May 14, 2026

ਨਿਊਟਨ ਇਲਾਕੇ ਦੀ ਇਕ ਅੰਡਰ ਗਰਾਉਂਡ ਪਾਰਕਿੰਗ ਲਾਟ ਵਿਚ ਮਾਰੀਆਂ ਗੋਲੀਆਂ-

ਸਰੀ ( ਦੇ ਪ੍ਰ ਬਿ)- ਬੀਤੇ ਐਤਵਾਰ ਨੂੰ  ਸਰੀ ਵਿੱਚ ਗੈਂਗਵਾਰ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਨਿਊਟਨ ਇਲਾਕੇ ਵਿੱਚ ਐਤਵਾਰ ਦੀ ਰਾਤ ਨੂੰ ਇੱਕ ਅੰਡਰਗਰਾਊਂਡ ਪਾਰਕਿੰਗ ਲੋਟ ਵਿੱਚ ਦੋ ਨੌਜਵਾਨ ਜਿਹਨਾਂ ਉਮਰ ਕੇਵਲ 16 ਅਤੇ 18 ਸਾਲ ਸੀ ,ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲੀਸ ਵੱਲੋਂ ਅਜੇ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ, ਪਰ ਸੂਤਰਾਂ ਮੁਤਾਬਿਕ ਦੋਵੇਂ ਮ੍ਰਿਤਕ ਪੰਜਾਬੀ ਪਰਿਵਾਰਾਂ ਦੇ ਸਨ।

ਸਰੀ ਪੁਲੀਸ ਅਨੁਸਾਰ ਇਹ ਘਟਨਾ 10 ਮਈ ਦੀ ਰਾਤ ਕਰੀਬ 10 ਵਜੇ 133ਬੀ  ਸਟਰੀਟ ਦੇ 7000-ਬਲਾਕ ਵਿੱਚ ਵਾਪਰੀ। ਗੋਲੀਆਂ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਦੋਵੇਂ ਨੌਜਵਾਨ ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੇ। ਪੈਰਾਮੈਡਿਕਸ ਵੱਲੋਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਆਈਹਿੱਟ ਨੇ ਮਾਮਲੇ ਦੀ ਜਾਂਚ ਸੰਭਾਲ ਲਈ ਹੈ। ਪੁਲੀਸ ਦਾ ਮੰਨਣਾ ਹੈ ਕਿ ਇਹ ਕਤਲ ਸੋਚੀ-ਸਮਝੀ ਸਾਜ਼ਿਸ਼  ਦਾ ਨਤੀਜਾ ਹੈ ਅਤੇ ਇਸ ਦਾ ਸਬੰਧ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੇ ਖੂਨੀ ਗੈਂਗ ਸੰਘਰਸ਼ ਨਾਲ ਹੈ। ਜਾਂਚ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦਾ ਸਬੰਧ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਹੋ ਸਕਦਾ ਹੈ।

ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਇੱਕ ਸਲੇਟੀ ਰੰਗ ਦੀ ਚਾਰ ਦਰਵਾਜ਼ਿਆਂ ਵਾਲੀ ਸੇਡਾਨ ਕਾਰ ਸੜੀ ਹੋਈ ਹਾਲਤ ਵਿੱਚ ਮਿਲੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਹਮਲਾਵਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਸੇ ਗੱਡੀ ਦੀ ਵਰਤੋਂ ਕੀਤੀ ਸੀ ਅਤੇ ਬਾਅਦ ਵਿੱਚ ਸਬੂਤ ਨਸ਼ਟ ਕਰਨ ਲਈ ਇਸ ਨੂੰ ਅੱਗ ਲਗਾ ਦਿੱਤੀ।

ਪੁਲਿਸ ਬੁਲਾਰਾ ਸਾਰਜੈਂਟ ਫਰੀਦਾ ਫੋਂਗ ਨੇ ਕਿਹਾ ਕਿ ਇਸ ਘਟਨਾ ਨੇ ਦੋ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਰਾਤ 9 ਤੋਂ 11 ਵਜੇ ਦੇ ਦਰਮਿਆਨ ਦੀ ਕੋਈ ਡੈਸ਼ਕੈਮ ਫੁਟੇਜ ਜਾਂ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸਾਂਝੀ ਕਰਨ।

ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਇਸ ਵਧ ਰਹੀ ਹਿੰਸਾ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦਾ ਗੈਂਗਵਾਰ ਦੀ ਭੇਟ ਚੜ੍ਹਨਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

-ਇਕ ਹੋਰ ਗੋਲੀਬਾਰੀ ਦੌਰਾਨ ਦੋ ਗੰਭੀਰ ਜ਼ਖਮੀ-

ਇਸੇ ਦੌਰਾਨ ਸਰੀ ਦੀ 152 ਸਟਰੀਟ ਅਤੇ 72 ਐਵਨਿਊ ਤੇ ਇਕ ਗੈਸ ਸਟੇਸ਼ਨ ਨੇੜੇ ਵੀ ਰਾਤ ਨੂੰ ਹੋਈ ਗੋਲੀਬਾਰੀ ਦੌਰਾਨ ਦੋ ਨੌਜਵਾਨਾਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਪੁਲਿਸ ਨੂੰ ਗੋਲੀਬਾਰੀ ਦੀ ਜਾਣਕਾਰੀ ਮਿਲਣ ਉਪਰੰਤ ਜਦੋਂ ਪੁਲਿਸ ਪੁੱਜੀ ਤਾਂ ਦੋ ਨੌਜਵਾਨ ਗੰਭੀਰ ਹਾਲਤ ਵਿਚ ਜਖਮੀ ਮਿਲੇ। ਉਹਨਾਂ ਨੂੰ ਮੁਢਲੀ ਸਹਾਇਤਾ ਉਪਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *