ਸਰੀ, 3 ਅਪ੍ਰੈਲ ( ਸੰਦੀਪ ਸਿੰਘ ਧੰਜੂ)- ਕੈਨੇਡਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਲਈ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (OCI) ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਅਤੇ ਇਸ ਸਬੰਧੀ ਅਰਜ਼ੀਆਂ ਨਾਲ ਜੁੜੇ ਨਿਯਮਾਂ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਹੈ। 5 ਅਪ੍ਰੈਲ 2026 ਤੋਂ ਲਾਗੂ ਹੋ ਰਹੇ ਇਸ ਨਿਯਮ ਤਹਿਤ ਹੁਣ ਕੈਨੇਡਾ ਵਿੱਚ ਸਭ ਓ ਸੀ ਆਈ ਅਰਜ਼ੀਆਂ ਸਿਰਫ ਖੁਦ ਹਾਜ਼ਰ ਹੋ ਕੇ ਬੀ ਐਲ ਐਸ ਦੇ ਕੇਂਦਰਾਂ ‘ਤੇ ਜਮ੍ਹਾਂ ਕਰਵਾਉਣੀਆਂ ਲਾਜ਼ਮੀ ਹੋ ਗਈਆਂ ਹਨ । ਡਾਕ ਰਾਹੀਂ ਹੁਣ ਇਹ ਅਰਜ਼ੀਆਂ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਕਿਉਂਕਿ ਹਰ ਅਰਜ਼ੀਕਰਤਾ ਲਈ ਬਾਇਓਮੈਟਰਿਕਸ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਬਿਨੈਕਾਰ ਡਾਕ ਰਾਹੀਂ ਆਪਣੇ ਦਸਤਾਵੇਜ਼ ਭੇਜ ਕੇ ਓ ਸੀ ਆਈ ਕਾਰਡ ਲਈ ਅਪਲਾਈ ਕਰ ਸਕਦੇ ਸਨ, ਜਿਸ ਨਾਲ ਦੂਰਦਰਾਜ਼ ਇਲਾਕਿਆਂ ਵਿੱਚ ਰਹਿਣ ਵਾਲਿਆਂ ਨੂੰ ਕਾਫ਼ੀ ਸਹੂਲਤ ਮਿਲਦੀ ਸੀ ਪਰ ਨਵੇਂ ਨਿਯਮਾਂ ਅਨੁਸਾਰ ਇਹ ਸੁਵਿਧਾ ਖਤਮ ਕਰ ਦਿੱਤੀ ਗਈ ਹੈ ਅਤੇ ਹੁਣ ਹਰ ਅਰਜ਼ੀਕਰਤਾ ਨੂੰ ਆਪਣੇ ਨੇੜਲੇ ਬੀ ਐਲ ਐਸ ਕੇਂਦਰ ‘ਤੇ ਅਪਾਇੰਟਮੈਂਟ ਬੁੱਕ ਕਰਕੇ ਖੁਦ ਹਾਜ਼ਰ ਹੋਣਾ ਪਵੇਗਾ। ਇਸ ਬਦਲਾਅ ਦਾ ਮੁੱਖ ਮਕਸਦ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਣਾ ਹੈ।
ਬਾਇਓਮੈਟਰਿਕਸ ਲਾਜ਼ਮੀ ਹੋਣ ਤੋਂ ਭਾਵ ਹੈ ਕਿ ਅਰਜ਼ੀਕਾਰਾਂ ਨੂੰ ਆਪਣੀਆਂ ਉੰਗਲਾਂ ਦੇ ਨਿਸ਼ਾਨ ਅਤੇ ਫੋਟੋ ਉਸੇ ਵਕਤ ਮੌਕੇ ‘ਤੇ ਹੀ ਦੇਣੀ ਪਵੇਗਾ। ਇਸ ਨਾਲ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਅਰਜ਼ੀਕਰਤਾ ਦੀ ਪਛਾਣ ਯਕੀਨੀ ਬਣਾਈ ਜਾ ਸਕੇਗੀ। ਸਰਕਾਰ ਵੱਲੋਂ ਇਹ ਕਦਮ ਇਸ ਲਈ ਵੀ ਲਿਆ ਗਿਆ ਹੈ ਤਾਂ ਜੋ ਓ ਸੀ ਆਈ ਪ੍ਰਕਿਰਿਆ ਨੂੰ ਡਿਜ਼ੀਟਲ ਅਤੇ ਆਧੁਨਿਕ ਬਣਾਇਆ ਜਾ ਸਕੇ। ਦੱਸਣਯੋਗ ਹੈ ਕਿ ਓ ਸੀ ਆਆਈ ਕਾਰਡ ਬਣਨ ਦੀ ਪ੍ਰਕਿਰਿਆ ਲਈ 6 ਤੋਂ 8 ਹਫਤੇ ਦਾ ਸਮਾਂ ਲਗਦਾ ਹੈ ਅਤੇ ਅਰਜੀਕਰਤਾਵਾਂ ਨੂੰ ਇਸ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਪਹਿਲਾਂ ਤੋਂ ਹੀ ਬੀ ਐਲ ਐਸ ਸੈਂਟਰ ਤੋਂ ਅਪਾਇੰਟਮੈਂਟ ਲੈਣੀ ਪਵੇਗੀ।
