May 18, 2026

350 ਤੋਂ ਵੱਧ ਅੰਤਰਾਸ਼ਟਰੀ ਫਿਲਮ ਐਕਟਰਾਂ, ਡਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਵਲੋਂ ਇੰਡਸਟਰੀ ਦੇ ਨਾਂ ਖੁੱਲ੍ਹਾ ਖੱਤ-

(ਫਰਾਂਸ ਵਿੱਚ 12 ਮਈ ਤੋਂ 23 ਮਈ ਤੱਕ ਕਾਨਜ਼ ਫਿਲਮ ਫੈਸਟੀਵਲ ਚੱਲ ਰਿਹਾ ਹੈ। ਇਸ ਫੈਸਟੀਵਲ ਦੇ ਪਹਿਲੇ ਦਿਨ, 12 ਮਈ ਨੂੰ 350 ਤੋਂ ਵੱਧ ਅੰਤਰਰਾਸ਼ਟਰੀ ਫਿਲਮ ਐਕਟਰਾਂ, ਡਾਾਇਰੈਕਟਰਾਂ ਅਤੇ ਪ੍ਰੋਡਿਊਸਰਾਂ ਨੇ ਫਿਲਮ ਇੰਡਸਟਰੀ ਦੇ ਨਾਂ ਇਕ ਖੁੱਲ੍ਹਾ ਖੱਤ ਲਿਖਿਆ ਹੈ ਜਿਸ ਵਿੱਚ ਇਜ਼ਰਾਈਲੀ ਫੌਜ ਵਲੋਂ ਫਲਸਤੀਨੀ ਫੋਟੋ ਜਰਨਲਿਸਟ ਫਾਤਮਾ ਹਸੂਨਾ ਦੇ ਕਤਲ ਦੀ ਨਿਖੇਧੀ ਕੀਤੀ ਗਈ ਹੈ। ਇਹ ਖੱਤ ਵੈਰਾਈਟੀ ਮੈਗਜ਼ੀਨ ਦੇ ਸਾਈਟ `ਤੇ 12 ਮਈ ਨੂੰ ਛਪਿਆ ਸੀ। ਇਸ ਖੱਤ ਵਿੱਚ ਲਿਖਿਆ ਹੈ, “ਸਾਨੂੰ ਇੰਡਸਟਰੀ ਦੀ ਇਸ ਤਰ੍ਹਾਂ ਦੀ ਚੁੱਪੀ `ਤੇ ਸ਼ਰਮ ਆਉਂਦੀ ਹੈ।”

ਪੰਜਾਬੀ ਪਾਠਕਾਂ ਲਈ ਇਸ ਖੱਤ ਦਾ ਸੁਖਵੰਤ ਹੁੰਦਲ ਵਲੋਂ ਪੰਜਾਬੀ ਵਿੱਚ ਕੀਤਾ ਅਨੁਵਾਦ ਪੇਸ਼ ਹੈ।)

ਫ਼ਾਤਿਮ ਲਈ

ਫ਼ਾਤਮਾ ਹਸੂਨਾ (ਫ਼ਾਤਿਮ) 25 ਸਾਲਾਂ ਦੀ ਸੀ।

ਉਹ ਇੱਕ ਫਲਸਤੀਨੀ ਫ੍ਰੀਲਾਂਸ ਫੋਟੋ ਪੱਤਰਕਾਰ ਸੀ। ਉਸ ਨੂੰ 16 ਅਪ੍ਰੈਲ 2025 ਨੂੰ ਇਜ਼ਰਾਈਲ ਦੀ ਫੌਜ ਨੇ ਨਿਸ਼ਾਨਾ ਬਣਾਇਆ, ਉਸ ਦਿਨ ਤੋਂ ਇਕ ਦਿਨ ਬਾਅਦ ਜਦੋਂ ਸੈਪੀਦੀ ਫ਼ਾਰਸੀ ਦੀ ਫ਼ਿਲਮ “ਪੁੱਟ ਯੌਰ ਸੋਲ ਔਨ ਯੌਰ ਹੈਂਡ ਐਂਡ ਵਾਕ – Put Your Soul on Your Hand and Walk” ਨੂੰ ਕਾਨਜ਼ ਫ਼ਿਲਮ ਫੈਸਟੀਵਲ ਦੇ ACID  (ਐਸੋਸੀਏਸ਼ਨ ਫਾਰ ਦੀ ਡਿਫਿਊਜ਼ਨ ਆਫ ਇੰਡੀਪੈਂਡਿਟ ਸਿਨੇਮਾ ਭਾਵ ਅਜ਼ਾਦ ਸਿਨੇਮਾ ਦੇ ਪ੍ਰਸਾਰ ਲਈ ਬਣੀ ਐਸੋਸੀਏਸ਼ਨ) ਦੇ ਸੈਕਸ਼ਨ ਲਈ ਚੁਣਿਆ ਗਿਆ ਸੀ। ਫਾਤਿਮ ਇਸ ਫਿਲਮ ਦੀ ਸਟਾਰ ਸੀ।

