ਨਵੀ ਦਿੱਲੀ ( ਦਿਓਲ)- ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦੋਂ ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਅਧਿਕਾਰਤ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ। ਇਸ ਫੈਸਲੇ ਨਾਲ ਰਾਜ ਸਭਾ ਵਿੱਚ ‘ਆਪ’ ਦੀ ਗਿਣਤੀ 10 ਤੋਂ ਘਟ ਕੇ ਸਿਰਫ਼ 3 ਰਹਿ ਗਈ ਹੈ, ਜਦੋਂਕਿ ਭਾਜਪਾ ਦੀ ਤਾਕਤ 106 ਤੋਂ ਵਧ ਕੇ 113 ਹੋ ਗਈ ਹੈ। ਰਾਜ ਸਭਾ ਦੀ ਵੈੱਬਸਾਈਟ ਅਨੁਸਾਰ, ਹੁਣ ਸਦਨ ਵਿੱਚ ਸੱਤਾਧਾਰੀ ਐਨਡੀਏ (NDA) ਦੀ ਕੁੱਲ ਗਿਣਤੀ 141 ਤੋਂ ਵਧ ਕੇ 148 ਹੋ ਗਈ ਹੈ। ਭਾਜਪਾ ਹੁਣ ਉਪਰਲੇ ਸਦਨ ਵਿੱਚ 123 ਦੇ ਬਹੁਮਤ ਦੇ ਅੰਕੜੇ ਦੇ ਬਹੁਤ ਨੇੜੇ ਪਹੁੰਚ ਗਈ ਹੈ। ਸੂਤਰਾਂ ਅਨੁਸਾਰ, ਚੇਅਰਮੈਨ ਨੇ ਇਹ ਫੈਸਲਾ ਸੰਵਿਧਾਨ ਦੀ ਦਸਵੀਂ ਅਨੁਸੂਚੀ (ਦਲ-ਬਦਲੀ ਵਿਰੋਧੀ ਕਾਨੂੰਨ) ਤਹਿਤ ਲਿਆ ਹੈ, ਜੋ ਕਿ ਦੋ-ਤਿਹਾਈ ਮੈਂਬਰਾਂ ਦੇ ਇਕੱਠੇ ਜਾਣ ’ਤੇ ਰਲੇਵੇਂ ਦੀ ਇਜਾਜ਼ਤ ਦਿੰਦਾ ਹੈ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸੱਤ ਸਾਂਸਦਾਂ ਵਿੱਚ ਰਾਘਵ ਚੱਢਾ, ਸੰਦੀਪ ਪਾਠਕ, ਸਵਾਤੀ ਮਾਲੀਵਾਲ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਸ਼ਾਮਲ ਹਨ। ਇਹ ਸਾਰੇ ਮੈਂਬਰ ‘ਆਪ’ ਦੀ ਰਾਜ ਸਭਾ ਇਕਾਈ ਦੀ ਕੁੱਲ ਤਾਕਤ ਦਾ ਦੋ-ਤਿਹਾਈ ਹਿੱਸਾ ਬਣਦੇ ਹਨ, ਜਿਸ ਕਾਰਨ ਇਨ੍ਹਾਂ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਚ ਗਈ ਹੈ।
