ਪ੍ਰਿੰ. ਸਰਵਣ ਸਿੰਘ–
ਰਾਜਾ ਰਣਧੀਰ ਸਿੰਘ ਅੱਸੀਵੇਂ ਸਾਲ ਦੀ ਉਮਰੇ ਵਸਦੇ ਰਸਦੇ ਜਹਾਨ ਨੂੰ ਅਲਵਿਦਾ ਆਖ ਗਿਐ। ਉਹ ਭਾਰਤ ਦਾ ਪਹਿਲਾ ਸ਼ੂਟਰ ਸੀ ਜਿਸ ਨੇ ਏਸ਼ਿਆਈ ਖੇਡਾਂ `ਚੋਂ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। ਉਹ ਗੋਲਡ ਮੈਡਲ 1978 `ਚ ਹੋਈਆਂ ਬੰਕਾਕ ਦੀਆਂ ਏਸ਼ਿਆਈ ਖੇਡਾਂ ਵਿੱਚੋਂ ਜਿੱਤਿਆ ਗਿਆ ਸੀ। ਉਸ ਨੇ ਨੈਸ਼ਨਲ, ਇੰਟਰਨੈਸ਼ਨਲ, ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ ਤੇ ਓਲੰਪਿਕ ਖੇਡਾਂ `ਚ ਵਾਰ ਵਾਰ ਹਿੱਸਾ ਲਿਆ ਤੇ ਸ਼ੂਟਿੰਗ ਮੁਕਾਬਲਿਆਂ `ਚੋਂ ਨੈਸ਼ਨਲ ਤੇ ਏਸ਼ੀਆ ਪੱਧਰ `ਤੇ ਅਨੇਕ ਮੈਡਲ ਜਿੱਤੇ। 1964 ਤੋਂ 1984 ਤਕ ਉਹ ਲਗਾਤਾਰ ਓਲੰਪਿਕ ਖੇਡਾਂ ਵਿੱਚ ਭਾਗ ਲੈਂਦਾ ਰਿਹਾ। ਓਲੰਪਿਕ ਖੇਡਾਂ ਦੀ ਸਰਬਉੱਚ ਸੰਸਥਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਰਣਧੀਰ ਸਿੰਘ ਨੂੰ ਉਹਦੀਆਂ ਅੰਤਰਰਾਸ਼ਟਰੀ ਖੇਡ ਸੇਵਾਵਾਂ ਸਦਕਾ ਸਿਲਵਰ ਓਲੰਪਿਕ ਆਰਡਰ ਨਾਲ ਸਨਮਾਨਿਤ ਕੀਤਾ ਸੀ। 1979 `ਚ ਭਾਰਤ ਸਰਕਾਰ ਨੇ ਉਸ ਨੂੰ ਖੇਡਾਂ ਦਾ ਸਰਬਉੱਚ ਸਨਮਾਨ ਅਰਜਨ ਅਵਾਰਡ ਦਿੱਤਾ। ਉਸੇ ਸਾਲ ਉਸ ਨੂੰ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇਣ ਦਾ ਤੋਰਾ ਹੀ ਰਣਧੀਰ ਸਿੰਘ ਨੂੰ ਅਵਾਰਡ ਦੇਣ ਤੋਂ ਤੁਰਿਆ ਸੀ।
1979 ਦੀਆਂ ਪੰਜਾਬ ਰਾਜ ਖੇਡਾਂ, ਤੱਤਕਾਲੀ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਸ਼ਹਿਰ ਸੰਗਰੂਰ ਵਿੱਚ ਹੋਈਆਂ ਸਨ। ਰਣਧੀਰ ਸਿੰਘ ਦਾ ਸਨਮਾਨ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਕੀਤਾ ਗਿਆ। ਉਥੇ ਮੈਨੂੰ ਉਸ ਨਾਲ ਪਹਿਲੀ ਵਾਰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ। ਮੈਂ ਉਸ ਨਾਲ ਇੰਟਰਵਿਊ ਕਰਨ ਲਈ ਹੀ ਢੁੱਡੀਕੇ ਤੋਂ ਸੰਗਰੂਰ ਗਿਆ। ਉਸ ਤੋਂ ਪਹਿਲਾਂ 1964 ਦੇ ਆਸ ਪਾਸ ਮੈਂ ਉਸ ਨੂੰ ਦਿੱਲੀ ਯੂਨੀਵਰਸਿਟੀ ਵਿੱਚ ਮਿਲਿਆ ਸਾਂ। ਉਦੋਂ ਮੈਂ ਵੀ ਦਿੱਲੀ ਯੂਨੀਵਰਸਿਟੀ ਦਾ ਵਿਦਿਆਰਥੀ ਸਾਂ ਪਰ ਸਾਡੀਆਂ ਆਪਸ ਵਿਚ ਗੱਲਾਂ ਬਾਤਾਂ ਨਹੀਂ ਸਨ ਹੋਈਆਂ। ਫਿਰ ਜਦੋਂ ਮੈਂ ਖੇਡਾਂ ਖਿਡਾਰੀਆਂ ਬਾਰੇ ਲਿਖਣ ਲੱਗਾ ਤਾਂ ਉਸ ਨਾਲ ਪਹਿਲੀ ਮੁਲਾਕਾਤ ਦਾ ਮੌਕਾ ਵਾਰ ਹੀਰੋਜ਼ ਸਟੇਡੀਅਮ ਵਿੱਚ ਨਸੀਬ ਹੋਇਆ। ਉਸ ਦੇ ਪਿਤਾ ਰਾਜਾ ਭਲਿੰਦਰ ਸਿੰਘ ਜੋ ਭਾਰਤੀ ਅਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਤੇ ਬਾਅਦ ਵਿੱਚ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਵੀ ਪ੍ਰਧਾਨ ਅਤੇ ਏਸ਼ੀਆ ਓਲੰਪਿਕ ਕੌਂਸਲ ਦੇ ਪ੍ਰਧਾਨ ਰਹੇ ਸਨ, ਉਨ੍ਹਾਂ ਨਾਲ ਮੇਰੀ ਮੁਲਾਕਾਤ ਪਹਿਲਾਂ ਹੀ ਹੋ ਚੁੱਕੀ ਸੀ। ਉਹਨੀਂ ਦਿਨੀਂ ਮੈਂ ‘ਸਚਿੱਤਰ ਕੌਮੀ ਏਕਤਾ’ ਮੈਗਜ਼ੀਨ ਵਿੱਚ ‘ਖੇਡ ਮੈਦਾਨ `ਚੋਂ’ ਕਾਲਮ ਲਿਖਦਾ ਸਾਂ।
ਰਾਜਾ ਭਲਿੰਦਰ ਸਿੰਘ ਨੇ ਹੀ ਮੈਨੂੰ ਆਪਣੇ ਪੁੱਤਰ ਨਾਲ ਮਿਲਾਇਆ ਸੀ। ਉੱਦਣ ਰਣਧੀਰ ਸਿੰਘ ਨੇ ਚਿੱਟੀ ਫਿਫਟੀ ਨਾਲ ਕੇਸਰੀ ਪੱਗ ਬੰਨ੍ਹੀ ਹੋਈ ਸੀ। ਇੰਡੀਆ ਦੇ ਕੱਲਰ ਵਾਲਾ ਅਸਮਾਨੀ ਕੋਟ ਪਾਇਆ ਹੋਇਆ ਤੇ ਸਫੈਦ ਪਤਲੂਨ ਪਾਈ ਹੋਈ ਸੀ। ਉਹ ਆਪਣੇ ਸ਼ੂਟਰ ਸਾਥੀਆਂ ਗੁਰਬੀਰ ਸਿੰਘ ਸੰਧੂ ਤੇ ਰਾਣਾ ਗੁਰਮੀਤ ਸਿੰਘ ਨਾਲ ਖੇਡ ਮੈਦਾਨ `ਚ ਟਹਿਲਦਾ ਮਿਲਿਆ ਸੀ। ਉਹਦੀ ਤੋਰ ਵਿੱਚ ਮਸਤਾਨੀ ਲਚਕ ਸੀ। ਉਥੋਂ ਅਸੀਂ ਵਾਲੀਬਾਲ ਦਾ ਮੈਚ ਵੇਖਣ ਚਲੇ ਗਏ ਸਾਂ। ਉਹ ਦਰਸ਼ਕਾਂ ਦੀ ਭੀੜ `ਚ ਖੜ੍ਹ ਕੇ ਮੈਚ ਵੇਖਦਾ ਰਿਹਾ ਸੀ। ਮੈਂ ਮਹਿਸੂਸ ਕੀਤਾ ਸੀ ਕਿ ਰਾਜੇ ਦਾ ਪੁੱਤ ਅਤੇ ਏਸ਼ੀਆ ਦਾ ਚੈਂਪੀਅਨ ਹੋਣ ਦਾ ਉਹਦੇ ਮਨ `ਚ ਭੋਰਾ ਭਰ ਵੀ ਗ਼ੁਮਾਨ ਨਹੀਂ ਸੀ।
ਫਿਰ ਅਸੀਂ ਨਿਵੇਕਲੇ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ ਜੋ ਮੈਂ ਡਾਇਰੀ ਵਿਚ ਨੋਟ ਕਰਦਾ ਰਿਹਾ। ਉਦੋਂ ਉਹ ਤੇਤੀ ਕੁ ਸਾਲਾਂ ਦਾ ਦਰਸ਼ਨੀ ਜੁਆਨ ਸੀ। ਉਹਦੀ ਦਾੜ੍ਹੀ ਬੱਧੀ ਹੋਈ ਸੀ ਤੇ ਅੱਖਾਂ `ਚ ਮਸਤੀ ਸੀ। ਅਸੀਂ ਬੇਸ਼ਕ ਦਿੱਲੀ ਦੇ ਕਾਲਜਾਂ ਵਿੱਚ ਕੋਲੋ ਕੋਲ ਪੜ੍ਹਦੇ ਰਹੇ ਸਾਂ ਪਰ ਕਦੇ ਖੁੱਲ੍ਹ ਕੇ ਨਹੀਂ ਸੀ ਮਿਲੇ।। ਕਾਰਨ ਇਹੋ ਸੀ ਕਿ ਮੈਂ ਅਥਲੈਟਿਕਸ ਕਰਦਾ ਸਾਂ ਤੇ ਉਹ ਸ਼ੂਟਿੰਗ ਕਰਦਾ ਸੀ। ਅਥਲੈਟਿਕਸ ਸਸਤੀ ਖੇਡ ਹੈ ਜੋ ਕੋਈ ਵੀ ਕਰ ਸਕਦਾ ਸੀ ਜਦ ਕਿ ਸ਼ੂਟਿੰਗ ਖਰਚੀਲੀ ਖੇਡ ਹੈ ਜੋ ਰੱਜੇ ਪੁੱਜੇ ਘਰਾਂ ਦੇ ਧੀਆਂ ਪੁੱਤਰ ਹੀ ਕਰ ਸਕਦੇ ਸਨ। ਇੰਟਰਵਿਊ ਦੌਰਾਨ ਦਿੱਲੀ ਵਿਖੇ ਪੜ੍ਹਨ ਦੀਆਂ ਗੱਲਾਂ ਨਾਲ ਮੈਂ ਪੁਛਿਆ ਸੀ ਕਿ ਆਪਣੇ ਬਚਪਨ, ਚੜ੍ਹਦੀ ਜੁਆਨੀ ਤੇ ਖਿਡਾਰੀ ਬਣਨ ਬਾਰੇ ਕੁਝ ਵਿਸਥਾਰ ਨਾਲ ਦੱਸੋ। ਸਮਾਂ ਖੁੱਲ੍ਹਾ ਸੀ, ਜਿਸ ਕਰਕੇ ਗੱਲਾਂ ਵੀ ਖੁੱਲ੍ਹੀਆਂ ਹੋਈਆਂ। ਉਹਦੀਆਂ ਗੱਲਾਂ ਬਾਤਾਂ ਤੇ ਤੌਰ ਤਰੀਕਆਂ ਤੋਂ ਉਹਦੀ ਵਧੀਆ ਤਾਲੀਮ ਤੇ ਸਿਸ਼ਟਾਚਾਰ ਦਾ ਅਸਰ ਪਰਤੱਖ ਸੀ। ਉਹ ਪੁੱਛੇ ਗਏ ਸਵਾਲਾਂ ਦਾ ਬੜੀ ਹਲੀਮੀ ਨਾਲ ਉੱਤਰ ਦੇ ਰਿਹਾ ਸੀ। ਇਥੋਂ ਕਿ ਜੋ ਸਵਾਲ ਮੈਂ ਪੁੱਛ ਨਹੀਂ ਸੀ ਸਕਿਆ ਉਸ ਨੇ ਉਨ੍ਹਾਂ ਦੇ ਜਵਾਬ ਵੀ ਮੇਰੀ ਡਾਇਰੀ ਵਿਚ ਲਿਖ ਦਿੱਤੇ ਸਨ ਜੋ ਮੇਰੇ ਲਈ ਉਸ ਦੀ ਯਾਦਗਾਰੀ ਨਿਸ਼ਾਨੀ ਹੈ।
ਫਿਰ ਉਹਦੇ ਬਾਰੇ ਮੇਰਾ ਲੇਖ ‘ਪਟਿਆਲੇ ਦਾ ਨਿਸ਼ਾਨਚੀ’ ਦਿੱਲੀ ਦੇ ਤਸਵੀਰੀ ਮੈਗਜ਼ੀਨ ‘ਸਚਿੱਤਰ ਕੌਮੀ ਏਕਤਾ’ ਵਿੱਚ ਛਪਿਆ। ਉਦੋਂ ਕਿਸੇ ਦੇ ਖ਼ਾਬ ਖਿਆਲ `ਚ ਵੀ ਨਹੀਂ ਸੀ ਕਿ 2024 ਵਿੱਚ ਉਹ ਏਸ਼ੀਆ ਦੇ 45 ਮੁਲਕਾਂ ਦੀਆਂ ਖੇਡਾਂ ਦੀ ਸੁਪਰੀਮ ਕੌਂਸਲ, ‘ਓਲੰਪਿਕ ਕੌਂਸਲ ਆਫ਼ ਏਸ਼ੀਆ’ ਦਾ ਪਰਧਾਨ ਬਣੇਗਾ। ਨਾਮਵਰ ਖਿਡਾਰੀ ਬਣਨ ਦੇ ਨਾਲ ਵਿਸ਼ਵ ਪੱਧਰ ਦਾ ਖੇਡ ਪ੍ਰਮੋਟਰ ਵੀ ਬਣੇਗਾ। ਉਹ ਵਿਸ਼ਵ ਦੇ ਖੇਡ ਪ੍ਰਬੰਧ `ਚ ਭਾਰਤ ਦਾ ਪਹਿਲਾ ਸਪੋਰਟਸਮੈਨ ਹੈ ਜੋ ਓਲੰਪਿਕ ਅਤੇ ਏਸ਼ਿਆਈ ਖੇਡਾਂ ਦੇ ਉੱਚ ਅਹੁਦਿਆਂ ਉਤੇ ਬਿਰਾਜਮਾਨ ਰਿਹਾ। ਉਹ ਬਹੁਪੱਖੀ ਸ਼ਖਸੀਅਤ ਦਾ ਮਾਲਕ ਸੀ। ਜਿਥੇ ਉਹ ਓਲੰਪੀਅਨ ਖਿਡਾਰੀ ਰਿਹਾ, ਉਥੇ ਬਤੌਰ ਖੇਡ ਪ੍ਰਬੰਧਕ ਇੰਡੀਅਨ ਓਲੰਪਿਕ ਐਸੋਸੀਏਸ਼ਨ ਦਾ ਅਹੁਦੇਦਾਰ ਵੀ ਰਿਹਾ। ਉਹ ਓਲੰਪਿਕ ਕੌਂਸਲ ਆਫ਼ ਏਸ਼ੀਆ ਦਾ ਕੁਝ ਸਾਲ ਪਹਿਲਾਂ ਸਕੱਤਰ ਜਨਰਲ, ਫਿਰ ਕਾਰਜਕਾਰੀ ਪ੍ਰਧਾਨ ਤੇ ਸਤੰਬਰ 2024 ਤੋਂ ਪੂਰਾ ਪ੍ਰਧਾਨ ਬਣਿਆ। ਉਹ ਪਹਿਲਾ ਮੌਕਾ ਸੀ ਕਿ ਏਸ਼ੀਆ ਦੇ 45 ਦੇਸ਼ਾਂ ਦੀ ਸੁਪਰੀਮ ਖੇਡ ਜਥੇਬੰਦੀ ਦਾ ਪ੍ਰਧਾਨ ਇਕ ਭਾਰਤੀ ਨੂੰ ਬਣਾਇਆ ਗਿਆ। ਉਸ ਤੋਂ ਪਹਿਲਾਂ ਇਹ ਅਹੁਦਾ ਸ਼ੇਖ਼ ਅਹਿਮਦ ਅਲ-ਫਾਹਦ ਅਲ-ਅਹਿਮਦ ਅਲ-ਸਬਾਹ ਪਾਸ ਸੀ।
ਸ਼ੇਖ਼ ਅਹਿਮਦ `ਤੇ ਕੋਈ ਕੇਸ ਬਣ ਗਿਆ ਸੀ ਜਿਸ ਕਰਕੇ ਉਸ ਨੂੰ ਅਹੁਦੇ ਤੋਂ ਵੱਖ ਹੋਣਾ ਪਿਆ ਸੀ ਤੇ ਸਤੰਬਰ 2021 ਵਿੱਚ ਰਾਜਾ ਰਣਧੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਸੀ। ਮਈ 2022 ਦੀਆਂ ਏਸ਼ਿਆਈ ਖੇਡਾਂ ਕੋਵਿਡ ਕਾਰਨ 2023 `ਚ ਕਰਾਉਣ ਦਾ ਫੈਸਲਾ ਉਸ ਦੀ ਪ੍ਰਧਾਨਗੀ ਹੇਠ ਹੀ ਕੀਤਾ ਗਿਆ ਸੀ। ਪਰ 8 ਜੁਲਾਈ 2023 ਨੂੰ ਰਣਧੀਰ ਸਿੰਘ ਦੀ ਥਾਂ ਅਹਿਮਦ ਅਲ-ਫਾਹਦ ਦੇ ਭਰਾ ਸ਼ੇਖ ਤਲਾਲ ਫਾਹਦ ਅਲ ਅਹਿਮਦ ਅਲ-ਸਬਾਹ ਨੂੰ ਓ.ਸੀ.ਏ. ਦੀ ਪ੍ਰਧਾਨਗੀ ਸੌਂਪ ਦਿੱਤੀ ਗਈ ਸੀ। ਉਸ ਦੀ ਚੋਣ 42ਵੀਂ ਓ.ਸੀ.ਏ. ਜਨਰਲ ਅਸੰਬਲੀ ਸੈਸ਼ਨ ਵਿੱਚ ਬੰਕਾਕ ਵਿਖੇ ਕੀਤੀ ਗਈ ਸੀ। ਪਰ 30 ਜੁਲਾਈ 2023 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਰਣਧੀਰ ਸਿੰਘ ਨੂੰ ਪੱਤਰ ਲਿਖਿਆ ਕਿ ਉਹੀ ਕਾਰਜਕਾਰੀ ਪ੍ਰਧਾਨ ਵਜੋਂ ਆਪਣਾ ਕਾਰਜ ਜਾਰੀ ਰੱਖੇ। ਇੰਜ ਰਣਧੀਰ ਸਿੰਘ ਨੇ ਕਾਰਜਕਾਰੀ ਪ੍ਰਧਾਨ ਵਜੋਂ ਕਈ ਵੱਡੇ ਕਾਰਜ ਕਰਨੇ ਜਾਰੀ ਰੱਖੇ ਸਨ। ਮਈ 2024 ਵਿੱਚ ਬੰਕਾਕ ਵਿਖੇ ਓਲੰਪਿਕ ਕੌਂਸਲ ਆਫ਼ ਏਸ਼ੀਆ ਦੀ 43ਵੀਂ ਜਨਰਲ ਅਸੰਬਲੀ ਦੀ ਪ੍ਰਧਾਨਗੀ ਰਣਧੀਰ ਸਿੰਘ ਨੇ ਹੀ ਕੀਤੀ ਸੀ। 8 ਸਤੰਬਰ 2024 ਨੂੰ ਉਸ ਨੂੰ ਸਰਬਸੰਮਤੀ ਨਾਲ ਅਗਲੇ ਪੰਜ ਸਾਲਾਂ ਲਈ ਓ.ਸੀ.ਏ. ਦਾ ਪ੍ਰਧਾਨ ਚੁਣ ਲਿਆ ਗਿਆ।
ਰਣਧੀਰ ਸਿੰਘ ਦਾ ਜਨਮ 18 ਅਕਤੂਬਰ 1946 ਨੂੰ ਰਿਆਸਤ ਪਟਿਆਲੇ `ਚ ਰਾਜਾ ਭਲਿੰਦਰ ਸਿੰਘ ਦੇ ਘਰ ਹੋਇਆ ਸੀ। ਰਾਜਾ ਭਲਿੰਦਰ ਸਿੰਘ ਰਿਆਸਤ ਪਟਿਆਲੇ ਦੇ ਮਹਾਰਾਜਾ ਭੂਪਿੰਦਰ ਸਿੰਘ ਦਾ ਪੁੱਤਰ ਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਛੋਟਾ ਭਰਾ ਸੀ। ਇਹ ਵਰਣਨਯੋਗ ਹੈ ਕਿ ਮਹਾਰਾਜਾ ਭੂਪਿੰਦਰ ਸਿੰਘ ਤੇ ਉਸ ਦੀ ਔਲਾਦ ਦਾ ਖੇਡਾਂ ਦੀ ਪ੍ਰਮੋਸ਼ਨ ਵਿਚ ਯਾਦਗਾਰੀ ਯੋਗਦਾਨ ਹੈ। ਉਨ੍ਹਾਂ ਨੇ ਆਪਣਾ ਵਿਸ਼ਾਲ ਮਹੱਲ, ਨੈਸ਼ਨਲ ਇੰਸਟਚਿਊਟ ਆਫ਼ ਸਪੋਰਟਸ ਨੂੰ ਸੌਂਪਿਆ ਹੋਇਐ। ਰਾਜਾ ਭਲਿੰਦਰ ਸਿੰਘ 1947 ਤੋਂ 1992 ਤਕ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਮੈਂਬਰ ਰਹੇ ਅਤੇ 1960 ਤੋਂ 1975 ਤੇ 1980 ਤੋਂ 1984 ਤਕ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਰਹੇ। ਮਹਾਰਾਜਾ ਯਾਦਵਿੰਦਰ ਸਿੰਘ ਨੇ 1951 `ਚ ਨਵੀਂ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ਵੇਲੇ ਏਸ਼ੀਆ ਗੇਮਜ਼ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਯਾਦਗਾਰੀ ਭੂਮਿਕਾ ਨਿਭਾਈ ਸੀ। ਪਟਿਆਲੇ ਦੇ ਮਹਾਰਾਜੇ ਭੂਪਿੰਦਰ ਸਿੰਘ ਨੇ ਹੀ ਇੰਡੀਆ ਨੂੰ ਓਲੰਪਿਕ ਲਹਿਰ ਨਾਲ ਜੋੜਨ ਵਿੱਚ ਪਹਿਲ ਕੀਤੀ ਸੀ।
ਰਣਧੀਰ ਸਿੰਘ ਦਾ ਬਚਪਨ ਰਾਜ ਮਹਿਲਾਂ `ਚ ਬੀਤਿਆ। ਉਹਦੀ ਪੜ੍ਹਾਈ ਪਟਿਆਲੇ ਦੇ ਯਾਦਵਿੰਦਰਾ ਪਬਲਿਕ ਸਕੂਲ ਵਿੱਚ ਹੋਈ ਜਿਥੇ ਉਸ ਨੂੰ ਪਹਿਲਾਂ ਪਹਿਲ ਤੈਰਨ, ਸੁਕੈਸ਼ ਤੇ ਕ੍ਰਿਕਟ ਖੇਡਣ ਦੀ ਚੇਟਕ ਲੱਗੀ। ਉਸ ਨੇ ਸੀਨੀਅਰ ਕੈਂਬਰਿਜ ਦਾ ਇਮਤਿਹਾਨ ਪਾਸ ਕੀਤਾ। ਉਸ ਦੇ ਘਰ ਤੇ ਸਕੂਲ, ਦੋਹੀਂ ਥਾਈਂ ਖੇਡਾਂ ਖੇਡਣ ਦਾ ਮਾਹੌਲ ਸੀ। ਉਹ ਨਾਨਕੇ ਦਾਦਕੇ ਹਰ ਥਾਂ ਸ਼ਿਕਾਰ ਖੇਡਣ ਨਿਕਲ ਜਾਂਦਾ। ਉਸ ਨੇ ਦਿੱਲੀ ਦੇ ਸੇਂਟ ਸਟੀਫ਼ਨਜ਼ ਕਾਲਜ ਤੋਂ ਇਤਿਹਾਸ ਦੀ ਬੀਏ ਆਨਰਜ਼ ਕੀਤੀ। ਕਾਲਜ ਵਿੱਚ ਕ੍ਰਿਕਟ ਉਸ ਦੀ ਮੁਖ ਖੇਡ ਸੀ ਪਰ ਨਾਲ ਮਹਿੰਗੀ ਖੇਡ ਸ਼ੂਟਿੰਗ ਦਾ ਸ਼ੌਕ ਵੀ ਪਾਲਦਾ ਰਿਹਾ। ਇਹ ਸ਼ੌਕ ਉਸ ਨੂੰ ਬੀਕਾਨੇਰ ਦੇ ਮਹਾਰਾਜਾ ਕਰਨੀ ਸਿੰਘ ਤੋਂ ਲੱਗਾ ਸੀ ਜਿਸ ਨੂੰ ਉਹ ਆਪਣਾ ਗੁਰੂ ਸਮਝਦਾ ਰਿਹਾ।
