Apr 28, 2026

ਰਿਪੋਰਟ- ਸਮੀਪ ਸਿੰਘ ਗੁਮਟਾਲਾ-

ਸਿਨਸਿਨਾਟੀ, ਓਹਾਇਓ:- ਅਮਰੀਕਾ ਦੇ ਓਹਾਇਓ ਸੂਬੇ ਦੇ ਵੈਸਟ ਚੈਸਟਰ ਸਥਿਤ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਵਿਖੇ ਖਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਤਿੰਨ ਦਿਨਾਂ ਤੱਕ ਚੱਲੇ ਇਹਨਾਂ ਸਮਾਗਮਾਂ ਵਿੱਚ ਧਾਰਮਿਕ ਦੀਵਾਨਾਂ ਦੇ ਨਾਲ-ਨਾਲ ਨਗਰ ਕੀਰਤਨ, ਗਤਕਾ, ਮੈਡੀਕਲ ਕੈਂਪ, ਬੱਚਿਆਂ ਲਈ ਵਿਦਿਅਕ ਗਤੀਵਿਧੀਆਂ ਅਤੇ ਸਿੱਖ ਵਿਰਾਸਤ ਨੂੰ ਉਜਾਗਰ ਕਰਨ ਵਾਲੇ ਕਈ ਉਪਰਾਲੇ ਕੀਤੇ ਗਏ।

ਸਮਾਗਮਾਂ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਨਾਲ ਹੋਈ। ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਪੰਜ ਪਿਆਰਿਆਂ ਦੀ ਛਤਰ-ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਵੱਖ-ਵੱਖ ਉਮਰ ਵਰਗ ਦੇ ਨੌਜਵਾਨਾਂ ਨੇ ਗਤਕੇ ਦੇ ਜੋਹਰ ਦਿਖਾ ਕੇ ਮਾਹੌਲ ਨੂੰ ਹੋਰ ਉਤਸ਼ਾਹਜਨਕ ਬਣਾ ਦਿੱਤਾ। ਵਿਸਾਖੀ ਜੋੜ ਮੇਲੇ ਦੌਰਾਨ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵਿੱਚ ਸਿੱਖ ਇਤਿਹਾਸ, ਸਰਬੱਤ ਦਾ ਭਲਾ ਦੀ ਵਿਚਾਰਧਾਰਾ, ਸਿੱਖ ਬੀਬੀਆਂ ਦਾ ਯੋਗਦਾਨ, ਸ਼ਸਤਰ ਵਿਦਿਆ, ਅਤੇ 1699 ਦੀ ਵਿਸਾਖੀ ਦੀ ਮਹੱਤਤਾ ਨੂੰ ਬੈਨਰਾਂ ਅਤੇ ਜਾਣਕਾਰੀ ਭਰਪੂਰ ਚਿੱਤਰਾਂ ਰਾਹੀਂ ਦਰਸਾਇਆ ਗਿਆ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਅਤੇ 1984 ਦੇ ਘੱਲੂਘਾਰੇ ਨਾਲ ਸੰਬੰਧਤ ਇਤਿਹਾਸਕ ਜਾਣਕਾਰੀ ਵੀ ਸਾਂਝੀ ਕੀਤੀ ਗਈ। ਬੱਚਿਆਂ ਲਈ ਆਰਟ ਐਂਡ ਕਰਾਫਟ ਅਤੇ ਸਵਾਲ-ਜਵਾਬ ਦੇ ਬੂਥ ਵੀ ਲਗਾਏ ਗਏ, ਤਾਂ ਜੋ ਉਹਨਾਂ ਨੂੰ ਕਲਾ ਰਾਹੀਂ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ। ਇਸ ਤੋਂ ਇਲਾਵਾ, ਦਸਤਾਰ ਸਜਾਉਣ ਵਾਲਾ ਬੂਥ ਵੀ ਲਗਾਇਆ ਗਿਆ, ਜਿੱਥੇ ਸਿੱਖ ਭਾਈਚਾਰੇ ਦੇ ਨਾਲ-ਨਾਲ ਗੈਰ-ਸਿੱਖ, ਖ਼ਾਸ ਕਰਕੇ ਸਥਾਨਕ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਵੀ ਦਸਤਾਰ ਦੀ ਮਹੱਤਤਾ ਸਮਝੀ ਅਤੇ ਦਸਤਾਰ ਸਜਾਈ।

ਇਸ ਸਾਲ ਦੇ ਸਮਾਗਮਾਂ ਵਿੱਚ ਉੱਘੀ ਲੇਖਿਕਾ ਅਤੇ ਅਧਿਆਪਕਾ ਬੀਬੀ ਗੁਰਮੀਤ ਕੌਰ ਵਿਸ਼ੇਸ਼ ਤੌਰ ‘ਤੇ ਪੁੱਜੇ। ਉਹਨਾਂ ਨੇ “ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ” ਅਤੇ “ਭਾਈ ਜਸਵੰਤ ਸਿੰਘ ਖਾਲੜਾ” ਬਾਰੇ ਕਿਤਾਬਾਂ ਲਿਖੀਆਂ ਹਨ। ਉਹਨਾਂ ਨੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਗੁਰਮੁਖੀ ਦਾ ਗਿਆਨ ਹੀ ਬੱਚਿਆਂ ਨੂੰ ਸ੍ਰੀ ਗੁਰੂ ਰ੍ਰੰਥ ਸਾਹਿਬ ਅਤੇ ਆਪਣੀਆਂ ਜੜ੍ਹਾਂ ਨਾਲ ਜੋ ੜਸਕਦਾ ਹੈ। ਉਹਨਾਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸ਼ਹੀਦੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਸਾਖੀ ਸਿਰਫ਼ ਇੱਕ ਇਤਿਹਾਸਕ ਦਿਨ ਨਹੀਂ, ਸਗੋਂ ਸੱਚ, ਨਿਆਂ, ਹਿੰਮਤ, ਸ਼ਹੀਦੀ ਅਤੇ ਖਾਲਸਾਈ ਪਹਿਚਾਣ ਨੂੰ ਸਮਰਪਿਤ ਇੱਕ ਰੂਹਾਨੀ ਲੜੀ ਹੈ।

