May 19, 2026

ਕਬੱਡੀ ਦੇ ਫਾਈਨਲ ਵਿਚ ਮੈਟਰੋ ਸਾਂਝਾ ਪੰਜਾਬ ਦੀ ਟੀਮ ਜੇਤੂ ਰਹੀ- ਜੇਸਨ ਸਰਬੋਤਮ ਰੇਡਰ ਤੇ ਗੁਰਦਿੱਤ ਸਰਬੋਤਮ ਜਾਫੀ ਐਲਾਨੇ-

ਨੀਟੂ ਕੰਗ, ਸੱਬਾ ਥਿਆੜਾ, ਗੁਰਨਾਮ ਹੁੰਦਲ, ਸਾਧੂ ਸਿੰਘ ਉਪਲ ਤੇ ਮੱਖਣ ਸਿੰਘ ਦਾ ਵਿਸ਼ੇਸ਼ ਸਨਮਾਨ –

ਕੁਸ਼ਤੀ ਮੁਕਾਬਲਿਆਂ ਦੌਰਾਨ ਅੰਬਿਕਾ ਸੇਹਰਾਵਤ, ਰੁਪਿੰਦਰ ਜੌਹਲ ਤੇ ਜ਼ੋਰਾ ਸਿੰਘ ਢੀਂਡਸਾ ਦੀ ਝੰਡੀ ਰਹੀ-ਕੈਨੇਡਾ ਦੇ ਜੰਮਪਲ ਖਿਡਾਰੀਆਂ ਦੀ ਟੀਮ ਵਿਚ ਜਮਸ਼ੇਰ ਖਾਸ ਦੀ ਟੀਮ ਜੇਤੂ-

ਸੋਕਰ, ਦੌੜਾਂ ਤੇ ਰੱਸਾਕਸ਼ੀ ਦੇ ਮੁਕਾਬਲੇ ਦਿਲਕਸ਼ ਰਹੇ- ਪ੍ਰਬੰਧਕ ਕਮੇਟੀ ਵਲੋਂ ਟੂਰਨਾਮੈਂਟ ਦੀ ਸਫਲਤਾ ਲਈ ਧੰਨਵਾਦ-

