ਓਟਵਾ (ਮਹੇਸ਼ਇੰਦਰ ਸਿੰਘ ਮਾਂਗਟ ) ਕੈਨੇਡਾ ਸਰਕਾਰ ਨੇ ਪਾਸਪੋਰਟ ਸੇਵਾਵਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਲੀਨਾ ਮੈਟਲੇਗ ਡੀਆਬ ਵੱਲੋਂ ਐਲਾਨ ਕੀਤਾ ਗਿਆ ਹੈ ਕਿ 1 ਅਪ੍ਰੈਲ 2026 ਤੋਂ ਨਵਾਂ ਨਿਯਮ ਲਾਗੂ ਕੀਤਾ ਜਾਵੇਗਾ।
ਇਸ ਨਵੇਂ ਨਿਯਮ ਅਨੁਸਾਰ, ਜੇਕਰ ਕਿਸੇ ਅਰਜ਼ੀਕਾਰ ਦਾ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ 30 ਕਾਰੋਬਾਰੀ ਦਿਨਾਂ ਦੇ ਅੰਦਰ ਪ੍ਰੋਸੈਸ ਨਹੀਂ ਹੁੰਦਾ, ਤਾਂ ਉਸ ਨੂੰ ਦਿੱਤੀ ਗਈ ਫੀਸ ਪੂਰੀ ਤਰ੍ਹਾਂ ਵਾਪਸ ਕੀਤੀ ਜਾਵੇਗੀ। ਇਹ ਰਿਫੰਡ ਆਪਣੇ ਆਪ ਜਾਰੀ ਕੀਤਾ ਜਾਵੇਗਾ।
ਪ੍ਰੋਸੈਸਿੰਗ ਸਮਾਂ ਉਸ ਵੇਲੇ ਤੋਂ ਸ਼ੁਰੂ ਹੋਵੇਗਾ ਜਦੋਂ ਪੂਰੀ ਅਰਜ਼ੀ ਪ੍ਰਾਪਤ ਹੋ ਜਾਵੇ ਅਤੇ ਉਸ ਵੇਲੇ ਖਤਮ ਮੰਨਿਆ ਜਾਵੇਗਾ ਜਦੋਂ ਪਾਸਪੋਰਟ ਤਿਆਰ ਹੋ ਕੇ ਤਸਦੀਕ ਹੋ ਜਾਵੇ। ਇਸ ਵਿੱਚ ਡਾਕ ਰਾਹੀਂ ਭੇਜਣ ਦਾ ਸਮਾਂ ਸ਼ਾਮਲ ਨਹੀਂ ਕੀਤਾ ਜਾਵੇਗਾ।
ਪੂਰੀ ਅਰਜ਼ੀ ਵਿੱਚ ਭਰਿਆ ਹੋਇਆ ਫਾਰਮ, ਲਾਜ਼ਮੀ ਦਸਤਾਵੇਜ਼ (ਜਿਵੇਂ ਕਿ ਮਿਆਰੀ ਪਾਸਪੋਰਟ ਫੋਟੋ) ਅਤੇ ਪੂਰੀ ਫੀਸ ਦੀ ਅਦਾਇਗੀ ਸ਼ਾਮਲ ਹੋਵੇਗੀ।
