ਚਮਕੌਰ ਸਾਹਿਬ-ਪੇਂਡੂ ਵਿੱਦਿਅਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਬਕਾ ਪੱਤਰਕਾਰ ਅਤੇ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਇੱਥੇ ਵਾਪਰੀ ਮੰਦਭਾਗੀ ਘਟਨਾ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਅਣਢਕੇ (ਖੁੱਲ੍ਹੇ) ਨਾਲੇ ਵਿੱਚ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਸਵਰਨ ਸਿੰਘ ਭੰਗੂ ਨੇ ਜਿਊਂਦੇ-ਜੀਅ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਮਰਨ ਉਪਰੰਤ ਆਪਣਾ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰਨ ਦਾ ਪ੍ਰਣ ਲਿਆ ਸੀ। ਹੁਣ ਉਨ੍ਹਾਂ ਦੀ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਸੌਂਪੀ ਜਾਵੇਗੀ। ਇਸ ਦੌਰਾਨ ਅਦਾਕਾਰ ਮਲਕੀਤ ਸਿੰਘ ਰੌਣੀ ਨੇ ਦੱਸਿਆ ਕਿ ਭੰਗੂ ਦੀ ਦੇਹ 6 ਜੂਨ ਨੂੰ ਸਵੇਰੇ 8 ਤੋਂ 10 ਵਜੇ ਤੱਕ ਬੱਸੀ ਗੁੱਜਰਾਂ ਦੇ ਕੰਗ ਮੈਮੋਰੀਅਲ ਇੰਸਟੀਚਿਊਟ ਵਿੱਚ ਆਮ ਲੋਕਾਂ ਅਤੇ ਸਨੇਹੀਆਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ।