ਵੈਨਕੂਵਰ ( ਜੋਗਿੰਦਰ ਸਿੰਘ ਸੁੰਨੜ)- ਬੀਤੇ ਦਿਨ ਖਾਲਸਾ ਦੀਵਾਨ ਸੁਸਾਇਟੀ ਵਲੋਂ ਬੱਬਰ ਸ਼ਹੀਦਾਂ ਅਤੇ ਗਦਰੀ ਬਾਬਿਆਂ ਦੀ ਯਾਦ ਵਿਚ 58 ਵਾਂ ਖੇਡ ਮੇਲਾ ਮੈਮੋਰੀਅਲ ਪਾਰਕ ਵੈਨਕੂਵਰ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਦੋ ਦਿਨ 16 ਅਤੇ 17 ਮਈ ਨੂੰ ਕਰਵਾਏ ਗਏ ਟੂਰਨਾਮੈਂਟ ਦੌਰਾਨ ਮੌਸਮ ਚਮਕੀਲਾ ਤੇ ਸੁਹਾਵਣਾ ਹੋਣ ਕਾਰਣ ਖੇਡ ਪ੍ਰੇਮੀਆਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕਰਦਿਆਂ ਵੱਖ-ਵੱਖ ਖੇਡ ਮੁਕਾਬਲਿਆਂ ਦਾ ਆਨੰਦ ਮਾਣਿਆ। ਜਿਥੇ ਕੁਸ਼ਤੀ ਮੁਕਾਬਲੇ, ਸੋਕਰ, ਦੌੜਾਂ, ਰੱਸਾਕਸ਼ੀ ਦੇ ਮੁਕਾਬਲੇ ਕਾਫੀ ਰੌਚਕ ਰਹੇ ਉਥੇ ਕਬੱਡੀ ਦੇ ਸੈਮੀਫਾਈਨਲ ਤੇ ਫਾਈਨਲ ਮੈਚਾਂ ਦਾ ਲੋਕਾਂ ਨੇ ਭਾਰੀ ਆਨੰਦ ਮਾਣਿਆ। ਹਜ਼ਾਰਾਂ ਦੀ ਗਿਣਤੀ ਵਿਚ ਜੁੜੇ ਕਬੱਡੀ ਪ੍ਰੇਮੀਆਂ ਨੇ ਖਿਡਾਰੀਆਂ ਨੂੰ ਭਰਪੂਰ ਦਾਦ ਦਿੱਤੀ। ਕਬੱਡੀ ਦੀ ਜੇਤੂ ਟੀਮ ਨੂੰ ਟਰਾਫੀ ਤੇ ਨਗਦ ਇਨਾਮ ਨਾਲ ਨਿਵਾਜਿਆ ਗਿਆ। ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਹਸਤੀਆਂ ਜਿਹਨਾਂ ਵਿਚ ਬੀਸੀ ਕੰਸਰਵੇਟਿਵ ਪਾਰਟੀ ਦੇ ਲੀਡਰਸ਼ਿਪ ਆਗੂ ਪੀਟਰ ਮਿਲੋਬਾਰ, ਐਮ ਐਲ ਏ ਸੁਨੀਤਾ ਧੀਰ, ਪੰਜਾਬ ਤੋਂ ਅਕਾਲੀ ਆਗੂ ਰਣਜੀਤ ਸਿੰਘ ਢਿੱਲੋਂ, ਵੈਨਕੂਵਰ ਮੇਅਰ, ਕੌਂਸਲਰ ਅਤੇ ਹੋਰ ਕਈ ਆਗੂ ਸ਼ਾਮਿਲ ਸਨ, ਨੇ  ਖੇਡ ਪ੍ਰੇਮੀਆਂ ਤੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ।

