Apr 23, 2026

ਈਬੀ ਸਰਕਾਰ ਨੇ ਅਮਰੀਕਾ ਤੋਂ ਹੈਲਥ ਸਟਾਫ ਦੀ ਭਰਤੀ ਲਈ ਕੌਫੀ ਤੇ ਖਰਚੇ ਇਕ ਲੱਖ 65 ਹਜ਼ਾਰ ਡਾਲਰ-

ਵੈਨਕੂਵਰ ( ਦੇ ਪ੍ਰ ਬਿ)– ਪਿਛਲੇ ਦਿਨੀਂ ਬੀਸੀ ਦੀ ਐਨ ਡੀ ਪੀ ਸਰਕਾਰ ਨੇ ਅਮਰੀਕਾ ਤੋਂ ਹੈਲਥ ਸਟਾਫ ਦੀ ਭਰਤੀ ਲਈ ਵਿਸ਼ੇਸ਼ ਯਤਨ ਕਰਦਿਆਂ 500 ਤੋਂ ਵੱਧ ਡਾਕਟਰ ਤੇ ਹੋਰ ਵਰਕਰ ਬੀਸੀ ਵਿਚ ਲਿਆਉਣ ਦਾ ਦਾਅਵਾ ਕੀਤਾ ਹੈ। ਅਮਰੀਕਾ ਵਿਚ ਇਸ ਸਬੰਧੀ ਕੀਤੀ ਗਈ ਵਿਸ਼ੇਸ਼ ਇਸ਼ਤਿਹਾਰਬਾਜ਼ੀ ਤੇ ਭਰਤੀ ਪ੍ਰਤੀ ਸਿਹਤ ਕਾਮਿਆਂ ਨੂੰ ਆਕਰਸ਼ਨ ਕਰਨ ਲਈ 5 ਮਿਲੀਅਨ ਡਾਲਰ ਖਰਚੇ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮੁਹਿੰਮ ਦੌਰਾਨ ਇਕ ਪ੍ਰਚਾਰ ਵੈਨ ਤੇ ਲੋਕਾਂ ਨੂੰ ਮੁਫਤ ਕੌਫੀ ਵੀ ਪਿਲਾਈ ਗਈ। ਪ੍ਰਾਪਤ ਅੰਕੜਿਆਂ ਮੁਤਾਬਿਕ ਭਾਵੇਂਕਿ ਕੌਫੀ ਪੀਣ ਵਾਲੇ ਲਈ ਇਹ ਮੁਫਤ ਸੀ ਪਰ ਸਰਕਾਰ ਨੂੰ ਇਕ ਕੱਪ ਕੌਫੀ ਦਾ 165 ਡਾਲਰ ਵਿਚ ਪਿਆ ਹੈ।

ਖਬਰ ਹੈ ਕਿ ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਦੇ ਕਾਰਕੁੰਨ ਬਿੰਦਾ ਅਤੇ ਸਾਥੀਆਂ ਨੇ ਇਕ ਆਨਲਾਈਨ ਪੋਸਟ ਵੇਖੀ ਜਿਸ ਵਿਚ ਬੀਸੀ ਸਰਕਾਰ ਦਾ ਇੱਕ ਜਾਮਨੀ ਅਤੇ ਗੁਲਾਬੀ ਰੰਗ ਦਾ ਟਰੱਕ ਸੀ, ਜਿਸ ਵਿਚ ਇੱਕ ਭਰਤੀ ਰਣਨੀਤੀ ਦੇ ਹਿੱਸੇ ਵਜੋਂ ਅਮਰੀਕਾ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਨੂੰ ਕੌਫੀ ਵੰਡੀ ਜਾ ਰਹੀ ਸੀ, ਤਾਂ ਉਨ੍ਹਾਂ ਨੇ ਸੋਚਿਆ, “ਇਸਦੀ ਕੀਮਤ ਕਿੰਨੀ ਹੈ ?” ਬਿੰਦਾ ਦੇ ਸੰਗਠਨ ਦਾ ਉਦੇਸ਼ ਸਰਕਾਰੀ ਖਰਚਿਆਂ ‘ਤੇ ਲਗਾਮ ਲਗਾਉਣਾ ਹੈ, ਇਸ ਲਈ ਉਨ੍ਹਾਂ ਨੇ ਸੂਚਨਾ ਦੀ ਆਜ਼ਾਦੀ ਦੇ ਅਧਿਕਾਰ ਤਹਿਤ ਬੇਨਤੀ ਦਾਇਰ ਕੀਤੀ। ਸੂਬੇ ਨੂੰ ਰਸੀਦਾਂ ਪ੍ਰਦਾਨ ਕਰਨ ਲਈ ਮਜਬੂਰ ਕਰਨ ਲਈ ਮਹੀਨਿਆਂ ਤੱਕ ਝਗੜਾ ਅਤੇ ਕਾਨੂੰਨੀ ਕਾਰਵਾਈ ਦਾ ਸਹਾਰਾ ਲੈਣਾ ਪਿਆ। ਪ੍ਰਾਪਤ ਰਿਪੋਰਟ ਤੋਂ ਪਤਾ ਲੱਗਾ ਹੈ ਕਿ, ਬੀ.ਸੀ. ਸਰਕਾਰ ਨੇ ਦੋ ਦਿਨਾਂ ਵਿੱਚ 1,000 ਕੱਪ ਕੌਫੀ ‘ਤੇ $164,900 ਖਰਚ ਕੀਤੇ। ਸਰਕਾਰ ਇਕ ਪਾਸੇ ਸਰਕਾਰੀ ਖਰਚਿਆਂ ਵਿਚ ਕਟੌਤੀ ਅਤੇ ਬੱਚਤ ਦੀ ਗੱਲ ਕਰ ਰਹੀ  ਹੈ ਪਰ ਦੂਸਰੇ ਪਾਸੇ ਟੈਕਸਦਾਤਾਵਾਂ ਦਾ ਪੈਸਾ ਬੇਰਹਮੀ ਨਾਲ ਲੁਟਾਇਆ ਜਾ ਰਿਹਾ ਹੈ।

ਪ੍ਰੀਮੀਅਰ ਈਬੀ ਨੇ ਪ੍ਰੋਗਰਾਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਇੱਕ ਡਾਕਟਰ ਨੂੰ ਘਰੇਲੂ ਤੌਰ ‘ਤੇ ਸਿਖਲਾਈ ਦੇਣ ਲਈ ਲਗਭਗ $350,000 ਦੀ ਲਾਗਤ ਆਉਂਦੀ ਹੈ। “ਇਹ ਸ਼ਾਇਦ ਸਭ ਤੋਂ ਪ੍ਰਭਾਵਸ਼ਾਲੀ ਮਾਰਕੀਟਿੰਗ ਪਹਿਲ ਹੈ ਜੋ ਸਾਡੀ ਸਰਕਾਰ ਨੇ  ਕੀਤੀ ਹੈ। ਇਸ ਕੌਫੀ ਟਰੱਕ ‘ਤੇ ਖਰਚ ਕੀਤਾ ਗਿਆ ਪੈਸਾ ਪਿਛਲੇ ਜੂਨ ਵਿੱਚ ਸ਼ੁਰੂ ਕੀਤੀ ਇਸ਼ਤਿਹਾਰ ਮੁਹਿੰਮ ਲਈ ਵਰਤੇ ਗਏ $5 ਮਿਲੀਅਨ ਦਾ ਇੱਕ ਛੋਟਾ ਜਿਹਾ ਹਿੱਸਾ ਹੈ।  500 ਤੋਂ ਵੱਧ ਅਮਰੀਕੀ ਸਿਹਤ-ਸੰਭਾਲ ਕਰਮਚਾਰੀਆਂ ਨੇ ਬੀ.ਸੀ. ਵਿੱਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਸਵੀਕਾਰ ਕਰ ਲਈਆਂ ਹਨ। ਸਰਕਾਰ ਨੇ ਇਸ ਕੌਫੀ ਸਟੰਟ ਨੂੰ “ਬਹੁਤ ਸਫਲ” ਕਰਾਰ ਦਿੱਤਾ ਹੈ ਤੇ ਕਿਹਾ ਕਿ  ਟਰੱਕ ਵਿੱਚ ਕੌਫੀ ਬੈਰੀਸਟਾ ਦੁਆਰਾ ਨਹੀਂ, ਸਗੋਂ ਬੀ.ਸੀ. ਸਿਹਤ-ਸੰਭਾਲ ਕਰਮਚਾਰੀਆਂ ਦੁਆਰਾ ਤਿਆਰ ਕੀਤੀ ਗਈ ਸੀ। ਪਰ ਬਿੰਦਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਮੁਫ਼ਤ ਕੌਫੀ ਨੇ ਕਿਸੇ ਵੀ ਕਾਮੇ ਦਾ ਬੀਸੀ ਵਿਚ ਕੰਮ ਕਰਨ ਲਈ ਵਿਚਾਰ ਬਦਲ ਦਿੱਤਾ ਹੋਵੇਗਾ। ਜੋ ਵੀ ਹੈ  ਇਕ ਕੱਪ ਕੌਫੀ ਦਾ ਮੁੱਲ- 165 ਡਾਲਰ -ਹਜ਼ਮ ਹੋਣਾ ਕੁਝ ਮੁਸ਼ਕਲ ਹੈ।

Leave a Reply

Your email address will not be published. Required fields are marked *