ਵੈਸਟ ਚੈਸਟਰ ਟਾਊਨਸ਼ਿਪ ਦੀ ਮੁੱਖ ਟਰੱਸਟੀ ਐਨ ਬੈਕਰ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਸਿੱਖ ਭਾਈਚਾਰੇ  ਦੀ ਮਹਿਮਾਨਨਵਾਜ਼ੀ ਅਤੇ ਸਿੱਖ ਧਰਮ ਬਾਰੇ ਦਿੱਤੀ ਗਈ ਜਾਣਕਾਰੀ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਭਾਵੇਂ ਮੌਸਮ ਬੱਦਲਵਾਈ ਵਾਲਾ ਸੀ, ਪਰ ਸਿੱਖ ਸੰਗਤ ਨੇ ਉਹਨਾਂ ਅਤੇ ਉਹਨਾਂ ਦੇ ਪਤੀ ਨੂੰ ਇਸ ਅਨੁਭਵ ਰਾਹੀਂ ਜੋ ਧੁੱਪ ਵਰਗੀ ਖੁਸ਼ੀ ਬਖ਼ਸ਼ੀ, ਉਹ ਬਹੁਤ ਹੀ ਸੁਹਾਵਣੀ ਸੀ।

ਧਾਰਮਿਕ ਸਮਾਗਮਾਂ ਵਿੱਚ ਰਾਗੀ, ਕਥਾਵਾਚਕ ਅਤੇ ਕਵੀਸ਼ਰੀ ਜੱਥਿਆਂ ਨੇ ਹਾਜ਼ਰੀ ਭਰੀ। ਭਾਈ ਮਹਿਲ ਸਿੰਘ ਜੀ ਦੇ ਜੱਥੇ ਨੇ ਜੋਸ਼ ਭਰੀ ਕਵੀਸ਼ਰੀ ਰਾਹੀਂ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ। ਭਾਈ ਗੋਪਾਲ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਭਾਈ ਕਿਹਰ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜੀਤ ਸਿੰਘ ਦੇ ਕੀਰਤਨੀ ਜੱਥਿਆਂ ਨੇ ਰਸਭਿੰਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਜਦਕਿ ਭਾਈ ਜਗਬੀਰ ਸਿੰਘ ਜੀ ਨੇ ਕਥਾ ਰਾਹੀਂ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ। ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ। ਸਮਾਗਮਾਂ ਦੌਰਾਨ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।

ਸੰਗਤ ਦੀ ਗਿਣਤੀ ਵਿੱਚ ਹਰ ਸਾਲ ਵਾਂਗ ਇਸ ਵਾਰ ਵੀ ਵੱਡਾ ਵਾਧਾ ਵੇਖਣ ਨੂੰ ਮਿਲਿਆ ਜਿਸ ਵਿੱਚ ਸਿਨਸਿਨਾਟੀ ਅਤੇ ਡੇਟਨ ਖੇਤਰ ਤੋਂ ਇਲਾਵਾ ਗੁਆਂਢੀ ਰਾਜਾਂ ਇੰਡੀਆਨਾ ਅਤੇ ਕੈਂਟਕੀ ਤੋਂ ਆਈਆਂ ਸੰਗਤਾਂ ਸ਼ਾਮਲਹ ਸਨ। ਕਈ ਗੈਰ-ਸਿੱਖ ਮਹਿਮਾਨਾਂ ਨੇ ਵੀ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਸਿੱਖ ਧਰਮ, ਪਰੰਪਰਾਵਾਂ ਅਤੇ ਸੇਵਾ-ਭਾਵਨਾ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ, ਸੇਵਾਦਾਰਾਂ, ਬੁਲਾਰਿਆਂ, ਡਾਕਟਰੀ ਟੀਮਾਂ ਅਤੇ ਨਗਰ ਕੀਰਤਨ ਦੌਰਾਨ ਸੇਵਾਵਾਂ ਨਿਭਾਉਣ ਲਈ ਵੈਸਟ ਚੈਸਟਰ ਪੁਲਿਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਹ ਸਮਾਗਮ ਸਿੱਖੀ, ਸੇਵਾ, ਵਿਰਾਸਤ, ਸਿੱਖਿਆ ਅਤੇ ਭਾਈਚਾਰਕ ਸਾਂਝ ਦਾ ਸੁੰਦਰ ਪ੍ਰਤੀਕ ਬਣ ਕੇ ਉਭਰਿਆ।

Screenshot

Screenshot

Screenshot
Screenshot

Leave a Reply

Your email address will not be published. Required fields are marked *