May 18, 2026
 ਸੰਗਤਾਂ ਨੇ ਅਥਾਹ ਸ਼ਰਧਾ ਤੇ ਉਤਸ਼ਾਹ ਨਾਲ ਹਾਜ਼ਰੀ ਭਰੀ-
ਐਡਮਿੰਟਨ (ਗੁਰਪ੍ਰੀਤ ਸਿੰਘ)-ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ 26ਵਾਂ ਮਹਾਨ ਨਗਰ ਕੀਰਤਨ ਐਡਮਿੰਟਨ ਸ਼ਹਿਰ ਦੇ ਗੁਰਦੁਆਰਾ ਮਿਲਵੁੱਡਜ  ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ, ਜੋ ਕਿ ਬਾਅਦ ਦੁਪਿਹਰ 2:30 ਵਜੇ ਦੇ ਕਰੀਬ ਗੁਰਦੁਆਰਾ ਸਿੰਘ ਸਭਾ ਵਿਖੇ ਹੈਡ ਗ੍ਰੰਥੀ ਭਾਈ ਹਰਬੰਸ ਸਿੰਘ ਵੱਲੋਂ ਕੀਤੀ ਅਰਦਾਸ ਤੋਂ ਬਾਅਦ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਵਿਚ ਰਾਗੀ ਜੱਥਿਆਂ ਨੇ ਕੀਰਤਨ ਕੀਤਾ। ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਵਿਖੇ ਸਾਰਾ ਦਿਨ ਦੀਵਾਨ ਸਜਾਏ ਗਏ। ਸੁਹਾਵਣੇ ਮੌਸਮ ਦੌਰਾਨ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਅਥਾਹ ਸ਼ਰਧਾ ਤੇ ਭਾਰੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਨਗਰ ਕੀਰਤਨ ਦੌਰਾਨ ਵੱਖ ਵੱਖ ਸਿਆਸੀ ਆਗੂਆਂ ਅਤੇ ਹੋਰ ਸ਼ਖਸ਼ੀਅਤਾਂ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਇਸ ਵਾਰ ਨਗਰ ਕੀਰਤਨ ਦਾ ਟੀ ਡੀ ਬੇਕਰ ਸਕੂਲ ਦੀ ਗਰਾਊਂਡ ਵਿਚ ਪੜਾਅ ਨਹੀਂ ਸੀ। ਸੰਗਤਾਂ ਵੱਲੋਂ ਨਗਰ ਕੀਰਤਨ ਦੇ ਰਸਤੇ ਵਿਚ ਹੀ ਵੱਖ ਵੱਖ ਤਰਾਂ ਦੇ ਜੂਸ, ਕੋਲਡ ਡਰਿੰਕਸ, ਜਲ, ਆਈਸ ਕ੍ਰੀਮ ਤੇ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ। ਵਿਸ਼ੇਸ਼ ਤੌਰ ਕਾਰੋਬਾਰੀ ਅਦਾਰਿਆਂ ਵੱਲੋਂ ਲਗਾਏ ਜਾਣ ਵਾਲੇ ਫੂਡ ਸਟਾਲ ਇਸ ਵਾਰ ਨਹੀਂ ਸਨ ਕੇਵਲ ਗੁਰੂ ਘਰਾਂ ਦੇ ਕੈਂਪਸ ‘ਚ ਲੰਗਰ ਹੀ ਵਰਤਾਇਆ ਜਾ ਰਿਹਾ ਸੀ ।
ਨਗਰ ਕੀਰਤਨ ਦੌਰਾਨ ਸੇਵਾਦਾਰਾਂ ਵੱਲੋਂ ਦੋਵਾਂ ਗੁਰਦੁਆਰਾ ਸਾਹਿਬਾਨ ਵਿਖੇ ਵਿਸ਼ੇਸ਼ ਮੁਫ਼ਤ ਦਸਤਾਰਾਂ ਦੇ ਸਟਾਲ ਲਗਾਏ ਗਏ।  ਇਸ ਮੌਕੇ ਐਡਮਿੰਟਨ ਪੁਲਿਸ, ਪੈਰਾਮੈਡੀਕਲ ਸੇਵਾਵਾਂ ਵਿਭਾਗ ਦੇ ਕਰਮਚਾਰੀਆਂ ਨੇ ਵੀ ਬਾਖੂਬੀ ਸੇਵਾ ਨਿਭਾਈ। ਨਗਰ ਕੀਰਤਨ ਕਮੇਟੀ ਦੇ ਵਲੰਟੀਅਰਾਂ ਵੱਲੋਂ ਮੌਕੇ ਤੇ ਹੀ ਸਫਾਈ ਅਤੇ ਹੋਰ ਗਾਰਬੇਜ ਨੂੰ ਤੁਰੰਤ ਰਸਤਿਆਂ ਤੋਂ ਸਾਫ ਕੀਤਾ ਗਿਆ।
ਵਿਸਾਖੀ ਨਗਰ ਕੀਰਤਨ ਕਮੇਟੀ, ਗੁਰਦੁਆਰਾ ਸ਼੍ਰੀ ਗੂਰੁ ਸਿੰਘ ਸਭਾ ਪ੍ਰਬੰਧਕ ਕਮੇਟੀ, ਗੁਰਦੁਆਰਾ ਮਿਲਵੁਡ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਨਗਰ ਕੀਰਤਨ ਵਿੱਚ ਪਹੁੰਚਣ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *