May 26, 2026

ਬਰੈਂਪਟਨ ( ਏਜੰਸੀਆਂ)– ਪੀਲ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਜਬਰੀ ਉਗਰਾਹੀ, ਗੋਲੀਬਾਰੀ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਪੰਜਾਬੀ ਮੂਲ ਦੇ 17 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਇਕ ਵੱਡੇ ਅਪਰਾਧਿਕ ਗੈਂਗ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ । ਇਹ ਗਰੋਹ ਗਰੇਟਰ ਟੋਰਾਂਟੋ ਏਰੀਏ ਵਿੱਚ ਦੱਖਣੀ ਏਸ਼ਿਆਈ ਕਾਰੋਬਾਰੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ।

ਪੀਲ ਰੀਜਨਲ ਪੁਲੀਸ ਨੇ ਦੱਸਿਆ ਕਿ ਫਾਰ ਬ੍ਰਦਰਜ਼ (For Brothers) ਵਜੋਂ ਜਾਣੇ ਜਾਂਦੇ ਇਸ ਅਪਰਾਧਿਕ ਗਰੋਹ ਨੇ ਬਰੈਂਪਟਨ, ਮਿਸੀਸਾਗਾ, ਕੈਲੇਡਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਵਿੱਚ ਰੈਸਟੋਰੈਂਟਾਂ, ਟਰੱਕਿੰਗ ਕੰਪਨੀਆਂ ਅਤੇ ਹੋਰ ਕਾਰੋਬਾਰੀ ਲੋਕਾਂ ਵਿਰੁੱਧ ਕਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਸੰਗਠਿਤ ਅਪਰਾਧਿਕ ਨੈੱਟਵਰਕ ਦੇ ਤਾਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਨਾਲ ਵੀ ਜੁੜੇ ਹੋਏ ਹਨ। ਇਹ ਗਰੋਹ ਸਥਾਨਕ ਕਾਰੋਬਾਰੀਆਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲਦਾ ਸੀ।

ਇਸ ਮਾਮਲੇ ਦੀ ਜਾਂਚ ਦਸੰਬਰ 2025 ਵਿੱਚ ਇੱਕ ਸਾਂਝੇ ਫੋਰਸ ਅਪ੍ਰੇਸ਼ਨ ਵਜੋਂ ਸ਼ੁਰੂ ਹੋਈ ਸੀ, ਜਿਸ ਵਿੱਚ ਪੀਲ ਰੀਜਨਲ ਪੁਲੀਸ, ਓਂਟਾਰੀਓ ਪ੍ਰੋਵਿੰਸ਼ੀਅਲ ਪੁਲੀਸ (OPP), ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਅਮਰੀਕਾ ਦੀ ਜਾਂਚ ਏਜੰਸੀ ਐਫ ਬੀ ਆਈ ਸ਼ਾਮਲ ਸਨ। ਪੁਲੀਸ ਨੇ 17 ਜਣਿਆਂ ਨੂੰ ਕਾਬੂ ਕੀਤਾ ਜੋ 24 ਵਾਰਦਾਤਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਵਿੱਚੋਂ 16 ਬਹੁਤ ਹਿੰਸਕ ਘਟਨਾਵਾਂ ਸਨ।

ਫਾਰ ਬ੍ਰਦਰਜ਼ ਗਰੁੱਪ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਵਾਰਦਾਤਾਂ ਵਿੱਚ ਅੱਗ ਲਗਾਉਣ ਅਤੇ ਕਈ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਲ ਹਨ, ਜਿਨ੍ਹਾਂ ਦੌਰਾਨ 324 ਰੌਂਦ ਗੋਲੀਆਂ ਚਲਾਈਆਂ ਗਈਆਂ। ਇੱਕ ਘਟਨਾ ਵਿੱਚ ਦੋ ਜਣਿਆਂ ਨੇ ਕੈਲੇਡਨ ਵਿੱਚ ਇੱਕ ਰਿਹਾਇਸ਼ੀ ਪਤੇ ‘ਤੇ ਗੋਲੀਬਾਰੀ ਕੀਤੀ ਤੇ ਉਸ ਤੋਂ ਘਰ ਨੂੰ ਅੱਗ ਲਾ ਦਿੱਤੀ। ਇਸ ਦੇ ਕੁਝ ਮਿੰਟਾਂ ਬਾਅਦ ਹੀ ਬਰੈਂਪਟਨ ਵਿੱਚ ਇੱਕ ਕਾਰੋਬਾਰੀ ਅਦਾਰੇ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ।

