May 7, 2026

ਓਟਵਾ ( ਦੇ ਪ੍ਰ ਬਿ)- ਇਮੀਗ੍ਰੇਸ਼ਨ  ਮੰਤਰੀ ਲੀਨਾ ਮੇਟਲੇਜ ਡਾਇਬ ਨੇ ਇਸ ਸੋਮਵਾਰ ਨੂੰ  ਦੂਰ-ਦੁਰਾਡੇ ਅਤੇ ਪੇਂਡੂ ਭਾਈਚਾਰਿਆਂ ਵਿੱਚ ਰਹਿਣ ਵਾਲੇ ਲਗਭਗ 30,000  ਵਿਦੇਸ਼ੀ ਅਸਥਾਈ ਵਿਦੇਸ਼ੀ ਵਰਕਰਾਂ ਨੂੰ ਪੱਕੇ ਕਰਨ ਲਈ ਫਾਸਟ ਟਰੈਕ ਸਥਾਈ ਨਿਵਾਸ ਯੋਜਨਾ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਵਰਕ ਪਰਮਿਟ ਖਤਮ ਹੋਣ ਵਾਲੇ ਕਾਮਿਆਂ ਵਲੋਂ ਮੁਲਕ ਛੱਡਕੇ ਜਾਣ ਦੀ ਪੂਰੀ ਜਾਣਕਾਰੀ ਲਈ ਇਕ ਪਾਇਲਟ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ।

ਪਿਛਲੇ ਸਾਲ ਦੇ ਫੈਡਰਲ ਬਜਟ ਵਿੱਚ ਇਸ ਆਰਜੀ ਕਾਮਿਆਂ ਲਈ ਫਾਸਟ ਟਰੈਕ ਪ੍ਰੋਗਰਾਮ ਬਾਰੇ ਜਾਣਕਾਰੀ ਦੇਣ ਉਪਰੰਤ ਵਿਭਾਗ ਨੂੰ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਤੇਜ਼ ਟਰੈਕ ਉਨ੍ਹਾਂ ਲੋਕਾਂ ਲਈ ਖੁੱਲ੍ਹਾ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਕਈ ਮੌਜੂਦਾ ਪ੍ਰੋਗਰਾਮਾਂ ਰਾਹੀਂ ਕੈਨੇਡਾ ਵਿੱਚ ਪੀ ਆਰ ਲਈ ਅਪਲਾਈ ਕੀਤਾ ਹੋਇਆ ਹੈ।
ਇਮੀਗ੍ਰੇਸ਼ਨ ਕੈਨੇਡਾ ਨੇ ਸੋਮਵਾਰ ਨੂੰ ਖੇਤੀਬਾੜੀ, ਕੁਦਰਤੀ ਸਰੋਤਾਂ, ਵਪਾਰ- ਆਵਾਜਾਈ ਅਤੇ ਸਿਹਤ ਖੇਤਰ ਵਿਚ  ਕੰਮ ਕਰ ਰਹੇ 33000 ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦੀ ਯੋਜਨਾ ਦਾ ਖੁਲਾਸਾ ਕੀਤੀ ਹੈ।

ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ ਨਾਮਕ ਇਹ ਪ੍ਰੋਗਰਾਮ, ਵਰਕ-ਪਰਮਿਟ ਹੋਲਡਰਾਂ ਵਲੋਂ ਲਗਾਈਆਂ ਗਈਆਂ ਅਰਜ਼ੀਆਂ ਤੇ ਕਾਰਵਾਈ ਨੂੰ ਤੇਜ਼ ਕਰੇਗਾ ਜਿਨ੍ਹਾਂ ਨੇ ਸਥਾਈ ਨਿਵਾਸ ਲਈ ਅਰਜ਼ੀ ਦਿੱਤੀ ਹੋਈ ਹੈ ਅਤੇ ਉਹ ਪੇਂਡੂ ਅਤੇ ਦੂਰ-ਦੁਰਾਡੇ ਖੇਤਰਾਂ ਵਾਲੀਆਂ ਛੋਟੀਆਂ ਕਮਿਊਨਿਟੀਜ਼ ਵਿੱਚ ਰਹਿੰਦੇ ਹਨ। ਇਸ ਤਹਿਤ ਸਕਿਲਡ ਵਿਦੇਸ਼ੀ ਕਾਮੇ ਜੋ ਕੁਝ ਖਾਸ ਸੈਕਟਰਾਂ ਵਿੱਚ ਦੋ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਛੋਟੇ ਭਾਈਚਾਰਿਆਂ ਵਿੱਚ ਰਹਿ ਰਹੇ ਹਨ, ਉਹ ਤੁਰੰਤ ਸਥਾਈ ਨਿਵਾਸ ਲਈ ਯੋਗ ਹੋਣਗੇ।

ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਪ੍ਰੋਗਰਾਮ ਦੇ ਤਹਿਤ ਜਨਵਰੀ ਅਤੇ ਫਰਵਰੀ ਵਿੱਚ 3,600 ਵਿਦੇਸ਼ੀ ਕਾਮਿਆਂ ਨੂੰ ਸਥਾਨ ਨਿਵਾਸ ਪ੍ਰਦਾਨ ਕਰ ਦਿੱਤਾ ਸੀ ਜਦੋਂਕਿ ਹੁਣ ਇਸਦੀ ਰਸਮੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਟੋਰਾਂਟੋ ਤੋਂ ਇਮੀਗ੍ਰੇਸ਼ਨ ਦੇ ਮਾਹਿਰ ਵਕੀਲ ਰਵੀ ਜੈਨ ਨੇ ਸਵਾਲ ਕੀਤਾ ਕਿ ਵਿਭਾਗ ਨੇ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਹੀ ਲੋਕਾਂ ਨੂੰ ਸਥਾਈ ਨਿਵਾਸ ਕਿਵੇਂ ਦੇ ਦਿੱਤਾ। ਉਹਨਾਂ ਕਿਹਾ ਹੈ ਕਿ ਮੈਂ ਆਪਣੇ ਕਰੀਅਰ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ। ਉਸਨੇ ਕਿਹਾ ਕਿ ਇਹ ਪਹਿਲਕਦਮੀ ਪੂਰੀ ਤਰ੍ਹਾਂ ਨਿਰਾਸ਼ਾਜਨਕ ਹੈ। ਫਾਸਟ ਟਰੈਕ ਲਈ ਯੋਗ ਲੋਕਾਂ ਵਿੱਚ ਪ੍ਰੋਵਿੰਸ਼ੀਅਲ ਨੌਮੀਨੀ ਪ੍ਰੋਗਰਾਮਾਂ ਵਿੱਚ ਅਪਲਾਈ ਕਰਨ ਵਾਲੇ ਵੀ ਸ਼ਾਮਲ ਹਨ। ਹੁਨਰਮੰਦ ਵਿਦੇਸ਼ੀ ਕਾਮੇ ਅਤੇ ਕੈਨੇਡੀਅਨ ਕਾਲਜ ਜਾਂ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਗ੍ਰੈਜੂਏਟ ਜਿਨ੍ਹਾਂ ਨੇ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਚਾਰ ਐਟਲਾਂਟਿਕ ਸੂਬਿਆਂ ਵਿੱਚੋਂ ਕਿਸੇ ਇੱਕ ਵਿੱਚ ਕੰਮ ਕਰਨ ਅਤੇ ਸੈਟਲ ਹੋਣ ਲਈ ਅਰਜ਼ੀ ਦਿੱਤੀ ਹੈ, ਉਹ ਵੀ ਫਾਸਟ-ਟਰੈਕ ਸਕੀਮ ਲਈ ਯੋਗ ਹੋਣਗੇ।

– ਵਰਕ ਪਰਮਿਟ ਖਤਮ ਹੋਣ ਤੇ ਮੁਲਕ ਛੱਡਣ ਵਾਲਿਆਂ ਦੀ ਜਾਂਚ ਲਈ ਪਾਇਲਟ ਪ੍ਰੋਗਰਾਮ-

ਇਮੀਗ੍ਰੇਸ਼ਨ ਮੰਤਰੀ ਲੀਨਾ ਮੇਟਲੇਜ ਡਾਇਬ ਨੇ ਸੰਸਦੀ  ਕਮੇਟੀ ਨੂੰ ਦੱਸਿਆ ਹੈ ਕਿ ਵਿਭਾਗ ਪਹਿਲੀ ਵਾਰ ਇਹ ਟਰੈਕ ਕਰ ਰਿਹਾ ਹੈ ਕਿ ਕਿਹੜੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੋਰ ਅਸਥਾਈ ਵਿਦੇਸ਼ੀ ਨਿਵਾਸੀਆਂ ਨੇ ਕੈਨੇਡਾ ਵਿੱਚ ਰਹਿਣ ਦੇ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ ਦੇਸ਼ ਛੱਡਿਆ ਹੈ।

ਅਰਥਸ਼ਾਸਤਰੀ ਕਈ ਸਾਲਾਂ ਤੋਂ ਚੇਤਾਵਨੀ ਦੇ ਰਹੇ ਹਨ ਕਿ ਕੈਨੇਡਾ ਵਿਚ ਰਹਿਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾ ਕੇ ਦੱਸਿਆ ਜਾ ਰਿਹਾ ਹੈ, ਇਹ ਮੰਨ ਕੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਹੋਰ ਲੋਕ ਆਪਣੇ ਪਰਮਿਟ ਅਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਦੇਸ਼ ਛੱਡ ਦਿੰਦੇ ਹਨ। ਮੰਤਰੀ ਡਾਇਬ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ  ਨਿਯਮਾਂ ਦੀ ਪਾਲਣਾ ਤਹਿਤ ਇੱਕ ਕਾਰਜ ਯੋਜਨਾ ਦੇ ਹਿੱਸੇ ਵਜੋਂ, ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ, ਅਸਥਾਈ ਨਿਵਾਸੀਆਂ ਦੁਆਰਾ ਦਾਖਲੇ ਅਤੇ ਨਿਕਾਸ ਨੂੰ ਟਰੈਕ ਕਰਨ ਲਈ ਇੱਕ ਪਾਇਲਟ ਪ੍ਰੋਗਰਾਮ ਚਲਾ ਰਹੀ ਹੈ।

 

 

Leave a Reply

Your email address will not be published. Required fields are marked *