ਉਹ ਕਾਲਜ ਵਿੱਚ ਇਤਿਹਾਸ ਦੀ ਆਨਰਜ਼ ਕਰਦਾ ਸੀ ਕਿ 1963 ਦੀਆਂ ਪ੍ਰੀ ਓਲੰਪਿਕ ਖੇਡਾਂ ਲਈ ਭਾਰਤੀ ਸ਼ੂਟਿੰਗ ਟੀਮ `ਚ ਚੁਣਿਆ ਗਿਆ। 17 ਸਾਲ ਦੀ ਉਮਰੇ ਟੋਕੀਓ ਦੀਆਂ ਪ੍ਰੀ ਓਲੰਪਿਕ ਖੇਡਾਂ `ਚੋਂ ਸਿਲਵਰ ਬੈਜ ਜਿੱਤਿਆ। 1964 ਦੀਆਂ ਓਲੰਪਿਕ ਖੇਡਾਂ `ਚ ਉਹ ਰਿਜ਼ਰਵ ਖਿਡਾਰੀ ਵਜੋਂ ਟੋਕੀਓ ਗਿਆ। 1968 ਦੀਆਂ ਓਲੰਪਿਕ ਖੇਡਾਂ `ਚ ਉਹ 200 `ਚੋਂ 192 ਨਿਸ਼ਾਨੇ ਸਹੀ ਲਾ ਕੇ 14ਵੇਂ ਸਥਾਨ `ਤੇ ਰਿਹਾ। 1969 `ਚ ਸਿੰਘਾਪੁਰ ਸੂਟਿੰਗ ਦੇ 4 ਗੋਲਡ ਮੈਡਲ ਜਿੱਤੇ। 1972 `ਚ ਮਿਊਨਿਖ, 1976 `ਚ ਮੌਂਟਰੀਅਲ, 1980 ਵਿੱਚ ਮਾਸਕੋ ਤੇ 1984 `ਚ ਲਾਸਏਂਜਲਸ ਓਲੰਪਿਕ ਖੇਡਾਂ ਵਿੱਚ ਭਾਗ ਲਿਆ। 1978 ਵਿੱਚ ਬਾਵੇਰੀਅਨ ਦੀ ਅੰਤਰਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ `ਚੋਂ ਚਾਂਦੀ ਦਾ ਤਗ਼ਮਾ ਜਿੱਤਿਆ। ਉਸੇ ਸਾਲ ਐਡਮਿੰਟਨ ਦੀਆਂ ਕਾਮਨਵੈਲਥ ਖੇਡਾਂ `ਚੋਂ ਬ੍ਰੌਂਜ਼ ਬੈਜ ਹਾਸਲ ਕੀਤਾ।
ਦਸੰਬਰ 1978 `ਚ ਉਹ ਬੰਕਾਕ ਦੀਆਂ ਏਸ਼ਿਆਈ ਖੇਡਾਂ `ਚ ਗਿਆ ਤਾਂ ਮੁਕਾਬਲੇ ਤੋਂ ਪਹਿਲਾਂ ਜਪਾਨੀ ਸ਼ੂਟਰਾਂ ਨਾਲ 75-75 ਨਿਸ਼ਾਨੇ ਲਾਉਣ ਦਾ ਅਭਿਆਸ ਕੀਤਾ। ਅਭਿਆਸ `ਚ ਉਸ ਦੇ ਸਾਰੇ ਨਿਸ਼ਾਨੇ ਸਹੀ ਲੱਗ ਗਏ ਜਿਨ੍ਹਾਂ ਨਾਲ ਜਪਾਨੀਆਂ ਦੀ ਨੀਂਦ ਉਚਾਟ ਹੋ ਗਈ ਤੇ ਉਹ ਫਾਈਨਲ ਮੁਕਾਬਲੇ `ਚ ਹਾਰ ਗਏ। ਸ਼ੂਟਰ ਨੂੰ ਬਹੁਤ ਚੁਸਤ ਦਰੁਸਤ ਰਹਿ ਕੇ ਆਪਣੀਆਂ ਨਰਵਜ਼ `ਤੇ ਕਾਬੂ ਰੱਖਣਾ ਪੈਂਦੈ। ਸਕਿੰਟ ਦੇ ਸੌਵੇਂ ਹਿੱਸੇ ਦੀ ਅਗੇਤ ਪਿਛੇਤ ਨਿਸ਼ਾਨਾ ਖੁੰਝਾਅ ਸਕਦੀ ਹੈ। ਨਿਸ਼ਾਨੇਬਾਜ਼ੀ `ਚ ਜੇਕਰ ਸ਼ੂਟਰ ਦੇ ਕੰਨ, ਅੱਖਾਂ, ਬੰਦੂਕ ਦੀ ਸੇਧ ਤੇ ਘੋੜਾ ਦੱਬਣ ਵਾਲੀ ਉਂਗਲ ਮਸ਼ੀਨੀ ਢੰਗ ਨਾਲ ਚੱਲਣ ਤਦ ਹੀ ਸ਼ੂਟਰ ਦਾ ਨਿਸ਼ਾਨਾ ਸਫਲ ਹੋ ਸਕਦੈ। ਜਿੰਨੀ ਇਕਾਗਰਤਾ ਇਕ ਸ਼ੂਟਰ `ਚ ਹੋਣੀ ਚਾਹੀਦੀ ਹੈ ਸ਼ਾਇਦ ਹੀ ਕਿਸੇ ਹੋਰ ਖੇਡ ਵਿੱਚ ਏਨੀ ਇਕਾਗਰਤਾ ਦੀ ਲੋੜ ਪੈਂਦੀ ਹੋਵੇ।