ਇਨ੍ਹਾਂ 17 ਜਣਿਆਂ ਖ਼ਿਲਾਫ਼ ਕੁੱਲ 106 ਅਪਰਾਧਿਕ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਜਾਂਚ ਦੌਰਾਨ ਪੁਲੀਸ ਨੇ ਛੇ ਹਥਿਆਰ, ਨਸ਼ੀਲੇ ਪਦਾਰਥ, ਕਈ ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਜਾਅਲੀ ਪਛਾਣ ਪੱਤਰ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ 6 ਨੂੰ ਦੇਸ਼ ਨਿਕਾਲਾ (ਇਮੀਗ੍ਰੇਸ਼ਨ ਕਾਰਵਾਈ) ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸੀਬੀ ਐਸ ਏ ਨੇ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ 6 ਹੋਰਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਵਿੱਚੋਂ 3 ਨੂੰ ਕੈਨੇਡਾ ਤੋਂ ਬਾਹਰ ਕੱਢ ਦਿੱਤਾ ਗਿਆ ਹੈ, 2 ਹਿਰਾਸਤ ਵਿੱਚ ਹਨ ਅਤੇ ਇੱਕ ਨੂੰ ਸ਼ਰਤਾਂ ‘ਤੇ ਰਿਹਾਅ ਕੀਤਾ ਗਿਆ ਹੈ।

ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਇਕਬਾਲ ਸਿੰਘ (25 ਸਾਲ, ਬਰੈਂਪਟਨ), ਆਕਾਸ਼ਦੀਪ ਸਿੰਘ (24 ਸਾਲ, ਨੌਰਵਲ), ਰਾਵਿੰਦਰ ਸਿੰਘ (25 ਸਾਲ, ਸਰੀ), ਜਸ਼ਨਬੀਰ ਸਿੰਘ (21 ਸਾਲ, ਸਰੀ), ਦਿਲਾਵਰਪ੍ਰੀਤ ਸਿੰਘ (26 ਸਾਲ, ਬਰੈਂਪਟਨ), ਮਨਦੀਪ ਸਿੰਘ (21 ਸਾਲ, ਬਰੈਂਪਟਨ), ਪ੍ਰਭਦੀਪ ਸੋਹਲ (22, ਬਰੈਂਪਟਨ), ਪ੍ਰਤਾਪਬੀਰ ਘੁੰਮਣ (22, ਬਰੈਂਪਟਨ), ਅਜੇਦੀਪ ਸਿੰਘ (29, ਬਰੈਂਪਟਨ), ਨਵਰੂਪ ਸਿੰਘ (24, ਬਰੈਂਪਟਨ), ਰਾਜਨ ਸਿੰਘ (28, ਬੈਰੀ), ਅੰਮ੍ਰਿਤਜੋਤ ਸਿੰਘ (22, ਬਰੈਂਪਟਨ), ਜਸ਼ਨਪ੍ਰੀਤ ਸਿੰਘ (22, ਬਰੈਂਪਟਨ), ਗੁਨੀਤ ਗੁਨੀਤ (27, ਬਰੈਂਪਟਨ), ਸੁਖਵਿੰਦਰ ਸਿੰਘ (32, ਬਰੈਂਪਟਨ), ਮੋਹਿੰਦਰ ਸਿੰਘ (30, ਬਰੈਂਪਟਨ) ਅਤੇ ਗੌਤਮ ਗੌਤਮ (22, ਮੰਟੇਕਾ, ਕੈਲੀਫੋਰਨੀਆ) ਸ਼ਾਮਲ ਹਨ।

ਪੀਲ ਰੀਜਨਲ ਪੁਲੀਸ ਦੇ ਚੀਫ਼ ਨਿਸ਼ਾਨ ਦੁਰਈੱਪਾ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਆਪਸੀ ਤਾਲਮੇਲ ਸਦਕਾ ਸੰਭਵ ਹੋਈਆਂ ਹਨ। ਜਬਰਨ ਉਗਰਾਹੀ ਦਾ ਇਹ ਧੰਦਾ ਸਿਰਫ਼ ਇੱਕ ਖੇਤਰ ਤੱਕ ਸੀਮਤ ਨਹੀਂ ਹੈ, ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਅਪਰਾਧ ਕਾਰਨ ਦੱਖਣੀ ਏਸ਼ਿਆਈ ਭਾਈਚਾਰੇ ਵਿੱਚ ਪੈਦਾ ਹੋਏ ਡਰ ਅਤੇ ਨੁਕਸਾਨ ਨੂੰ ਭਲੀਭਾਂਤ ਜਾਣਦੇ ਹਨ ਅਤੇ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਪੁਲੀਸ ਦੀ ‘ਐਕਸਟੌਰਸ਼ਨ ਟਾਸਕ ਫੋਰਸ’, ਜਿਸ ਵਿੱਚ 30 ਅਫ਼ਸਰ ਅਤੇ ਮਾਹਿਰ ਸ਼ਾਮਲ ਹਨ, 2023 ਤੋਂ ਇਸ ‘ਤੇ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਵੀ ਸੰਭਾਵਨਾ ਹੈ।

Leave a Reply

Your email address will not be published. Required fields are marked *