ਇਸ ਖੇਡ ਮੇਲੇ ਦਾ ਬਹੁਤ ਹੀ ਅਨੁਸ਼ਾਸਨ ਤੇ ਸ਼ਾਂਤਮਈ ਮਾਹੌਲ ਵਿਚ ਦਰਸ਼ਕਾਂ ਨੇ ਅਨੰਦ ਮਾਣਿਆ। ਵੱਖ- ਵੱਖ ਖੇਡ ਮੁਕਾਬਲਿਆਂ ਦੇ ਨਾਲ  ਸਭ ਤੋਂ ਵੱਧ ਕਬੱਡੀ ਦੇ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ।  ਨੈਸ਼ਨਲ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਨੀਟੂ ਕੰਗ  ਦੀ ਅਗਵਾਈ ਹੇਠ 6 ਟੀਮਾਂ ਦੇ ਮੁਕਾਬਲੇ ਕਰਵਾਏ। ਕੈਨੇਡਾ ਦੇ ਜੰਮਪਲ ਬੱਚਿਆਂ ਦੀਆਂ 4 ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਓਪਨ ਕਬੱਡੀ ਵਿਚ ਖਿਡਾਰੀ ਇੰਡੀਆ, ਪਾਕਿਸਤਾਨ, ਟੋਰਾਂਟੋ ਅਤੇ ਅਮਰੀਕਾ ਤੋਂ ਉਚੇਚੇ ਤੌਰ ਤੇ ਪਹੁੰਚੇ।  ਅਮਰੀਕਾ ਤੋਂ ਸੱਬਾ ਥਿਆੜਾ ਟੀਮ ਲੈ ਕੇ ਪਹੁੰਚਿਆ। ਕਬੱਡੀ ਦੇ ਫਾਈਨਲ  ਮੁਕਾਬਲਿਆਂ ਵਿਚ ਨੈਸ਼ਨਲ ਕਬੱਡੀ ਆਫ਼ ਐਸੋਸੀਏਸ਼ਨ ਦਾ ਮੈਟਰੋ ਸਾਂਝਾ ਪੰਜਾਬ ਤੇ ਚੜ੍ਹਦੀਕਲਾ ਕਲੱਬ ਨਾਲ ਮੁਕਾਬਲਾ ਹੋਇਆ ਜਿਸ ਵਿਚ ਮੈਟਰੋ ਸਾਂਝਾ ਪੰਜਾਬ ਦੀ ਟੀਮ ਜੇਤੂ ਰਹੀ।  ਜੇਸਨ ਆਲਮਗੀਰੀਆ ਨੂੰ ਸਰਬੋਤਮ ਰੇਡਰ ਅਤੇ  ਗੁਰਦਿੱਤ ਕਿਸ਼ਨਗੜੀਆ ਸਰਬੋਤਮ ਜਾਫੀ ਐਲਾਨਿਆ ਗਿਆ। ਕੈਨੇਡਾ ਦੇ ਜੰਮਪਲ ਖਿਡਾਰੀਆਂ ਦੀ ਟੀਮ ਵਿਚ ਜਮਸ਼ੇਰ ਖਾਸ ਤੇ  ਖੇੜਾ ਦੀ ਟੀਮ ਜੇਤੂ ਰਹੀ। ਜੇਤੂਆਂ ਨੂੰ ਨਕਦ ਇਨਾਮ ਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਕਬੱਡੀ ਦੇ ਫਾਈਨਲ ਮੈਚ ਦੇ ਹਾਫ ਸਮੇਂ ਦੌਰਾਨ ਖ਼ਾਲਸਾ ਦੀਵਾਨ ਸੁਸਾਇਟੀ ਦੇ ਸਾਬਕਾ ਪ੍ਰਧਾਨ ਸਵ: ਕੁਲਦੀਪ ਸਿੰਘ ਥਾਂਦੀ ਨੂੰ ਯਾਦ ਕੀਤਾ ਗਿਆ। ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸਥਾਨਕ ਐਮ ਐਲ ਏ ਸੁਨੀਤਾ ਧੀਰ ਵੱਲੋਂ ਥਾਂਦੀ ਪਰਿਵਾਰ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਕਬੱਡੀ ਅਨਾਉਸਰਾਂ ਅਤੇ ਰੈਫਰੀਆਂ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ। ਸੀਨੀਅਰ ਆਗੂ ਗੁਰਬਖਸ਼ ਸਿੰਘ ਬਾਗੀ ਸੰਘੇੜਾ ਨੇ ਵਧੀਆ ਜ਼ਿੰਮੇਵਾਰੀਆਂ ਨਿਭਾਈਆਂ ।

