Oct 3, 2026

ਵੈਨਕੂਵਰ ( ਦੇ ਪ੍ਰ ਬਿ)- ਵੈਨਕੂਵਰ-ਫਰੇਜਰਵਿਊ ਤੋਂ ਲਿਬਰਲ ਐਮ ਪੀ ਅਤੇ ਹਾਊਸਿੰਗ ਮਨਿਸਟਰ ਗਰੈਗ ਰੋਬਰਟਸਨ ਨੇ ਖਾਲਸਾ ਸਾਜਨਾ ਦਿਵਸ ਮੌਕੇ ਸਿੱਖ ਪੰਥ ਤੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਹਨਾਂ ਦੀ ਰਾਈਡਿੰਗ ਦੇ ਚੇਅਰਮੈਨ ਸੁਖਵਿੰਦਰਪਾਲ ਸਿੰਘ ਵਲੋਂ ਜਾਰੀ ਇਕ ਬਿਆਨ ਵਿਚ ਉਹਨਾਂ ਨੇ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਹੈ ਕਿ ਸਵਾ ਤਿੰਨ ਸੌ ਸਾਲ ਪਹਿਲਾਂ ਸੰਨ 1699 ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕੀਤੀ, ਉਸ ਮਹਾਨ ਦਿਨ ਨੂੰ ਯਾਦ ਕਰਦਿਆਂ  ਇਹ ਦਿਨ ਸਾਨੂੰ ਮਨੁੱਖੀ ਬਰਾਬਰਤਾ, ਮਾਨਵੀ ਅਧਿਕਾਰਾਂ ਦੀ ਰੱਖਿਆ ਅਤੇ ਸਰਬੱਤ ਦੇ ਭਲੇ ਲਈ ਵਧ ਚੜਕੇ ਯੋਗਦਾਨ ਪਾਉਣ ਲਈ ਪ੍ਰੇਰਦਾ ਹੈ।  ਕੈਨੇਡਾ ਵਿਚ ਅਪ੍ਰੈਲ ਮਹੀਨੇ ਨੂੰ  ਸਿੱਖ ਵਿਰਾਸਤੀ ਮਹੀਨੇ ਵਜੋਂ ਵੀ ਮਨਾਇਆ ਜਾਂਦਾ ਹੈ ਜੋ ਪੂਰੇ ਦੇਸ਼ ਲਈ ਸਿੱਖ ਇਤਿਹਾਸ, ਸੱਭਿਆਚਾਰ, ਵਿਸ਼ਵਾਸ ਅਤੇ ਅਮੀਰ ਵਿਰਾਸਤ ਦਾ ਜਸ਼ਨ ਮਨਾਉਣ ਦਾ ਇੱਕ ਮੌਕਾ ਵੀ ਹੈ ।  ਕੈਨੇਡੀਅਨ ਸਿੱਖ  ਮਿਹਨਤ ਤੇ ਲਗਨ ਨਾਲ ਨਿਰਸਵਾਰਥ ਸੇਵਾ ਕਰਦੇ ਹੋਏ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿਚ ਵੱਡਾ ਯੋਗਦਾਨ ਪਾ ਰਹੇ ਹਨ।

ਇਸ ਮੌਕੇ ਉਹਨਾਂ ਵਲੋਂ ਜਿਥੇ ਖਾਲਸਾ ਦੀਵਾਨ ਸੁਸਾਇਟੀ ਵਿਖੇ ਨਤਮਸਤਕ ਹੁੰਦਿਆਂ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਉਥੇ ਵੈਨਕੂਵਰ ਨਗਰ ਕੀਰਤਨ ਦੌਰਾਨ ਸਟਾਲ ਲਗਾਕੇ ਸੰਗਤਾਂ ਦੀ ਸੇਵਾ ਵੀ ਕੀਤੀ। ਇਸ ਮੌਕੇ ਉਹਨਾਂ ਨਾਲ ਸਾਬਕਾ ਐਮ ਪੀ ਹਰਜੀਤ ਸਿੰਘ ਸੱਜਣ ਅਤੇ  ਵੈਨਕੂਵਰ ਗਰੈਨਵਿਲ ਤੋਂ ਲਿਬਰਲ ਐਮ ਪੀ ਤਲੀਬ ਨੂਰਮੁਹੰਮਦ ਵੀ ਹਾਜ਼ਰ ਸਨ।

 

error: Content is protected !!