ਐਡਮਿੰਟਨ ( ਬਲਵਿੰਦਰ ਬਾਲਮ)- ਅੱਜ ਬਾਦ ਦੁਪਹਿਰ ਲਗਪਗ 1 ਵਜੇ ਦੇ ਕਰੀਬ ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਜ ਦੇ ਸਾਹਮਣੇ 15 ਸਟਰੀਟ ਤੇ ਮਕਾਨ ਨੰਬਰ 2915 ਅਤੇ ਮਕਾਨ ਨੰਬਰ 2917 ਨੂੰ ਅਚਾਨਕ ਅੱਗ ਲੱਗ ਗਈ। ਅੱਗ ਏਨੀ ਤੇਜ਼ ਸੀ ਕਿ ਇਸਨੇ ਦੋਵਾਂ ਘਰਾਂ ਨੂੰ ਬੁਰੀ ਤਰਾਂ ਆਪਣੀ ਲਪੇਟ ਵਿਚ ਲੈੇ ਲਿਆ। ਮੀਲਾਂ ਤੱਕ ਧੂੰਆਂ ਉਠਦਾ ਦਿਖਾਈ ਦੇ ਰਿਹਾ ਸੀ। ਅੱਗ ਸਮੇਂ ਦੋਵਾਂ ਘਰਾਂ ਦੇ ਮਾਲਕ ਅਤੇ ਹੋਰ ਮੈਂਬਰ ਘਰਾਂ ਵਿਚ ਨਹੀ ਸਨ। ਅੱਗ ਲੱਗਣ ਸਮੇਂ ਗੁਆਂਢੀਆਂ ਨੇ ਫਾਇਰ ਵਿਭਾਗ ਨੂੰ ਸੂਚਿਤ ਕੀਤਾ। ਲਗਪਗ 15 ਮਿੰਟ ਵਿਚ ਫਾਇਰ ਬ੍ਰੀਗੇਡ ਦੀਆਂ ਗੱਡੀਆਂ ਅਤੇ ਬਚਾਓ ਟੀਮਾਂ ਪੁੱਜ ਗਈਆਂ। ਅੱਗ ਬੁਝਾਊ ਅਮਲੇ ਨੇ ਇਸ ਭਿਅੰਕਰ ਅੱਗ ਉਪਰ ਲਗਪਗ ਇਕ ਘੰਟੇ ਵਿਚ ਕਾਬੂ ਪਾ ਲਿਆ। ਚਸ਼ਮਦੀਦਾਂ ਮੁਤਾਬਿਕ ਸਭ ਤੋਂ ਪਹਿਲਾਂ ਅੱਗ ਮਕਾਨ ਨੰਬਰ 2915 ਨੂੰ ਲੱਗੀ ਜਿਸਨੇ ਮਕਾਨ ਨੰਬਰ 2917 ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀ ਲੱਗ ਸਕਿਆ।