ਸੋਕਰ ਓਪਨ ਦੇ ਮੁਕਾਬਲਿਆਂ ਵਿਚ 13 ਟੀਮਾਂ ਨੇ ਭਾਗ ਲਿਆ। ਇਸ ਸਾਲ 6 ਤੋਂ 12 ਸਾਲ ਦੇ ਬੱਚਿਆਂ ਦੀਆਂ 60 ਟੀਮਾਂ ਬਣਾਈਆਂ। ਉਨ੍ਹਾਂ ਦੇ ਪਰਿਵਾਰ ਵੀ ਪਹੁੰਚੇ ਹੋਏ ਸਨ। ਸੋਕਰ ਦੇ ਸੈਮੀਫਾਈਨਲ ਵਿਚ ਖਾਲਸਾ ਸਪੋਰਟਿੰਗ ਕਲੱਬ ਦਾ  ਏ ਆਰ ਈ ਐਸ ਏ ਐਫ  ਏ ਨਾਲ ਮੁਕਾਬਲਾ ਹੋਇਆ। ਦੂਸਰੇ ਸੈਮੀਫਾਈਨਲ ਵਿਚ ਟੈਂਪਲ ਯੂਨਾਇਟਡ ਅਤੇ ਸੁਪਰ ਅਕੈਡਮੀ ਨਾਲ ਮੁਕਾਬਲਾ ਹੋਇਆ।ਏ ਆਰ ਈ ਐਸ ਏ ਐਫ  ਏ ਦੀ ਟੀਮ  4-2 ਨਾਲ ਜੇਤੂ ਰਹੀ। । ਕੁਸ਼ਤੀ ਦੇ ਮੁਕਾਬਲੇ ਸ਼ਨੀਵਾਰ ਸਾਰਾ ਦਿਨ ਚੱਲਦੇ ਰਹੇ। 250 ਤੋਂ ਵੱਧ ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਦੀ ਕੁਸ਼ਤੀ ਲੜਕੀਆਂ ਦੇ ਮੁਕਾਬਲਿਆਂ ਵਿਚ ਬਾਲ ਕੇਸਰੀ  ਵਿਚੋਂ ਅੰਬਿਕਾ ਸੇਹਰਾਵਤ ਅਤੇ ਸਕੀਰਤ ਨਿਰਵਾਲ ਵਿਚਾਲੇ ਮੁਕਾਬਲੇ ਦੌਰਾਨ ਅੰਬਿਕਾ  ਸੇਹਰਾਵਤ ਜੇਤੂ ਰਹੀ। ਓਪਨ ਦੇ ਮੁਕਾਬਲਿਆਂ ਵਿਚੋਂ ਪਿਛਲੇ ਸਾਲ ਦੀ ਤਰ੍ਹਾ ਰੁਪਿੰਦਰ ਜੌਹਲ ਨੇ ਅੰਬਿਕਾ ਸੇਰਾਵਤ ਨੂੰ ਹਰਾਇਆ। ਪਟਕੇ ਦੇ ਲੜਕਿਆਂ ਦੇ ਮੁਕਾਬਲਿਆਂ ਵਿਚ ਜੋਰਾ ਸਿੰਘ ਢੀਂਡਸਾ ਨੇ ਵਰਿੰਦਰ ਨੂੰ ਹਰਾ ਕੇ ਪਟਕਾ ਜਿੱਤਿਆ। ਇਸ ਸਾਲ ਦੇ ਨੈਸ਼ਨਲ ਦੇ ਗੋਲਡ ਮੈਡਲ ਅਤੇ ਪੈੱਨ ਅਮਰੀਕਾ ਦੇ ਸਿਲਵਰ ਬਰਾਊਨ ਅਤੇ ਸਿਲਵਰ ਦੇ ਪਹਿਲਵਾਨਾਂ ਨੇ ਭਾਗ ਲਿਆ। ਪਹਿਲਵਾਨਾਂ ਦੇ ਮੁਕਾਬਲਿਆਂ ਦੌਰਾਨ ਸੀਰੀ ਪਹਿਲਵਾਨ, ਹਰਜੀਤ ਘੱਗ, ਬਲਵੀਰ ਬੀਸਲਾ, ਸਿੰਗਾਰਾ ਭਲਵਾਨ, ਮੇਜਰ ਸਿਧੂ ਨੇ ਵਧੀਆਂ ਸੇਵਾਵਾਂ ਨਿਭਾਈਆਂ। ਪਹਿਲਵਾਨਾਂ ਨੂੰ ਮੈਡਲ ਤੇ ਕੈਸ਼ ਇਨਾਮ ਦਿੱਤੇ ਗਏ। ਬੱਚਿਆਂ ਦੀਆਂ ਦੌੜਾ ਦੀ ਜ਼ਿੰਮੇਵਾਰੀ ਵਾਰਿਸ ਸਿੰਘ ਨੇ ਬਾਖ਼ੂਬੀ  ਨਿਭਾਈ। ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਮਾਪਿਆਂ ਦਾ ਧੰਨਵਾਦ ਕੀਤਾ ਗਿਆ। ਰੱਸਾਕਸ਼ੀ ਦੇ ਵੀ ਰੌਚਕ ਮੁਕਾਬਲੇ ਵੇਖਣ ਨੂੰ ਮਿਲੇ।  ਕਬੱਡੀ ਦੇ ਨਾਮਵਰ ਖਿਡਾਰੀ ਸਾਧੂ ਸਿੰਘ ਉਪਲ ਅਤੇ ਮੱਖਣ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਕਬੱਡੀ ਪ੍ਰਮੋਟਰ ਅਮਰੀਕਾ ਤੋਂ ਸੱਬਾ ਥਿਆੜਾ, ਗੁਰਨਾਮ ਹੁੰਦਲ ਵੇਟ ਲਿਫਟਰ ਨੂੰ ਸਨਮਾਨਿਤ ਕੀਤਾ ਗਿਆ। ਉਘੇ ਖਿਡਾਰੀ ਤੇ ਖੇਡ ਪੱਤਰਕਾਰ ਲੱਕੀ ਕੁਰਾਲੀ ਵੱਲੋਂ ਸਾਰਾ ਟੂਰਨਾਮੈਂਟ ਲਾਈਵ ਵਿਖਾਇਆ ਗਿਆ। ਦੇਸੀ ਘਿਉ ਦੀਆਂ ਜਲੇਬੀਆਂ, ਬਦਾਮਾਂ ਵਾਲੀ ਖੀਰ ਦੀ ਸੇਵਾ ਲਹਿੰਬਰ, ਜਸਵਿੰਦਰ ਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਕੀਤੀ ਗਈ।  ਵੈਨਕੂਵਰ ਪੁਲਿਸ ਅਤੇ ਹਿਲਟਨ ਸਕਿਉਰਿਟੀ ਦੇ ਗੁਰਜੰਟ ਸਿੰਘ ਸੰਧੂ ਵੱਲੋਂ ਆਪਣੀ ਟੀਮ ਨਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ। ਲੰਗਰ ਕਮੇਟੀ ਵੱਲੋਂ ਦੋਵੇਂ ਦਿਨ ਗੁਰੂਘਰ ਵੱਲੋਂ ਲੰਗਰ ਤਿਆਰ ਕਰ ਕੇ ਗਰਾਊਡ ਵਿਚ ਛਕਾਇਆ ਗਿਆ। ਬਰਨਬੀ ਦੇ ਸੇਵਾਦਾਰਾਂ ਵਲੋਂ ਵੀ ਲੰਗਰ ਪਹੁੰਚਾਇਆ ਗਿਆ। ਟੀਮ ਸੇਵਾ ਅਤੇ ਪ੍ਰਬੰਧਕ ਕਮੇਟੀ ਨੇ ਤਨਦੇਹੀ ਨਾਲ ਸੇਵਾ ਨਿਭਾਈ।

