ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਜਿੰਮੇਵਾਰੀ ਲਈ ਪਰ ਪੁਲਿਸ ਨੇ ਪੁਸ਼ਟੀ ਨਹੀ ਕੀਤੀ-
ਅੰਮ੍ਰਿਤਸਰ- ਪੰਜਾਬ ਵਿੱਚ ਮੰਗਲਵਾਰ ਰਾਤੀਂ ਅੰਮ੍ਰਿਤਸਰ ਤੇ ਜਲੰਧਰ ਵਿੱਚ ਉਪਰੋਥਲ਼ੀ ਹੋਏ ਦੋ ਧਮਾਕਿਆਂ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਮਾਕਿਆਂ ਕਰ ਕੇ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਦਹਿਸ਼ਤ ਜ਼ਰੂਰ ਫੈਲ ਗਈ। ਦੋਵਾਂ ਧਮਾਕਿਆਂ ਲਈ ਵਿਸਫੋਟਕ ਸਮੱਗਰੀ (ਆਈ ਈ ਡੀ) ਦੀ ਵਰਤੋਂ ਕੀਤੀ ਗਈ। ਡੀ ਜੀ ਪੀ ਗੌਰਵ ਯਾਦਵ ਨੇ ਦੋਵਾਂ ਥਾਵਾਂ ’ਤੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਬੀ ਐੱਸ ਐੱਫ, ਫ਼ੌਜੀ ਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਯਾਦਵ ਮੁਤਾਬਕ ਅੰਮ੍ਰਿਤਸਰ ਵਿੱਚ ਹੋਇਆ ਧਮਾਕਾ ਘੱਟ ਸ਼ਿੱਦਤ ਵਾਲਾ ਸੀ, ਇਸ ਪਿੱਛੇ ਪਾਕਿਸਤਾਨ ਦੀ ਆਈ ਐੇੱਸ ਆਈ ਦਾ ਹੱਥ ਹੋਣ ਦਾ ਖ਼ਦਸ਼ਾ ਹੈ। ਖਾਲਿਸਤਾਨ ਲਿਬਰੇਸ਼ਨ ਫੋਰਸ ਨਾਂ ਦੀ ਜਥੇਬੰਦੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਖਾਸਾ ਫੌਜੀ ਛਾਉਣੀ ਦੇ ਬਾਹਰ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਨੇ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਜਲੰਧਰ ਧਮਾਕੇ ਦੀ ਜ਼ਿੰਮੇਵਾਰੀ ਵੀ ਇਸੇ ਜਥੇਬੰਦੀ ਨੇ ਲਈ ਸੀ, ਜਿਸ ਦੀ ਤਸਦੀਕ ਜਾਰੀ ਹੈ। ਪਹਿਲਾ ਧਮਾਕਾ ਜਲੰਧਰ ਵਿੱਚ ਰਾਤ 8 ਵਜੇ ਦੇ ਕਰੀਬ ਬੀ ਐੱਸ ਐੱਫ ਦੀ ਪੰਜਾਬ ਫਰੰਟੀਅਰ ਦੇ ਹੈੱਡਕੁਆਰਟਰ ਦੇ ਬਾਹਰ ਹੋਇਆ। ਦੂਜਾ ਧਮਾਕਾ ਤਿੰਨ ਘੰਟੇ ਦੇ ਵਕਫ਼ੇ ਨਾਲ 11 ਵਜੇ ਦੇ ਕਰੀਬ ਅੰਮ੍ਰਿਤਸਰ ਦੇ ਖਾਸਾ ’ਚ ਫ਼ੌਜੀ ਛਾਉਣੀ ਨੇੜੇ ਹੋਇਆ। ਧਮਾਕੇ ’ਚ ਛਾਉਣੀ ਦੀ ਕੰਧ ਨੂੰ ਨੁਕਸਾਨ ਪਹੁੰਚਿਆ। ਧਮਾਕਾ ਭਾਵੇਂ ਘੱਟ ਤੀਬਰਤਾ ਵਾਲਾ ਸੀ, ਪਰ ਇਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕਾ ਫ਼ੌਜੀ ਛਾਉਣੀ ਦੀ ਕੰਧ ਨਾਲ ਹੋਇਆ, ਪਰ ਇੱਥੇ ਨੇੜੇ ਹੀ ਬੀ ਐੱਸ ਐੱਫ ਦਾ ਖਾਸਾ ਹੈੱਡ ਕੁਆਰਟਰ ਵੀ ਹੈ।
