਯੂਰਪ ਅਤੇ ਏਸ਼ੀਅਨ ਮੁਲਕਾਂ ਨਾਲ ਆਰਥਿਕ ਸਬੰਧਾਂ ਨੂੰ ਅੱਗੇ ਵਧਾਉਣ ਦੇ ਯਤਨ ਕਰ ਰਹੇ ਹਨ। ਖਬਰ ਹੈ ਕਿ ਉਹ ਮਾਰਚ ਵਿਚ ਏਸ਼ੀਅਨ ਮੁਲਕਾਂ ਦਾ ਦੌਰਾ ਕਰ ਰਹੇ ਜਿਸ ਵਿਚ ਉਹਨਾਂ ਦੀ ਭਾਰਤ ਫੇਰੀ ਵੀ ਅਹਿਮ ਮੰਨੀ ਜਾਂਦੀ ਹੈ। ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਦੀ ਸੂਚਨਾ ਮੁਤਾਬਿਕ ਪ੍ਰਧਾਨ ਮੰਤਰੀ ਕਾਰਨੀ ਮਾਰਚ ਦੇ ਸ਼ੁਰੂ ਵਿੱਚ ਭਾਰਤ ਦਾ ਦੋ ਦਿਨਾਂ ਦੌਰਾ ਕਰਨਗੇ। ਰਾਜਧਾਨੀ ਨਵੀਂ ਦਿੱਲੀ ਅਤੇ ਮੁੰਬਈ ਵਿਚ ਉਚ ਪੱਧਰੀ ਗੱਲਬਾਤ ਦੌਰਾਨ ਦੋਵਾਂ ਮੁਲਕਾਂ ਵਲੋਂ ਵਿਆਪਕ ਵਪਾਰ ਸਮਝੌਤੇ ਤੇ ਸਹੀ ਪਾਉਣ ਦੀ ਉਮੀਦ ਹੈ। ਇਸ ਸਮਝੌਤੇ ਲਈ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ, ਵਪਾਰ, ਊਰਜਾ, ਖੇਤੀਬਾੜੀ-ਭੋਜਨ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਸਮੇਤ ਇੱਕ ਵਿਆਪਕ ਏਜੰਡਾ ਹੋਵੇਗਾ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਾਲ ਨਾਲ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਅਤੇ ਹੋਰ ਕਈ ਕੈਬਨਿਟ ਮੰਤਰੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।
ਪਿਛਲੇ ਕੁਝ ਸਾਲਾਂ ਤੋਂ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧਾਂ ਵਿਚ ਆਏ ਤਣਾਅ ਉਪਰੰਤ ਹੁਣ ਦੋਵਾਂ ਮੁਲਕਾਂ ਵਿਚ ਇਹ ਸਬੰਧ ਆਮ ਵਰਗੇ ਹੋਣ ਦੀ ਕਨਸੋਅ ਹੈ। ਦੋਵਾਂ ਮੁਲਕਾਂ ਵਿਚਾਲੇ ਫਰਵਰੀ 2018 ਵਿਚ ਤਤਕਾਲੀ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਨਿਰਾਸ਼ਜਨਕ ਫੇਰੀ ਉਪਰੰਤ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਹੋਣ ਅਤੇ ਪ੍ਰਧਾਨ ਮੰਤਰੀ ਟਰੂਡੋ ਵਲੋਂ ਸੰਸਦ ਵਿਚ ਇਸ ਕਤਲ ਪਿਛੇ ਭਾਰਤੀ ਏਜੰਸ਼ੀਆਂ ਦਾ ਹੱਥ ਹੋਣ ਦਾ ਦੋਸ਼ ਲਗਾਏ ਜਾਣ ਕਾਰਣ ਦੋਵਾਂ ਮੁਲਕਾਂ ਦੇ ਸਬੰਧਾਂ ਵਿਚ ਵੱਡਾ ਵਿਗਾੜ ਆ ਗਿਆ ਸੀ। ਭਾਰਤ ਵਲੋਂ ਇਹਨਾਂ ਦੋਸ਼ਾਂ ਨੂੰ ਮੁੱਢੋਂ ਨਕਾਰਨ ਦੇ ਬਾਵਜੂਦ ਦੋਵਾਂ ਮੁਲਕਾਂ ਨੇ ਇਕ ਦੂਸਰੇ ਦੇ ਡਿਪਲੋਮੈਟ ਵੀ ਕੱਢ ਦਿੱਤੇ ਸਨ। ਪਰ ਹੁਣ ਸੱਤਾ ਵਿਚ ਤਬਦੀਲੀ ਪਿੱਛੇ ਪ੍ਰਧਾਨ ਮੰਤਰੀ ਕਾਰਨੀ ਨੇ ਭਾਰਤ ਨਾਲ ਸਬੰਧਾਂ ਵਿਚ ਵੱਡਾ ਸੁਧਾਰ ਲਿਆਂਦਾ ਹੈ। ਪ੍ਰਧਾਨ ਮੰਤਰੀ ਕਾਰਨੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸਾਲ ਵਿਚ ਦੋ ਵਾਰ ਮਿਲ ਚੁੱਕੇ ਹਨ। ਉਨ੍ਹਾਂ ਦੀ ਪਹਿਲੀ ਮੁਲਾਕਾਤ ਜੂਨ 2025 ਵਿੱਚ ਕਨਾਨਾਸਕਿਸ ਵਿੱਚ ਜੀ-7 ਸਿਖਰ ਸੰਮੇਲਨ ਦੌਰਾਨ ਹੋਈ ਸੀ।ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਵਿਸ਼ੇਸ਼ ਸੱਦੇ ਤੇ ਬੁਲਾਇਆ ਗਿਆ ਸੀ। ਇਸ ਉਪਰੰਤ ਨਵੰਬਰ ਵਿਚ ਜੀ-20 ਮੁਲਕਾਂ ਦੇ ਜੌਹਨਸਬਰਗ ਵਿਚ ਹੋਏ ਸੰਮੇਲਨ ਦੌਰਾਨ ਵੀ ਦੋਵੇ ਆਗੂ ਮਿਲੇ ਸਨ। ਜੌਹਸਨਬਰਗ ਵਿਖੇ ਸੰਮੇਲਨ ਦੌਰਾਨ ਹੀ ਦੋਵਾਂ ਆਗੂਆਂ ਨੇ ਵਿਆਪਕ ਗੱਲਬਾਤ ਨੂੰ ਅੱਗੇ ਵਧਾਉਣ ਦੀ ਸਹਿਮਤੀ ਦਿੱਤੀ ਸੀ। ਸਮਝਿਆ ਜਾਂਦਾ ਹੈ ਕਿ ਅਮਰੀਕੀ ਦਬਾਅ ਕਾਰਣ ਵਿਸ਼ਵ ਪੱਧਰ ਤੇ ਪੈਦਾ ਹੋਈ ਆਰਥਿਕ ਖਿਚੋਤਾਣ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਦੀ ਭਾਰਤ ਫੇਰੀ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਇਕ ਨਵਾਂ ਹੁਲਾਰਾ ਦੇਣ ਦੇ ਨਾਲ ਦੁਵੱਲੇ ਸਬੰਧਾਂ ਨੂੰ ਵੀ ਇਕ ਨਵੇਂ ਅਰਥ ਪ੍ਰਦਾਨ ਕਰੇਗੀ। ਇਸੇ ਦੌਰਾਨ ਦੋਵਾਂ ਮੁਲਕਾਂ ਵਿਚਾਲੇ ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨੀ ਕਾਰਵਾਈਆਂ ਬਾਰੇ ਇੱਕ ‘ਸਾਂਝੀ ਕਾਰਜ ਯੋਜਨਾ’ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਓਟਵਾ ਫੇਰੀ, ਜੋ ਕਿ ਖਾਲਿਸਤਾਨੀ ਸਮਰਥਕਾਂ ਦੇ ਦਬਾਅ ਦੇ ਬਾਵਜੂਦ ਉਨ੍ਹਾਂ ਦੀ ਪਹਿਲੀ ਕੈਨੇਡਾ ਫੇਰੀ ਸੀ ਇਹ ਸੰਕੇਤ ਦਿੰਦੀ ਹੈ ਕਿ ਦੋਵੇਂ ਮੁਲਕ ਆਪਸੀ ਦੂਸ਼ਣਬਾਜ਼ੀ ਤੋਂ ਪਰ੍ਹੇ ਹੋ ਕੇ ਵਿਹਾਰਕ ਗੱਲਬਾਤ ਵੱਲ ਵਧਣ ਲਈ ਤਿਆਰ ਹਨ। ਇਸ ਕੜੀ ਵਿੱਚ ਇੱਕ ਦੂਜੇ ਦੇ ਦੇਸ਼ਾਂ ’ਚ ਸੁਰੱਖਿਆ ਅਤੇ ਕਾਨੂੰਨੀ ਪਾਲਣਾ ਯਕੀਨੀ ਬਣਾਉਣ ਵਾਲੇ ਸੰਪਰਕ ਅਧਿਕਾਰੀ ਤਾਇਨਾਤ ਕਰਨ ਦਾ ਸਮਝੌਤਾ ਕਾਫ਼ੀ ਮਹੱਤਵਪੂਰਨ ਹੈ। ਇਹ ਕੇਵਲ ਪ੍ਰਤੀਕਾਤਮਕ ਸੰਕੇਤ ਨਹੀਂ, ਸਗੋਂ ਆਧੁਨਿਕ ਸੁਰੱਖਿਆ ਸਹਿਯੋਗ ਦੇ ਬੁਨਿਆਦੀ ਹਿੱਸੇ ਹਨ। ਕੌਮਾਂਤਰੀ ਗੈਂਗਾਂ ਅਤੇ ਨਸ਼ਾ ਤਸਕਰੀ ਦੇ ਤੰਤਰ ਨਾਲ ਨਜਿੱਠਣ ਲਈ ਸੁਚਾਰੂ ਸੰਚਾਰ ਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨਾ ਬਹੁਤ ਜ਼ਰੂਰੀ ਹੈ। ਇਹ ਅਜਿਹੇ ਖ਼ਤਰੇ ਹਨ, ਜੋ ਕਿਸੇ ਸਰਹੱਦ ਦੀ ਪਰਵਾਹ ਨਹੀਂ ਕਰਦੇ ਤੇ ਇਨ੍ਹਾਂ ਨਾਲ ਨਜਿੱਠਣ ਲਈ ਸਾਂਝੀ ਕਾਰਵਾਈ ਲੋੜੀਂਦੀ ਹੈ। ਦੋਵਾਂ ਮੁਲਕਾਂ ਵਿਚਾਲੇ ਇਸ ਸਮਝੌਤੇ ਤਹਿਤ ਸਾਈਬਰ ਸੁਰੱਖਿਆ, ਧੋਖਾਧੜੀ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਸਮਝੌਤੇ ਦਾ ਅਰਥ ਹੈ ਕਿ ਕੈਨੇਡਾ ਅਤੇ ਭਾਰਤ ਵਿਚ ਗੈਂਗਸਟਰਵਾਦ ਅਤੇ ਡਰੱਗ ਸਮੱਗਲਰਾਂ ਦੇ ਨੈਟਵਰਕ ਨੂੰ ਸਮਝਣ ਅਤੇ ਤੋੜਨ ਲਈ ਦੋਵੇਂਂ ਮੁਲਕ ਆਪਸੀ ਸਹਿਯੋਗ ਅਤੇ ਸੂਚਨਾ ਵਟਾਂਦਰੇ ਨਾਲ ਠੋਸ ਕਾਰਵਾਈ ਦੇ ਸਮਰੱਥ ਹੋ ਪਾਉਣਗੇ।
ਇਸੇ ਦੌਰਾਨ ਕੈਨੇਡਾ ਵਿਚ ਸਰਗਰਮ ਖਾਲਿਸਤਾਨੀ ਪੱਖੀ ਸਮਰਥਕਾਂ ਨੇ ਕੈਨੇਡਾ ਤੇ ਭਾਰਤ ਵਿਚਾਲੇ ਸਬੰਧਾਂ ਅਤੇ ਕਿਸੇ ਵੀ ਵਪਾਰਕ ਤੇ ਦੁਵੱਲੇ ਸਮਝੌਤੇ ਦਾ ਵਿਰੋਧ ਕਰਦਿਆਂ ਓਟਵਾ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸਤੋਂ ਪਹਿਲਾਂ ਵੀ ਬ੍ਰਿਟਿਸ਼ ਕੰਲੋਬੀਆ ਦੇ ਪ੍ਰੀਮੀਅਰ ਦੀ ਭਾਰਤ ਫੇਰੀ ਦਾ ਵਿਰੋਧ ਕਰਦਿਆਂ ਵਿਕਟੋਰੀਆ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਪਰ ਮੁਲਕਾਂ ਵਿਚਾਲੇ ਵੱਡੇ ਆਰਥਿਕ ਮਸਲਿਆਂ ਸਾਹਮਣੇ ਅਜਿਹੇ ਰੋਸ ਪ੍ਰਦਰਸ਼ਨ ਅਤੇ ਵਿਰੋਧਤਾ ਦੀ ਆਪਣੀ ਇਕ ਸੀਮਾ ਹੈ। ਹਾਲ ਦੀ ਘੜੀ ਦੋਵਾਂ ਮੁਲਕਾਂ ਵਿਚਾਲੇ ਆਰਥਿਕ ਅਤੇ ਦੁਵੱਲੇ ਸਬੰਧਾਂ ਨੂੰ ਵਿਆਪਕ ਪੱਧਰ ਤੇ ਅੱਗੇ ਲਿਜਾਣ ਦੀਆਂ ਕੋਸ਼ਿਸ਼ਾਂ ਦੇ ਅਰਥ ਭਵਿੱਖ ਨੂੰ ਨਿਰਧਾਰਿਤ ਕਰਨਗੇ।
ਧੰਨਵਾਦ ਸਹਿਤ- ਗੂਗਲ ਸਰੋਤ।
