ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਸੰਪਰਦਾਇ ਵੱਲੋਂ ਭੇਜੀ ਗਈ ਭਾਰੀ ਮਸ਼ੀਨਰੀ-
ਰਾਕੇਸ਼ ਨਈਅਰ ਚੋਹਲਾ
ਸੁਲਤਾਨਪੁਰ ਲੋਧੀ/ਸਰਹਾਲੀ ਸਾਹਿਬ, 13 ਮਈ
ਸਾਲ 2023 ਅਤੇ 2025 ਦੇ ਹੜ੍ਹਾਂ ਵਿਚ ਪੰਜਾਬ ਨੂੰ ਭਾਰੀ ਮੁਸੀਬਤਾਂ ਨਾਲ ਜੂਝਣਾ ਪਿਆ ਸੀ।ਇਸ ਸਾਲ ਅਗਾਉਂ ਪ੍ਰਬੰਧ ਕਰਨ ਹਿੱਤ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਤਾਂ ਜੋ ਕਮਜ਼ੋਰ ਬੰਨ੍ਹਾਂ ਦਾ ਜਾਇਜ਼ਾ ਲਿਆ ਜਾਵੇ ਅਤੇ ਮਜ਼ਬੂਤੀ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।ਅੱਜ ਸੰਤ ਬਾਬਾ ਸੁੱਖਾ ਸਿੰਘ ਜੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿਖੇ ਪਹੁੰਚੇ ਅਤੇ ਅਰਦਾਸ ਕਰਕੇ ਕਮਜ਼ੋਰ ਬੰਨ੍ਹ ਦੀ ਮਜਬੂਤੀ ਲਈ ਸੇਵਾ ਕਾਰਜ ਆਰੰਭ ਕੀਤਾ।ਇਸ ਮੌਕੇ ਜਥੇਦਾਰ ਗੁਰਦੀਪ ਸਿੰਘ ਸ਼ਹੀਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਥੋਂ ਬਿਆਸ ਦਰਿਆ ਦਾ ਅਡਵਾਂਸ ਬੰਨ੍ਹ ਪਹਿਲਾਂ ਦੋ ਵਾਰ ਟੁੱਟ ਚੁੱਕਾ ਹੈ।ਸਾਲ 2023 ਅਤੇ 2025 ਵਿਚ ਬਾਬਾ ਜੀ ਨੇ ਇਥੇ ਟੁੱਟੇ ਬੰਨ੍ਹ ਬੰਨ੍ਹਣ ਦੀ ਸੇਵਾ ਕਰਵਾਈ ਸੀ।ਇਹ ਅਡਵਾਂਸ ਬੰਨ੍ਹ ਲਗਭਗ 15 ਕਿ.ਮੀ. ਲੰਮਾ ਹੈ, ਜਿਸ ਦੇ ਨਾਲ ਪਿੰਡ ਚੱਕ ਪੱਤੀ ਬਾਲੂ ਬਹਾਦਰ,ਕਿਸ਼ਨਪੁਰ ਘੜਕਾ,ਭੀਮ ਜਦੀਦ,ਭੀਮ ਕਦੀਮ, ਸਰਦੁੱਲਾਪੁਰ,ਠੱਕਰਕੌੜਾ,ਹਜ਼ਾਰਾ, ਹੁਸੈਨਪੁਰ ਬੂਲੇ, ਮਕਬੀਰਪੁਰ, ਲੋਧੀਵਾਲ,ਆਹਲੀ ਕਲਾਂ,ਆਹਲੀ ਖੁਰਦ,ਮੰਡ ਹੁਸੈਨਪੁਰ ਬੂਲੇ ਆਦਿਕ ਪਿੰਡਾਂ ਦੀ ਜ਼ਮੀਨ ਨਾਲ ਲਗਦੀ ਹੈ।ਇਸ ਅਡਵਾਂਸ ਬੰਨ੍ਹ ‘ਤੇ ਰਸਤਾ ਬਣਿਆ ਹੈ,ਜੋ ਕਈ ਥਾਂਵਾਂ ਤੋਂ ਕਮਜ਼ੋਰ ਹੈ।ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਅੱਜ ਸੰਪਰਦਾਇ ਵੱਲੋਂ ਭਾਰੀ ਮਸ਼ੀਨਰੀ ਭੇਜੀ ਗਈ ਹੈ,ਜਿਸ ਵਿਚ ਇਕ ਪੋਕਲੇਨ ਮਸ਼ੀਨ,ਇਕ ਜੇ.ਸੀ.ਬੀ. ਮਸ਼ੀਨ, ਟਿੱਪਰ ਅਤੇ ਟਰਾਲੀਆਂ ਹਨ। ਅੱਜ ਅਰਦਾਸ ਕਰਕੇ ਬੰਨ੍ਹ ਮਜ਼ਬੂਤੀ ਲਈ ਸੇਵਾ ਆਰੰਭ ਕਰਵਾ ਦਿੱਤੀ ਗਈ ਹੈ ਤਾਂ ਜੋ ਇਹ ਇਲਾਕਾ ਦੁਬਾਰਾ ਹੜ੍ਹ ਗ੍ਰਸਤ ਨਾ ਹੋਵੇ।ਇਥੇ 600 ਤੋਂ 800 ਲਿਟਰ ਡੀਜ਼ਲ ਰੋਜ਼ਾਨਾ ਖਪਤ ਦੀ ਸੰਭਾਵਨਾ ਹੈ।ਸਰਬੱਤ ਦੇ ਭਲੇ ਹਿੱਤ ਬਾਬਾ ਜੀ ਦੀ ਇਹ ਵੱਡੀ ਦੂਰਅੰਦੇਸ਼ੀ ਹੈ।ਇਸ ਮੌਕੇ ਇਲਾਕੇ ਦੇ ਮੁਹਤਬਰਾਂ ਅਤੇ ਪੰਚਾਇਤਾਂ ਵੱਲੋਂ ਬਾਬਾ ਜੀ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸੰਗਤ ਵਿਚ ਜਥੇਦਾਰ ਗੁਰਦੀਪ ਸਿੰਘ ਸ਼ਹੀਦ ਸਮੇਤ ਸਾਬਕਾ ਸਰਪੰਚ ਕੁੰਦਨ ਸਿੰਘ (ਚੱਕ),ਸਰਪੰਚ ਲਖਵਿੰਦਰ ਸਿੰਘ (ਚੱਕ),ਗੁਰਮੁਖ ਸਿੰਘ,ਸਾਹਿਬ ਸਿੰਘ,ਅਮਰਜੀਤ ਸਿੰਘ ਖਿੰਡਾ ਲੋਧੀਵਾਲ (ਜ਼ਿਲਾ ਪ੍ਰੀਸ਼ਦ ਮੈਂਬਰ) ਤੇ ਹੋਰ ਕਈ ਮੁਹਤਬਰ ਸੱਜਣ ਹਾਜ਼ਰ ਸਨ।