ਉਸ ਦਾ ਵਿਆਹ ਹੋਣ ਵਾਲਾ ਸੀ।

ਉਸ ਦੇ ਦਸ ਰਿਸ਼ਤੇਦਾਰ, ਜਿਨ੍ਹਾਂ ਵਿੱਚ ਉਸ ਦੀ ਗਰਭਵਤੀ ਭੈਣ ਵੀ ਸ਼ਾਮਲ ਸੀ, ਉਸੇ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਸਨ।

7 ਅਕਤੂਬਰ 2023 ਦੇ ਭਿਆਨਕ ਕਤਲੇਆਮਾਂ ਤੋਂ ਬਾਅਦ, ਕਿਸੇ ਵੀ ਵਿਦੇਸ਼ੀ ਪੱਤਰਕਾਰ ਨੂੰ ਗਾਜ਼ਾ ਪੱਟੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਜ਼ਰਾਈਲੀ ਫੌਜ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। 200 ਤੋਂ ਵੱਧ ਪੱਤਰਕਾਰਾਂ ਨੂੰ ਜਾਣ-ਬੁੱਝ ਕੇ ਮਾਰਿਆ ਜਾ ਚੁੱਕਾ ਹੈ। ਲੇਖਕ, ਫ਼ਿਲਮਸਾਜ਼ ਅਤੇ ਕਲਾਕਾਰ ਬੇਰਹਿਮੀ ਨਾਲ ਮਾਰੇ ਜਾ ਰਹੇ ਹਨ।

ਮਾਰਚ ਦੇ ਅਖੀਰ ਵਿੱਚ, ਆਸਕਰ ਜੇਤੂ ਫਿਲਮ “ਨੋ ਅਦਰ ਲੈਂਡ –No Other Land” ਦੇ ਫਲਸਤੀਨੀ ਫ਼ਿਲਮਸਾਜ਼ ਹਮਦਨ ਬਲਾਲ ਉੱਤੇੇ ਇਜ਼ਰਾਇਲੀ ਅਬਾਦਕਾਰਾਂ (ਇਜ਼ਰਾਇਲੀ ਸੈਟਲਰਜ਼) ਵਲੋਂ ਬੇਰਹਿਮੀ ਨਾਲ ਹਮਲਾ ਕੀਤੇ ਜਾਣ ਬਾਅਦ ਉਸ ਨੂੰ ਫੌਜ ਨੇ ਅਗਵਾ ਕਰ ਲਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਅੰਤਰਰਾਸ਼ਟਰੀ ਦਬਾਅ ਹੇਠ ਹੀ ਰਿਹਾ ਕੀਤਾ। ਇਸ ਫਿਲਮ ਦਾ ਨਿਰਦੇਸ਼ਨ ਯੁਵਲ ਅਬ੍ਰਾਹਮ, ਬਾਸਲ ਅਦਰਾ ਅਤੇ ਰੇਚਲ ਜ਼ੋਰ ਨੇ ਰਲ ਕੇ ਕੀਤਾ ਸੀ। ਹਮਦਾਨ ਬਲਾਲ ਪ੍ਰਤੀ ਆਸਕਰ ਅਕੈਡਮੀ ਦੇ ਸਮਰਥਨ ਦੀ ਕਮੀ ਨੇ ਇਸ ਦੇ ਆਪਣੇ ਮੈਂਬਰਾਂ ਵਿੱਚ ਰੋਸ ਪੈਦਾ ਕੀਤਾ ਸੀ ਅਤੇ ਉਸ (ਅਕੈਡਮੀ) ਨੂੰ ਆਪਣੇ ਵਲੋਂ ਐਕਸ਼ਨ ਨਾ ਕੀਤੇ ਜਾਣ ਲਈ ਜਨਤਕ ਤੌਰ ‘ਤੇ ਮੁਆਫੀ ਮੰਗਣੀ ਪਈ ਸੀ।

