ਸਰੀ- ਬੀਤੇ ਦਿਨ ਪੰਜਾਬ ਦੇ ਉਘੇ ਸਿਆਸੀ ਆਗੂ ਤੇ ਸ੍ਰੋਮਣੀ ਕਮੇਟੀ ਮੈਂਬਰ ਸ ਪਰਮਜੀਤ ਸਿੰਘ ਰਾਏਪੁਰ ਦਾ ਇਥੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ। ਉਘੇ ਸਮਾਜ ਸੇਵੀ ਤੇ ਬਿਜਨਸਮੈਨ ਸ ਜਤਿੰਦਰ ਸਿੰਘ ਜੇ ਮਿਨਹਾਸ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ ਪਰਮਜੀਤ ਸਿੰਘ ਰਾਏਪੁਰ ਜਿਥੇ ਪੰਜਾਬ ਦੀ ਸਿਆਸਤ ਵਿਚ ਵਿਚਰਦਿਆਂ ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਹਨ ਉਥੇ ਉਹ ਆਪਣੇ ਯੂਕੇ ਨਿਵਾਸੀ ਬਿਜਨਸਮੈਨ ਭਰਾ ਸ ਜਸਪਾਲ ਸਿੰਘ ਢੇਸੀ ਅਤੇ ਉਹਨਾਂ ਦੇ ਸਪੁੱਤਰ ਸਲੋਹ ( ਯੂਕੇ) ਦੇ ਪਹਿਲੇ ਪਗੜੀਧਾਰੀ ਸਿੱਖ ਐਮ ਪੀ ਤਨਮਨ ਸਿੰਘ ਢੇਸੀ ਦੇ ਸਹਿਯੋਗ ਨਾਲ ਇਲਾਕੇ ਅਤੇ ਸਮਾਜ ਭਲਾਈ ਦੇ ਕਾਰਜਾਂ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਇਸ ਮੌਕੇ ਉਹਨਾਂ ਨਾਲ ਸਾਬਕਾ ਮੰਤਰੀ ਜਿੰਨੀ ਸਿਮਸ, ਸ ਕੁਲਵੰਤ ਸਿੰਘ ਢੇਸੀ, ਸ ਬਲਦੇਵ ਸਿੰਘ ਬਾਠ ਬਸੰਤ ਮੋਟਰਜ ਤੇ ਸ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਵੀ ਹਾਜ਼ਰ ਸਨ। ਇਸ ਮੌਕੇ ਸ ਮਿਨਹਾਸ ਤੇ ਹੋਰਾਂ ਵਲੋਂ ਸ ਰਾਏਪੁਰ ਨੂੰ ਪ੍ਰਸਿਧ ਕ੍ਰਿਕਟਰ ਕਪਿਲ ਦੇਵ ਦੁਆਰਾ ਸਿੱਖ ਇਤਿਹਾਸ ਬਾਰੇ ਰਚਿਤ ਕੌਫੀ ਟੇਬਲ ਬੁੱਕ ਭੇਟ ਕੀਤੀ ਗਈ।
ਸ ਰਾਏਪੁਰ ਨੇ ਉਹਨਾਂ ਦੇ ਸਵਾਗਤ ਤੇ ਸਨਮਾਨ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਐਨ ਆਰ ਆਈ ਭਾਈਚਾਰੇ ਦਾ ਪੰਜਾਬ ਦੀ ਤਰੱਕੀ ਅਤੇ ਵਿਕਾਸ ਵਿਚ ਵੱਡਾ ਯੋਗਦਾਨ ਹੈ ਤੇ ਉਹਨਾਂ ਦੇ ਇਸ ਸਹਿਯੋਗ ਦੀ ਪੰਜਾਬ ਨੂੰ ਲਗਾਤਾਰ ਜਰੂਰਤ ਹੈ। ਉਹਨਾਂ ਇਸ ਮੌਕੇ ਹਾਜ਼ਰ ਸੱਜਣਾਂ ਨਾਲ ਆਪਣੇ ਪਿੰਡ ਅਤੇ ਇਲਾਕੇ ਦੇ ਵਿਕਾਸ ਅਤੇ ਲੋੜਵੰਦਾਂ ਦੀ ਮਦਦ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਚਰਚਾ ਕੀਤੀ।