ਖ਼ਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਸਰਪ੍ਰਸਤ ਸੁਖਵਿੰਦਰ ਗਿੱਲ (ਰਾਣਾ) ਅਤੇ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ ਨੇ ਟੂਰਨਾਮੈਂਟ ਦੀ ਸਫਲਤਾ ਲਈ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ।  ਦਾਨੀ ਸੱਜਣਾਂ ਨੇ ਜਿਨ੍ਹਾਂ ਦੇ ਖੇਡ ਮੇਲੇ ਨੂੰ ਕਾਮਯਾਬ ਕਰਨ ਵਿਚ ਬੇਅੰਤ ਮਾਇਆ ਦਿੱਤੀ ਅਤੇ ਗੁਰੂ ਘਰਾਂ (ਅਕਾਲੀ ਸਿੰਘ ਸਭਾ ) , ਮਿਸ਼ਨ ਗੁਰੂਘਰ, ਐਬਸਫੋਰਡ ਖ਼ਾਲਸਾ ਦੀਵਾਨ ਸੁਸਾਇਟੀ, ਬੀਅਰ ਕਰੀਕ ਗੁਰੂ ਘਰ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸੰਗਤਾਂ ਤੇ ਸਪੌਸਰਾਂ ਦੀ ਬੇਅੰਤ ਮਾਇਆ ਨਾਲ ਟੂਰਨਾਮੈਂਟ ਕਾਮਯਾਬ ਤੇ ਯਾਦਗਾਰੀ  ਹੋ ਨਿਬੜਿਆ।

Leave a Reply

Your email address will not be published. Required fields are marked *