ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)-ਉਘੇ ਲੇਖਕ ਸੁਰਿੰਦਰ ਸਿੰਘ ਸੰਘਾ ਨੇ ਕੈਨੇਡਾ ਵਿਚ ਭਾਰਤੀ ਲੋਕਾਂ ਦੇ ਸੰਘਰਸ਼ਮਈ ਜੀਵਨ ਤੇ ਆਧਾਰਿਤ ਇਕ ਪੁਸਤਕ ਲਿਖੀ ਹੈ। ਇਹ ਪੁਸਤਕ ਉਨ੍ਹਾਂ ਨੇ ਸਤਿਕਾਰ ਸਹਿਤ 15 ਮਾਰਚ ਐਤਵਾਰ ਨੂੰ ਹਫ਼ਤਾਵਾਰੀ ਦੀਵਾਨਾ ਵਿਚ ਗਿਆਨੀ ਹਰਮਿੰਦਰਪਾਲ ਸਿੰਘ ਨੂੰ ਭੇਟ ਕੀਤੀ। ਹੋਰ ਪੁਸਤਕਾਂ ਪ੍ਰਬੰਧਕ ਕਮੇਟੀ ਨੂੰ ਵੀ ਭੇਟ ਕੀਤੀਆਂ। ਇਸ ਵਿਚ ਉਨ੍ਹਾਂ ਨੇ ਭਾਰਤ ਦੀ 1903 ਤੋਂ ਕੈਨੇਡਾ ਦੀ ਆਮਦ ਬਾਰੇ ਵਿਸਥਾਰ ਪੂਰਵਕ ਲਿਖਿਆ ਹੈ। ਕਿੰਨਾ ਹਾਲਤਾਂ ਵਿਚ ਸਾਡੇ ਬਜ਼ੁਰਗਾਂ ਨੇ ਖ਼ਾਲਸਾ ਦੀਵਾਨ ਸੁਸਾਇਟੀ ਨੂੰ 1948 ਵਿਚ ਸਥਾਪਿਤ ਕੀਤੀ ਤੇ ਸੁਸਾਇਟੀ ਨੇ ਵੋਟ ਲੈਣ ਦੇ ਹੱਕ ਤੋਂ ਲੈ ਕੇ ਪਰਿਵਾਰ ਮੰਗਾਉਣ ਅਤੇ ਨਸਲੀ ਵਿਤਕਰੇ ਵਿਰੁੱਧ ਲੜੇ ਘੋਲ ਦਾ ਇਸ ਪੁਸਤਕ ਵਿਚ ਵਿਸਥਾਰ ਵਿਚ ਜ਼ਿਕਰ ਹੈ। ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਕੈਨੇਡਾ ਤੋਂ ਸਾਡੇ ਬਜ਼ੁਰਗਾਂ ਨੇ ਹਿੰਦੁਸਤਾਨ ਜਾ ਕੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਲੜਾਈ ਲੜੀ ਜਿਸ ਵਿਚ ਖ਼ਾਲਸਾ ਦੀਵਾਨ ਸੁਸਾਇਟੀ ਨਾਲ ਸਬੰਧਿਤ 14 ਸਿੰਘ ਸ਼ਹੀਦ ਹੋਏ ਅਤੇ ਅਨੇਕਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ।
ਖ਼ਾਲਸਾ ਦੀਵਾਨ ਸੁਸਾਇਟੀ ਨੂੰ 1914 ਵਿਚ ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਨੂੰ ਰਾਸ਼ਨ ਪਹੁੰਚਾਉਣ ਤੇ ਉਨ੍ਹਾਂ ਦਾ ਕੇਸ ਵੀ ਲੜਿਆ। ਹੋਰ ਵੀ ਅਨੇਕਾਂ ਕਾਰਜ ਖ਼ਾਲਸਾ ਦੀਵਾਨ ਸੁਸਾਇਟੀ ਨੇ ਕੀਤੇ। ਉਸ ਦਾ ਜ਼ਿਕਰ ਉਨ੍ਹਾਂ ਨੇ ਇਤਿਹਾਸਕ ਹਵਾਲਿਆਂ ਨਾਲ ਕੀਤਾ ਹੈ।
ਇਸ ਇਤਿਹਾਸਕ ਪੁਸਤਕ ਦੀ ਰਚਨਾ ਲਈ ਖਾਲਸਾ ਦੀਵਾਨ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਸੁਰਿੰਦਰ ਸੰਘਾ ਨੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਹ 50 ਸਾਲਾਂ ਤੋਂ ਖ਼ਾਲਸਾ ਦੀਵਾਨ ਸੁਸਾਇਟੀ ਨਾਲ ਜੁੜੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਖ਼ਾਲਸਾ ਦੀਵਾਨ ਸੁਸਾਇਟੀ ਨੂੰ ਸਮਰਪਿਤ ਹਨ।
