May 10, 2026

ਇਲੈਕਸ਼ਨ ਅਲਬਰਟਾ ਨੂੰ ਦਸਤਖਤਾਂ ਦੀਆਂ ਫਾਈਲਾਂ ਸੌਂਪੀਆਂ-

ਐਡਮਿੰਟਨ-ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਅਤੇ  ਸੂਬੇ ਦੀ ਆਜ਼ਾਦੀ ਬਾਰੇ ਆਪਣੀ ਪਹਿਲੀ ਰਾਏਸ਼ਮਾਰੀ ਕਰਵਾਉਣ ਲਈ ਪ੍ਰਬੰਧਕਾਂ ਨੇ ਲੋੜੀਂਦੇ ਦਸਤਖਤ ਇਕੱਤਰ ਕਰਨ ਦਾ ਦਾਅਵਾ ਕੀਤਾ ਹੈ। ਇਥੇ ਚੋਣ ਕਮਿਸ਼ਨ ਕੋਲ ਦਸਤਖਤਾਂ ਦੀਆਂ ਫਾਈਲਾਂ ਜਮਾਂ ਕਰਵਾਉਂਦਿਆਂ ਉਹਨਾਂ ਨੇ 3 ਲੱਖ ਤੋਂ ਉਪਰ ਦਸਤਖਤ ਇਕੱਤਰ ਕਰਨ ਦਾ ਦਾਅਵਾ ਕਰਦਿਆਂ ਇਸਨੂੰ ਆਪਣੀ ਪਹਿਲੀ ਜਿੱਤ ਕਰਾਰ ਦਿੱਤਾ ਹੈ। ਐਡਮਿੰਟਨ ਵਿਚ ਇਲੈਕਸ਼ਨ ਅਲਬਰਟਾ ਦੇ ਦਫ਼ਤਰਾਂ ਬਾਹਰ ਵੱਖਵਾਦੀ ਨੇਤਾ ਮਿਚ ਸਿਲਵੈਸਟਰ ਨੇ ਅਲਬਰਟਾ ਦੇ ਝੰਡੇ ਲਹਿਰਾ ਰਹੇ ਸਮਰਥਕਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਗਰੁੱਪ ਸਟੇਅ ਫਰੀ ਅਲਬਰਟਾ ਵੋਟਿੰਗ ਕਰਵਾਉਣ ਲਈ ਸੂਬੇ ਦੇ ਕਾਨੂੰਨ ਤਹਿਤ ਲੋੜੀਂਦੇ ਲਗਪਗ 178000 ਦਸਤਖ਼ਤਾਂ ਦੇ ਟੀਚੇ ਨੂੰ ਪਾਰ ਕਰ ਗਿਆ ਹੈ। ਉਨ੍ਹਾਂ ਅਤੇ ਵਲੰਟੀਅਰਾਂ ਨੇ ਇਕ ਇਕ ਕਰਕੇ ਇਲੈਕਸ਼ਨ ਅਲਬਰਟਾ ਦੇ ਅਧਿਕਾਰੀਆਂ ਨੂੰ ਦਸਤਖ਼ਤਾਂ ਨਾਲ ਭਰੇ ਡੱਬੇ ਸੌਂਪ ਦਿੱਤੇ ਹਨ। ਸਿਲਵੈਸਟਰ ਜਿਸ ਦਾ ਇਕ ਜੇਤੂ ਨਾਇਕ ਵਾਂਗ ਸਵਾਗਤ ਕੀਤਾ ਗਿਆ ਜਿਹੜਾ ਇਕ ਟਰੱਕ ’ਤੇ ਪਹੁੰਚਿਆਂ ਸੀ ਨੇ ਕਿਹਾ ਕਿ ਅਲਬਰਟਾ ਵਿਚ ਇਹ ਇਤਿਹਾਸਕ ਦਿਨ ਹੈ। ਉਨ੍ਹਾਂ ਸਟੇਜ ’ਤੇ ਦਰਜਨਾਂ ਡੱਬੇ ਢੇਰ ਕੀਤੇ ਅਤੇ ਤਸਵੀਰਾਂ ਖਿਚਵਾਈਆਂ।

—ਕਿਸੇ ਵਿਦੇਸ਼ੀ ਦਖਲਅੰਦਾਜ਼ੀ ਦਾ ਸਬੂਤ ਨਹੀਂ-
ਓਟਵਾ-ਅਲਬਰਟਾ ਦੇ ਜਨਤਕ ਸੁਰੱਖਿਆ ਅਤੇ ਐਮਰਜੈਂਸੀ ਸੇਵਾਵਾਂ ਬਾਰੇ ਮੰਤਰੀ ਮਾਈਕ ਐਲਿਸ ਜਿਹੜੇ ਪੁਲਿਸ ਦੀ ਨਿਗਰਾਨੀ ਕਰਦੇੇ ਹਨ ਮੁਤਾਬਿਕ ਆਰਸੀਐਮਪੀ ਨੇ ਅਲਬਰਟਾ ਸਰਕਾਰ ਨੂੰ ਦੱਸਿਆ ਕਿ ਸੂਬੇ ਦੀ ਵੱਖਵਾਦੀ ਲਹਿਰ ਵਿਚ ਵਿਦੇਸ਼ੀ ਦਖਲਅੰਦਾਜ਼ੀ ਦਾ ਕੋਈ ਸਬੂਤ ਨਹੀਂ ਮਿਲਿਆ। ਐਲਿਸ ਨੇ ਲੈਜਿਸਲੇਚਰ ਨੂੰ ਦੱਸਿਆ ਕਿ ਉਹ ਤੁਹਾਨੂੰ ਦੱਸ ਸਕਦਾ ਹੈ ਕਿ ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਤੋਂ ਇਸ ਤਰ੍ਹਾਂ ਦੀ ਕੋਈ ਭਰੋਸੇਯੋਗ ਜਾਣਕਾਰੀ ਨਹੀਂ ਮਿਲੀ ਜਿਹੜੀ ਇਹ ਕਹਿੰਦੀੇ ਹੋਵੇ ਕਿ ਅਲਬਰਟਾ ਦੀ ਵੱਖਵਾਦੀ ਲਹਿਰ ਵਿਦੇਸ਼ੀ ਦਖਲਅੰਦਾਜ਼ੀ ਦਾ ਮਾਮਲਾ ਹੈ। ਵੱਖਵਾਦੀ ਚਾਹੁੰਦੇ ਹਨ ਕਿ ਪ੍ਰੀਮੀਅਰ ਡੇਨੀਅਲ ਸਮਿਥ ਸੂਬੇ ਦੇ 19 ਅਕਤੂਬਰ ਦੇ ਰਾਏਸ਼ਮਾਰੀ ਬੈਲਟ ਵਿਚ ਸੂਬੇ ਦੇ ਵੱਖ ਹੋਣ ਬਾਰੇ ਵੀ ਸਵਾਲ ਸ਼ਾਮਿਲ ਕਰਨ। ਐਲਿਸ ਨੇ ਕਿਹਾ ਕਿ ਸੰਭਾਵੀ ਦਖਲਅੰਦਾਜ਼ੀ ਦਾ ਪਤਾ ਲਗਾਉਣਾ ਪੁਲਿਸ ’ਤੇ ਨਿਰਭਰ ਕਰਦਾ ਹੈ। ਐਲਿਸ ਨੇ ਕਿਹਾ ਕਿ ਕੈਨੇਡਾ ਵਿਚ ਅਪਰਾਧਿਕ ਵਿਦੇਸ਼ੀ ਦਖਲਅੰਦਾਜ਼ੀ ਸਰਗਰਮੀਆਂ ਦੀ ਜਾਂਚ ਕਰਨਾ ਆਰਸੀਐਮਪੀ ਦੀ ਮੁੱਖ ਜ਼ਿੰਮੇਵਾਰੀ ਹੈ ਕਿਉਂਕਿ ਆਰਸੀਐਮਪੀ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

Leave a Reply

Your email address will not be published. Required fields are marked *