ਇਸ ਪਿਛੋਕੜ ਵਿੱਚ ਰਣਧੀਰ ਸਿੰਘ ਪਹਿਲਾਂ ਖਿਡਾਰੀ ਤੇ ਫਿਰ ਖੇਡ ਪ੍ਰਬੰਧਕ ਬਣਿਆ ਸੀ। ਉਸ ਨੇ ਖੇਡ ਪ੍ਰਬੰਧਕ ਦੀ ਪਹਿਲੀ ਜਿੰLਮੇਵਾਰੀ 1984 `ਚ ਸੰਭਾਲੀ ਸੀ। ਫਿਰ 1987 ਤੋਂ 2010 ਤਕ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਗਵਰਨਿੰਗ ਬੋਰਡ ਦਾ ਮੈਂਬਰ ਰਿਹਾ ਤੇ 2001 ਤੋਂ 14 ਤਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਮੈਂਬਰ ਰਿਹਾ। ਉਸ ਪਿੱਛੋਂ ਉਹ ਆਈ.ਓ.ਸੀ ਦਾ ਆਨਰੇਰੀ ਮੈਂਬਰ ਬਣਿਆ ਆ ਰਿਹਾ ਸੀ। ਸਤੰਬਰ 2021 ਤੋਂ ਉਸ ਨੂੰ ਓਲੰਪਿਕ ਕੌਂਸਲ ਆਫ਼ ਏਸ਼ੀਆ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ ਜੋ ਸਤੰਬਰ 2024 ਤੋਂ ਪੂਰਾ ਪ੍ਰਧਾਨ ਬਣਾ ਦਿੱਤਾ ਗਿਆ ਸੀ।
ਸੂਟਿੰਗ ਦੀ ਚੇਟਕ ਉਸ ਨੂੰ ਉਹਦੀ ਆਂਟੀ ਨੇ ਲਾਈ ਸੀ ਜੋ ਨੈਸ਼ਨਲ ਪੱਧਰ ਦੀ ਸ਼ੂਟਰ ਸੀ। ਉਹ 17 ਸਾਲਾਂ ਦਾ ਸੀ ਜਦੋਂ ਨੈਸ਼ਨਲ ਪੱਧਰ ਤੇ ਜੂਨੀਅਰ ਸ਼ੂਟਿੰਗ ਮੁਕਾਬਲਿਆਂ `ਚ ਭਾਗ ਲੈਣ ਲੱਗਾ। 1965 ਵਿਚ ਉਸ ਦੀ ਟੀਮ ਨੇ ਕੌਮੀ ਪੱਧਰ `ਤੇ ਪਹਿਲਾ ਗੋਲਡ ਮੈਟਰ ਜਿੱਤਿਆ ਸੀ। 1967 `ਚ ਸਕੀਟ ਸ਼ੂਟਿੰਗ `ਚੋਂ ਵੀ ਉਹ ਵਿਅਕਤੀਗਤ ਤੌਰ `ਤੇ ਪਹਿਲਾ ਗੋਲਡ ਮੈਡਲ ਜਿੱਤ ਗਿਆ। ਉਸ ਪਿਛੋਂ ਉਸ ਨੇ ਟ੍ਰੈਪ ਤੇ ਸਕੀਟ ਸ਼ੂਟਿੰਗ ਮੁਕਾਬਲਿਆਂ ਵਿਚ ਹੀ ਭਾਗ ਲੈਣਾ ਸ਼ੁਰੂ ਕਰ ਲਿਆ ਤੇ ਕੌਮੀ ਪੱਧਰ ਮੈਡਲ ਜਿੱਤਣੇ ਸ਼ੁਰੂ ਕਰ ਲਏ ਸਨ।
ਉਹ ਪਹਿਲੀ ਵਾਰ ਮਾਸਕੋ ਵਿਖੇ ਆਈ.ਓ.ਸੀ. ਦੇ 112ਵੇਂ ਸੈਸ਼ਨ `ਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ। ਉਥੇ ਉਸ ਨੂੰ 101 ਵੋਟਾਂ ਪਈਆਂ ਸਨ ਜੋ ਸਭ ਤੋਂ ਵੱਧ ਸਨ। 2003 ਤੋਂ 2005 ਤਕ ਉਹ ਵਿਸ਼ਵ ਆਂਟੀ-ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦਾ ਮੈਂਬਰ ਤੇ ਐਸੋਸੀਏਸ਼ਨ ਆਫ਼ ਨੈਸ਼ਨਲ ਓਲੰਪਿਕ ਕਮੇਟੀਆਂ ਦੀ ਕਾਰਜਕਾਰੀ ਦਾ ਮੈਂਬਰ ਰਿਹਾ ਸੀ। 1998 ਤੋਂ 2007 ਤਕ ਐਫਰੋ-ਏਸ਼ੀਅਨ ਗੇਮਜ਼ ਕੌਂਸਲ ਦਾ ਬਾਨੀ ਸੈਕਟਰੀ ਜਨਰਲ ਰਿਹਾ ਤੇ 2003 `ਚ ਹੈਦਰਾਬਾਦ ਪਹਿਲੀ ਵਾਰ ਐਫਰੋ-ਏਸ਼ੀਅਨ ਖੇਡਾਂ ਕਰਵਾਈਆਂ।
