ਜਲੰਧਰ-ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਨੇ ਆਪਣਾ 11ਵਾਂ ਡਿਗਰੀ ਵੰਡ ਸਮਾਰੋਹ ਸ਼ਾਨੋ – ਸ਼ੌਕਤ ਢੰਗ ਨਾਲ ਮਨਾਇਆ। ਸ਼ਾਹਪੁਰ ਅਤੇ ਮਕਸੂਦਾਂ ਕੈਂਪਸ ਦੇ 1000 ਤੋਂ ਵੱਧ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। “ਗਿਆਨ ਦੀ ਜੋਤ ਅੱਗੇ ਵੱਧਦੀ ਹੈ” ਥੀਮ ਹੇਠ ਆਯੋਜਿਤ ਇਸ ਸਮਾਰੋਹ ਨੇ ਗੌਰਵ ਅਤੇ ਉਤਸ਼ਾਹ ਦਾ ਮਾਹੌਲ ਕਾਇਮ ਕੀਤਾ। ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਖੁਸ਼ੀ ਅਤੇ ਮਾਣ ਨਾਲ ਗੂੰਜ ਉਠਿਆ।
ਇੰਜੀਨੀਅਰਿੰਗ, ਆਰਕੀਟੈਕਚਰ, ਮੈਨੇਜਮੈਂਟ, ਫਾਰਮੇਸੀ, ਹੋਸਪਿਟੈਲਿਟੀ, ਕਾਨੂੰਨ ਅਤੇ ਡਿਪਲੋਮਾ ਕੋਰਸਾਂ ਦੇ ਵਿਦਿਆਰਥੀਆਂ ਨੇ ਪਰੰਪਰਾਗਤ ਅਕਾਦਮਿਕ ਵਸਤ੍ਰਾਂ ਵਿੱਚ ਆਪਣੀ ਸਾਲਾਂ ਦੀ ਮਿਹਨਤ ਦਾ ਫਲ ਪ੍ਰਾਪਤ ਕੀਤਾ।
ਮੁੱਖ ਮਹਿਮਾਨ ਪ੍ਰੋ. (ਡਾ.) ਸੁਸ਼ੀਲ ਮਿੱਤਲ, ਵਾਈਸ ਚਾਂਸਲਰ, ਆਈਕੇਜੀ – ਪੀਟੀਯੂ ਨੇ ਆਪਣੇ ਪ੍ਰੇਰਕ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਨਵਚੇਤਨਾ, ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਡਿਜ਼ੀਟਲ ਯੁੱਗ ਵਿੱਚ ਪ੍ਰਾਪਤ ਗਿਆਨ ਨੂੰ ਇਮਾਨਦਾਰੀ ਅਤੇ ਸੰਵੇਦਨਸ਼ੀਲਤਾ ਨਾਲ ਵਰਤਣਾ ਹੀ ਅਸਲ ਕਾਮਯਾਬੀ ਹੈ।
ਇਸ ਮੌਕੇ ‘ਤੇ ਵਿਸ਼ੇਸ਼ ਮਹਿਮਾਨਾਂ ਵਿੱਚ ਸ਼੍ਰੀ ਦੀਪਕ ਬਾਲੀ, ਡਾ. ਅਨੁਪਮ ਦੀਪ ਸ਼ਰਮਾ, ਸ਼੍ਰੀ ਸਰਵਜੀਤ ਸਿੰਘ ਸਮਰਾ, ਡਾ. ਨਵਦੀਪਕ ਸੰਧੂ ਅਤੇ ਸੁਸ਼੍ਰੀ ਕਾਮਨਾ ਅਗਰਵਾਲ ਸ਼ਾਮਲ ਸਨ।
ਸਮਾਰੋਹ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ ਦੇ ਤਮਗੇ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਰੋਹ ਦੀ ਅਗਵਾਈ ਕਰਦੇ ਹੋਏ ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਨੌਜਵਾਨ “ਗਿਆਨ ਦੇ ਮਸ਼ਾਲਚੀ” ਹਨ ਜੋ ਦੇਸ਼ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਅੰਤ ਵਿੱਚ ਰਵਾਇਤੀ ਟੋਪੀਆਂ ਉਛਾਲਣ ਦੀ ਰਸਮ ਨਾਲ ਸਮਾਰੋਹ ਦਾ ਸਮਾਪਨ ਹੋਇਆ, ਜੋ ਨਵੇਂ ਐਲੁਮਨੀ ਦੇ ਰੌਸ਼ਨ ਭਵਿੱਖ ਦੀ ਨਿਸ਼ਾਨੀ ਬਣੀ|
