Jun 3, 2026

??????????

ਦਰਬਾਰ ਸਾਹਿਬ ਮੱਥਾ ਟੇਕਿਆ- ਮੁੱਖ ਮੰਤਰੀ ਭਗਵੰਤ ਮਾਨ, ਅਕਾਲੀ ਦਲ ਦੇ ਪ੍ਰਧਾਨ ਬਾਦਲ ਅਤੇ ਮਜੀਠੀਆ ਤੇ ਹੋਰ ਕਈ ਆਗੂਆਂ ਨਾਲ ਮੁਲਾਕਾਤ-

ਅੰਮ੍ਰਿਤਸਰ ( ਦੇ ਪ੍ਰ ਬਿ)- ਐਡਮਿੰਟਨ (ਅਲਬਰਟਾ) ਤੋਂ ਐਮ ਪੀ ਅਤੇ ਕੈਨੇਡੀਅਨ ਸੰਸਦ ਵਿਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਟਿਮ ਉਪਲ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਰਿਵਾਰ ਸਮੇਤ ਭਾਰਤ ਦੇ ਨਿੱਜੀ ਦੌਰੇ ਤੇ ਹਨ। ਇਸ ਦੌਰਾਨ ਉਹਨਾਂ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।

ਇਸ ਮੌਕੇ ਉਨ੍ਹਾਂ ਨੂੰ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਸੂਚਨਾ ਅਧਿਕਾਰੀ ਰਣਧੀਰ ਸਿੰਘ ਨੇ ਸੱਚਖੰਡ ਹਰਿਮੰਦਰ ਸਾਹਿਬ ਦਾ ਸੁਨਿਹਰੀ ਮਾਡਲ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਸ ਉੱਪਲ ਨੇ ਕਿਹਾ ਕਿ ਸੱਚਖੰਡ ਹਰਿਮੰਦਰ ਸਾਹਿਬ ਦੁਨੀਆ ਅੰਦਰ ਵੱਸਦੇ ਸਿੱਖਾਂ ਲਈ ਵੱਡੀ ਆਸਥਾ ਦਾ ਕੇਂਦਰ ਹੈ, ਜਿਥੇ ਨਤਮਸਤਕ ਹੋ ਕੇ ਉਹ ਆਪਣੇ ਨੂੰ ਸੁਭਾਗਾ ਮਹਿਸੂਸ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ ਵੀ ਕੀਤਾ।

ਆਪਣੇ ਇਸ ਦੌਰੇ ਦੌਰਾਨ ਟਿਮ ਉਪਲ ਨੇ ਮੁੱਖ ਮੰਤਰੀ ਭਗਵੰਤ ਮਾਨ, ਅਕਾਲੀ ਦਲ ਦੇ ਪ੍ਰਧਾਨ ਸ  ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਸ ਬਿਕਰਮ ਸਿੰਘ ਮਜੀਠੀਆ ਤੇ ਹੋਰ ਕਈ ਆਗੂਆਂ  ਨਾਲ ਮੁਲਾਕਾਤ ਕੀਤੀ। ਸ ਬਾਦਲ ਅਤੇ ਸ ਮਜੀਠੀਆ ਨਾਲ ਵੱਖ ਵੱਖ ਮਿਲਣੀ ਦੌਰਾਨ ਕੈਨੇਡਾ-ਭਾਰਤ ਸਬੰਧਾਂ, ਪੰਜਾਬੀ ਐਨ ਆਰ ਆਈਜ ਅਤੇ ਕੌਮਾਂਤਰੀ ਵਿਦਿਆਰਥੀਆਂ ਦੇ ਮੁੱਦੇ ਤੇ ਵਿਚਾਰਾਂ ਹੋਈਆਂ। ਸ ਬਾਦਲ ਨੇ ਟਿਮ ਉਪਲ ਵਲੋਂ ਕੈਨੇਡੀਅਨ ਸਿਆਸਤ ਵਿਚ ਨਿਭਾਈ ਜਾ ਰਹੀ ਉਸਾਰੂ ਭੂਮਿਕਾ ਲਈ ਉਹਨਾਂ ਦੀ ਸ਼ਲਾਘਾ ਕੀਤੀ।