ਸਾਨੂੰ ਇਸ ਤਰ੍ਹਾਂ ਦੀ ਚੁੱਪੀ ‘ਤੇ ਸ਼ਰਮ ਆਉਂਦੀ ਹੈ।

ਅਜਿਹਾ ਕਿਉਂ ਹੈ ਕਿ ਸਮਾਜਕ ਤੌਰ `ਤੇ ਵਚਨਬੱਧ ਕਿਰਤਾਂ ਨੂੰ ਪੈਦਾ ਕਰਨ ਵਾਲੀ ਜ਼ਮੀਨ, ਸਿਨੇਮਾ, ਹਕੀਕਤ ਦੀ ਭਿਆਨਕਤਾ ਅਤੇ ਸਾਡੇ ਭੈਣਾਂ-ਭਰਾਵਾਂ ਵੱਲੋਂ ਝੱਲੇ ਜਾ ਰਹੇ ਜ਼ੁਲਮ ਪ੍ਰਤੀ ਇੰਨੀ ਉਦਾਸੀਨ ਹੈ?

ਜਦੋਂ ਗਾਜ਼ਾ ਵਿੱਚ ਨਸਲਕੁਸ਼ੀ ਹੋ ਰਹੀ ਹੈ ਅਤੇ ਇਹ ਹੌਲਨਾਕ ਖਬਰਾਂ ਸਾਡੇ ਭਾਈਚਾਰਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ, ਉਸ ਸਮੇਂ ਕਲਾਕਾਰਾਂ ਅਤੇ ਸੱਭਿਆਚਾਰਕ ਕਾਰਕੁਨਾਂ ਦੇ ਰੂਪ ਵਿੱਚ ਅਸੀਂ ਚੁੱਪ ਨਹੀਂ ਰਹਿ ਸਕਦੇ। 

ਜੇ ਇਤਿਹਾਸ ਤੋਂ ਸਬਕ ਨਹੀਂ ਲੈਣੇ, ਜੇ ਵਚਨਬੱਧਤਾ ਵਾਲੀਆਂ ਫਿਲਮਾਂ ਨਹੀਂ ਬਣਾਉਣੀਆਂ, ਜੇ ਅਸੀਂ ਦੱਬੀਆਂ ਹੋਈਆਂ ਅਵਾਜ਼ਾਂ ਲਈ ਹਾਜ਼ਰ ਨਹੀਂ ਹੋਣਾ ਤਾਂ ਸਾਡੇ ਪੇਸਿ਼ਆਂ ਦਾ ਕੀ ਮਤਲਬ ਹੈ?

ਇਹ ਚੁੱਪ ਕਿਉਂ?

ਸੱਜੇ ਪੱਖੀ, ਫਾਸੀਵਾਦੀ, ਬਸਤੀਵਾਦੀ, ਟ੍ਰਾਂਸ-ਵਿਰੋਧੀ ਅਤੇ ਐੱਲ ਜੀ ਬੀ ਟੀ ਕਿਊ ਆਈ ਏ+ (LGBTQIA+) ਵਿਰੋਧੀ, ਲਿੰਗ ਆਧਾਰਤ ਵਿਤਕਰਾ ਕਰਨ ਵਾਲੀਆਂ, ਨਸਲਵਾਦੀ, ਇਸਲਾਮ ਵਿਰੋਧੀ ਅਤੇ ਯੂਹਦੀ ਲੋਕਾਂ ਦਾ ਵਿਰੋਧ ਕਰਨ ਵਾਲੀਆਂ ਲਹਿਰਾਂ ਵਿਚਾਰਾਂ ਦੇ ਖੇਤਰ ਵਿੱਚ ਆਪਣੀ ਲੜਾਈ ਲੜ ਰਹੀਆਂ ਹਨ ਅਤੇ ਪ੍ਰਕਾਸ਼ਨ, ਸਿਨੇਮਾ ਅਤੇ ਯੂਨੀਵਰਸਿਟੀਆਂ ‘ਤੇ ਹਮਲੇ ਕਰ ਰਹੀਆਂ ਹਨ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੜੀਏ।

