Oct 3, 2026

Screenshot

ਵਿੰਨੀਪੈਗ, ਸਰੀ, ( ਮਾਵੀ, ਸ਼ਰਮਾ, ਹਰਦਮ ਮਾਨ )- ਕੈਨੇਡਾ ਵਿੱਚ ਕ੍ਰਿਕਟ ਦੀ ਗਵਰਨਿੰਗ ਬਾਡੀ, ਕ੍ਰਿਕੇਟ ਕੈਨੇਡਾ ਨੇ ਸਰੀ ਨਿਵਾਸੀ ਕਾਰੋਬਾਰੀ ਅਰਵਿੰਦਰ ਖੋਸਾ ਨੂੰ ਨਵਾਂ ਪ੍ਰਧਾਨ ਚੁਣਨ ਦਾ ਐਲਾਨ ਕੀਤਾ ਹੈ । ਖੋਸਾ ਦੀ ਇਸ ਟੀਮ ਵਿਚ ਪਰਮਜੀਤ ਸ਼ਾਹੀ ਸਕੱਤਰ ਬਣੇ ਹਨ, ਜੋ ਵਿੰਨੀਪੈਗ ਤੋਂ ਇੱਕ ਕਮਿਊਨਿਟੀ ਆਗੂ ਹਨ।

ਇਹ ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ, ਕੈਨੇਡਾ ਸਰਕਾਰ ਅਤੇ ਕੈਨੇਡੀਅਨ ਓਲੰਪਿਕ ਕਮੇਟੀ ਦੁਆਰਾ ਮਾਨਤਾ ਪ੍ਰਾਪਤ ਇੱਕ ਗੈਰ-ਮੁਨਾਫ਼ਾ ਸੰਸਥਾ ਹੈ। ਕੈਨੇਡੀਅਨ ਕ੍ਰਿਕੇਟ ਟੀਮ ਦੀ ਕਪਤਾਨੀ ਪੰਜਾਬੀ ਨੌਜਵਾਨ ਦੇ ਹੱਥਾਂ ਵਿਚ ਜਾਣ ਮਗਰੋਂ ਕ੍ਰਿਕੇਟ ਕੈਨੇਡਾ ਦੀ ਵਾਗਡੋਰ ਅਰਵਿੰਦਰ ਸਿੰਘ ਖੋਸਾ ਨੇ ਸੰਭਾਲ ਲਈ ਹੈ ਜੋ ਪੰਜਾਬ ਦੇ ਜਿਲਾ ਫਿਰੋਜਪੁਰ ਨਾਲ ਸਬੰਧਿਤ ਹਨ।

ਅਰਵਿੰਦਰ ਖੋਸਾ ਨੇ ਦੱਸਿਆ ਕਿ ਕ੍ਰਿਕੇਟ ਕੈਨੇਡਾ ਦੀਆਂ ਚੋਣਾਂ ਲੰਮੇ ਸਮੇਂ ਤੋਂ ਲਟਕ ਰਹੀਆਂ ਸਨ ਅਤੇ ਕੌਮਾਂਤਰੀ ਕ੍ਰਿਕੇਟ ਕੌਂਸਲ ਵੀ ਜਲਦ ਤੋਂ ਜਲਦ ਚੋਣਾਂ ਕਰਵਾਉਣ ਦਾ ਦਬਾਅ ਪਾ ਰਹੀ ਸੀ ਪਰ ਕੋਈ ਵਾਹ ਨਾ ਚਲਦੀ ਵੇਖ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬੀਤੇ ਦਿਨੀਂ ਹੋਈਆਂ ਚੋਣਾਂ ਦੌਰਾਨ ਕੈਨੇਡਾ ਦੇ 10 ਸੂਬਿਆਂ ਵਿਚੋਂ ਅੱਠ ਅਰਵਿੰਦਰ ਸਿੰਘ ਖੋਸਾ ਦੇ ਹੱਕ ਵਿਚ ਭੁਗਤੇ ਅਤੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ।ਅਰਵਿੰਦਰ ਸਿੰਘ ਖੋਸਾ ਨੇ ਕਿਹਾ ਕਿ ਕੈਨੇਡੀਅਨ ਕ੍ਰਿਕੇਟ ਨੂੰ ਕੌਮਾਂਤਰੀ ਬੁਲੰਦੀਆਂ ’ਤੇ ਲਿਜਾਣ ਲਈ ਪੂਰੀ ਵਾਹ ਲਾ ਦੇਣਗੇ।”ਅਸੀਂ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਖੇਡ ਦਾ ਸਮਰਥਨ ਕਰਨ ਲਈ ਆਪਣੇ ਮੈਂਬਰਾਂ ਅਤੇ ਭਾਈਵਾਲਾਂ ਨਾਲ ਕੰਮ ਕਰਨ ‘ਤੇ ਧਿਆਨ ਕੇਂਦਰਿਤ ਕਰ ਰਹੇ ਹਾਂ, ਜਿਸ ਵਿੱਚ ਅਖੰਡਤਾ, ਜਵਾਬਦੇਹੀ ਅਤੇ ਨਿਰੰਤਰ ਵਿਕਾਸ ‘ਤੇ ਜ਼ੋਰ ਦਿੱਤਾ ਗਿਆ ਹੈ”। ਵੱਡੀ ਲੀਡ ਨਾਲ ਜਿੱਤੇ ਇਸ ਨੌਜਵਾਨ ਤੋਂ ਕੈਨੇਡਾ ਵਾਸੀ ਕ੍ਰਿਕੇਟ ਦੇ ਸੁਨਹਿਰੀ ਭਵਿੱਖ ਨੂੰ ਵੇਖ ਰਹੇ ਹਨ। ਕੈਨੇਡੀਅਨ ਕ੍ਰਿਕੇਟ ਵਿਚ ਸਿਖਰਲਾ ਰੁਤਬਾ ਹਾਸਲ ਹੋਣ ’ਤੇ ਅਰਵਿੰਦਰ ਸਿੰਘ ਖੋਸਾ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ। ਉਹਨਾਂ ਵਲੋ ਆਪਣੀ ਜਿੱਤ ਉਪਰੰਤ ਸਰੀ ਵਿਚ ਸ਼ਾਨਦਾਰ ਪਾਰਟੀ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਕ੍ਰਿਕਟ ਪ੍ਰੇਮੀਆਂ, ਖਿਡਾਰੀਆਂ ਤੇ ਉਘੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਤੇ ਜਿੱਤ ਦੇ ਜਸ਼ਨ ਮਨਾਏ।

ਪਰਮਜੀਤ ਸ਼ਾਹੀ ਵਿੰਨੀਪੈਗ।
error: Content is protected !!