2003-05 ਤਕ ਉਹ ਵਿਸ਼ਵ ਆਂਟੀ-ਡੋਪਿੰਗ ਏਜੰਸੀ ਫਾਊਂਡੇਸ਼ਨ ਬੋਰਡ ਦਾ ਮੈਂਬਰ ਰਿਹਾ। 2002-03 ਵਿੱਚ ਓਲੰਪਿਕ ਗੇਮਜ਼ ਸਟੱਡੀ ਕਮਿਸ਼ਨ, 2004-13 ਤਕ ਸਪੋਰਟਸ ਫਾਰ ਆਲ ਕਮਿਸ਼ਨ ਅਤੇ 2006-13 ਤਕ ਔਰਤਾਂ ਤੇ ਖੇਡਾਂ ਕਮਿਸ਼ਨ ਦਾ ਮੈਂਬਰ ਰਿਹਾ। 2008-11 ਤਕ ਕੁਆਰਡੀਨੇਟਰ ਫਸਟ ਯੂਥ ਓਲੰਪਿਕ ਗੇਮਜ਼ ਸਿੰਘਾਪੁਰ-2010 ਤੇ 2007-14 ਤਕ ਓਲੰਪਿਕ ਟਰੂਸ ਫਾਊਂਡੇਸ਼ਨ ਦਾ ਥੰਮ੍ਹ ਰਿਹਾ। ਉਹ 2010 ਵਿਚ ਦਿੱਲੀ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਦੀ ਸੰਚਾਲਨ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਸੀ। ਉਸ ਨੂੰ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ਼ ਫਿਜ਼ੀਕਲ ਐਜੂਕੇਸ਼ਨ ਵੱਲੋਂ ਡਾਕਟਰ ਆਫ਼ ਲਿਟਰੇਚਰ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।
ਰਣਧੀਰ ਸਿੰਘ ਦਾ ਪਹਿਲਾ ਵਿਆਹ ਉਮਾ ਕੁਮਾਰੀ ਨਾਲ ਹੋਇਆ ਸੀ ਜਿਸ ਦੀ ਕੁੱਖੋਂ ਦੋ ਧੀਆਂ ਮਹਿਮਾ ਤੇ ਸੁਨੈਣਾ ਪੈਦਾ ਹੋਈਆਂ। ਦੂਜਾ ਵਿਆਹ ਵਪਾਰੀ ਵਿਪਨ ਖੰਨਾ ਦੀ ਪੁੱਤਰੀ ਵਿਨੀਤਾ ਸਿੰਘ ਨਾਲ ਹੋਇਆ ਜਿਸ ਦੀ ਕੁੱਖੋਂ ਧੀ ਰਾਜੇਸ਼ਵਰੀ ਨੇ ਜਨਮ ਲਿਆ। ਰਾਜੇਸ਼ਵਰੀ ਓਲੰਪਿਕ ਪੱਧਰ ਦੀ ਸ਼ੂਟਰ ਹੈ। ਭਾਰਤ ਵਾਸੀਆਂ ਨੂੰ ਰਾਜਾ ਰਣਧੀਰ ਸਿੰਘ ਤੋਂ ਬੜੀਆਂ ਆਸਾਂ ਸਨ ਕਿ ਉਹ ਭਾਰਤ ਲਈ ਐਫਰੋ-ਏਸ਼ੀਅਨ ਤੇ ਕਾਮਨਵੈਲਥ ਖੇਡਾਂ ਵਾਂਗ ਨੇੜ ਭਵਿੱਖ ਵਿੱਚ ਓਲੰਪਿਕ ਖੇਡਾਂ ਵੀ ਅਲਾਟ ਕਰਵਾ ਲਵੇਗਾ। ਸ਼ੂਟਿੰਗ ਦੇ ਰਾਜੇ ਰਣਧੀਰ ਸਿੰਘ ਦੀ ਮ੍ਰਿਤੂ ਨਾਲ ਨਾ ਸਿਰਫ਼ ਰਾਜਾ ਪਰਿਵਾਰ, ਪੰਜਾਬ ਦਾ ਖੇਡ ਪਰਿਵਾਰ ਅਤੇ ਭਾਰਤ ਦੇ ਖੇਡ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਏਸ਼ੀਆ ਤੇ ਵਿਸ਼ਵ ਦੇ ਖੇਡ ਪਰਿਵਾਰਾਂ ਨੂੰ ਵੀ ਵੱਡੀ ਸੱਟ ਵੱਜੀ ਹੈ। ਵਾਹਿਗੁਰੂ ਸਾਕ ਸੰਬੰਧੀਆਂ, ਸੱਜਣਾਂ ਮਿੱਤਰਾਂ ਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਉਨ੍ਹਾਂ ਦੇ ਦਿਖਾਏ ਮਾਰਗ `ਤੇ ਚੱਲਣ ਦੀ ਸਮਰੱਥਾ ਦੇਵੇ।