ਆਉ ਅਤੇ ਆਪਣੀ ਕਲਾ ਨੂੰ ਸਭ ਤੋਂ ਬੁਰੇ ਦਾ ਸਾਥੀ ਬਣਨ ਤੋਂ ਰੋਕੀਏ।

ਆਉ ਉੱਠ ਕੇ ਖੜ੍ਹੇ ਹੋਈਏ।

ਆਉ ਹਕੀਕਤ ਦਾ ਨਾਂ ਲਈਏ।

ਆਉ ਆਪਣੇ ਸੰਵੇਦਨਸ਼ੀਲ ਦਿਲਾਂ ਦੀ ਸ਼ੁੱਧਤਾ ਨਾਲ ਇਸ ਨੂੰ ਇਕੱਠੇ ਹੋ ਕੇ ਦੇਖਣ ਦੀ ਹਿੰਮਤ ਕਰੀਏ, ਤਾਂ ਜੋ ਇਸ ਨੂੰ ਹੋਰ ਚੁੱਪ ਨਾ ਕਰਾਇਆ ਜਾ ਸਕੇ ਅਤੇ ਲੁਕਾਇਆ ਨਾ ਜਾ ਸਕੇ।

ਆਉ ਉਸ ਪ੍ਰਾਪੇਗੰਢੇ ਨੂੰ ਰੱਦ ਕਰੀਏ ਜੋ ਲਗਾਤਾਰ ਸਾਡੀ ਕਲਪਨਾ `ਤੇ ਕਾਬਜ਼ ਹੋ ਰਿਹਾ ਹੈ ਅਤੇ ਸਾਨੂੰ ਸਾਡੀ ਇਨਸਾਨੀਅਤ ਦੀ ਸਮਝ ਤੋਂ ਸੱਖਣੇ ਕਰ ਰਿਹਾ ਹੈ।

ਫ਼ਾਤਿਮ ਲਈ ਅਤੇ ਉਨ੍ਹਾਂ ਸਾਰਿਆਂ ਲਈ ਜੋ ਉਦਾਸੀਨਤਾ ਵਿੱਚ ਮਰ ਰਹੇ ਹਨ।

ਸਿਨੇਮਾ ਦਾ ਫਰਜ਼ ਬਣਦਾ ਹੈ ਕਿ ਉਹ ਉਨ੍ਹਾਂ ਦੇ ਸੁਨੇਹਿਆਂ ਨੂੰ ਅੱਗੇ ਲਿਜਾਵੇ, ਆਪਣੇ ਸਮਾਜਾਂ ਦਾ ਅਕਸ ਦਿਖਾਵੇ।

ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਆਉ ਕੁੱਝ ਕਰੀਏ।****

(ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ)

*** ਇਸ ਚਿੱਠੀ `ਤੇ 350 ਤੋਂ ਵੱਧ ਫਿਲਮਸਾਜ਼ਾਂ ਅਤੇ ਕਲਾਕਾਰ ਨੇ ਦਸਖ਼ਤ ਕੀਤੇ ਹਨ। ਉਹਨਾਂ ਦੇ ਨਾਂ ਦੇਖਣ ਲਈ ਤੁਸੀਂ ਅਮਰੀਕਾ ਦੇ ਮੈਗਜ਼ੀਨ ਵੈਰਾਇਟੀ ਦੇ ਵੈੱਬਸਾਈਟ `ਤੇ ਜਾ ਸਕਦੇ ਹੋ, ਜਿੱਥੇ ਇਹ ਅੰਗਰੇਜ਼ੀ ਵਿੱਚ ਛਪਿਆ ਸੀ।)

Sukhwant Hundal.

 

Leave a Reply

Your email address will not be published. Required fields are marked *