ਸਰੀ ( ਹਰਦਮ ਮਾਨ)- ਸਰੀ ਸ਼ਹਿਰ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਪਿਛਲੇ ਦੋ ਸਾਲਾਂ ਤੋਂ ਦਰਪੇਸ਼ ਫਿਰੌਤੀ ਕਾਲਾਂ ਅਤੇ ਗੋਲੀਬਾਰੀ ਦੇ ਮਾਮਲਿਆਂ ਦਰਮਿਆਨ ਪੁਲੀਸ ਮੁਖੀ ਨੌਰਮ ਲਿਪਿੰਸਕੀ ਨੂੰ ਅਹੁਦੇ ਤੋਂ ਹਟਾਏ ਜਾਣ ਉਪਰੰਤ ਪੁਲੀਸ ਬੋਰਡ ਦੇ ਚੇਅਰਮੈਨ ਹਾਰਲੇ ਚੈਪਲ ਨੇ ਵੀ ਆਪਣਾ ਅਹੁਦਾ ਛੱਡ ਦਿੱਤਾ ਹੈ। ਪੁਲੀਸ ਮੁਖੀ ਨੌਰਮ ਲਪਿੰਸਕੀ ਅਤੇ ਪੁਲੀਸ ਬੋਰਡ ਦੇ ਚੇਅਰਮੈਨ ਹਾਰਲੇ ਚੈਪਲ ਨੇ ਦੋਸ਼ ਲਾਏ ਹਨ ਕਿ ਬਾਹਰੀ ਦਖ਼ਲ ਕਾਰਨ ਉਹ ਇਮਾਨਦਾਰੀ ਨਾਲ ਕਰਨ ਤੋਂ ਅਸਮਰੱਥ ਹਨ। ਦੋਵਾਂ ਨੂੰ ਸਤੰਬਰ 2020 ਵਿੱਚ ਤਤਕਾਲੀ ਮੇਅਰ ਡੱਗ ਮੁਕੱਲਮ ਦੀ ਸਰਪ੍ਰਸਤੀ ਹੇਠ ਨਿਯੁਕਤ ਕੀਤਾ ਗਿਆ ਸੀ।
ਉਪ ਪੁਲੀਸ ਮੁਖੀ ਨੇ ਆਰਜ਼ੀ ਤੌਰ ’ਤੇ ਨਵੀਂ ਜ਼ਿੰਮੇਵਾਰੀ ਸੰਭਾਲੀ ਲਈ ਹੈ, ਪਰ ਸਰੀ ਦੇ ਲੋਕ ਸਰੀ ਮੇਅਰ ਅਤੇ ਸਰੀ ਪੁਲਿਸ ਵਿਚਾਲੇ ਚੱਲੀ ਆ ਰਹੀ ਖਿੱਚੋਤਾਣ ਤੋਂ ਪ੍ਰੇਸ਼ਾਨ ਹਨ। 2018 ਦੀ ਚੋਣ ਮੌਕੇ ਡੱਗ ਮੁਕੱਲਮ ਨੇ ਮੇਅਰ ਦਾ ਉਮੀਦਵਾਰ ਬਣ ਕੇ ਵਾਅਦਾ ਕੀਤਾ ਸੀ ਕਿ ਉਹ ਕੇਂਦਰੀ ਪੁਲੀਸ ਦੀ ਥਾਂ ਸਰੀ ਪੁਲੀਸ ਹੀ ਲੈ ਕੇ ਆਉਣਗੇ। ਉਨ੍ਹਾਂ ਇਹ ਵਾਅਦਾ ਨਿਭਾਉਂਦਿਆਂ ਸਰੀ ਪੁਲੀਸ ਬੋਰਡ ਬਣਾਇਆ, ਜਿਸ ਨੇ ਤਿੰਨ ਚਾਰ ਸਾਲਾਂ ਵਿੱਚ ਆਪਣੀ ਭਰਤੀ ਕਰ ਕੇ ਕੇਂਦਰੀ ਪੁਲੀਸ ਦੀ ਥਾਂ ਖ਼ੁਦ ਕਮਾਂਡ ਸੰਭਾਲ ਲਈ। ਸਰੀ ਪੁਲੀਸ ਕੋਲ ਸਾਢੇ ਸੱਤ ਸੌ ਮੁਲਾਜ਼ਮ ਅਤੇ ਸਹਾਇਕਾਂ ਵਜੋਂ 520 ਸਿਵਲ ਮੁਲਾਜ਼ਮ ਹਨ। ਸਰੀ ਕੌਂਸਲ ਦੀ ਮੇਅਰ ਬਰੈਂਡਾ ਲੌਕ ਸ਼ੁਰੂ ਤੋਂ ਆਰ ਸੀ ਐਮ ਪੀ ਨੂੰ ਸ਼ਹਿਰ ਵਿਚ ਰੱਖਣ ਦੇ ਪੱਖ ਵਿਚ ਰਹੀ ਹੈ। ਸਮਝਿਆ ਜਾਂਦਾ ਹੈ ਕਿ ਸਰੀ ਪੁਲਿਸ ਦੇ ਕਾਇਮੀ ਦੇ ਬਾਵਜੂਦ ਸ਼ਹਿਰ ਵਿਚ ਅਪਰਾਧ ਦਰ ਵਿਚ ਕੋਈ ਕਮੀ ਨਾ ਆਉਣ ਕਾਰਣ ਸਰੀ ਪੁਲਿਸ ਸਵਾਲਾਂ ਦੇ ਘੇਰੇ ਵਿਚ ਹੈ।

