Screenshot
ਓਟਵਾ ( ਦੇ ਪ੍ਰ ਬਿ)- ਕੈਨੇਡਾ ਵਿਚ ਮੰਦੀ ਦੇ ਚੱਲ ਰਹੇ ਰੁਝਾਨ ਕਾਰਣ ਲੋਕ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਬੇਵੱਸ ਹੋਣ ਲੱਗੇ ਹਨ। ਕਰਜ਼ਿਆਂ ਨਾਲ ਸਬੰਧਤ ਇੱਕ ਬੈਂਕ ਅਧਿਕਾਰੀ ਨੇ ਗੈਰ-ਰਸਮੀ ਗੱਲਬਾਤ ਦੌਰਾਨ ਦੱਸਿਆ ਕਿ 10 ਫ਼ੀਸਦੀ ਤੋਂ ਵੱਧ ਲੋਕਾਂ ਦੇ ਘਰਾਂ ਦੇ ਕਰਜ਼ੇ ਦੀ ਵਾਪਸੀ (ਕਿਸ਼ਤਾਂ) ਵਿੱਚ ਅੜਿੱਕੇ ਪੈਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਬੈਂਕਾਂ ਵੱਲੋਂ ਕਰਜ਼ਦਾਰਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਕੁਝ ਰਾਹਤਾਂ ਦਿੱਤੇ ਜਾਣ ਦੇ ਬਾਵਜੂਦ, ਬੈਂਕਾਂ ਵੱਲੋਂ ਘਰਾਂ ਦੇ ਕਬਜ਼ੇ ਲੈਣ ਦੀ ਦਰ ਵਿੱਚ ਪਿਛਲੇ ਇੱਕ ਸਾਲ ਵਿੱਚ ਤਿਗੁਣਾ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਧਿਕਾਰੀ ਮੁਤਾਬਕ, ਕਿਸ਼ਤਾਂ ਲਾਹੁਣ ਤੋਂ ਬੇਵੱਸ ਹੋਣ ਵਾਲੇ ਬਹੁਤੇ ਉਹੀ ਲੋਕ ਹਨ, ਜਿਨ੍ਹਾਂ ਨੇ ਸਾਲ 2020-22 ਦੇ ਤੇਜ਼ੀ ਵਾਲੇ ਦੌਰ ਵਿੱਚ ਘਰ ਖ਼ਰੀਦੇ ਸਨ। ਉਨ੍ਹਾਂ ਇਹ ਵੀ ਮੰਨਿਆ ਕਿ ਪਿਛਲੇ ਚਾਰ-ਪੰਜ ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ 25 ਤੋਂ 35 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ, ਜਿਸ ਵਿੱਚ ਜ਼ਿਆਦਾ ਗਿਣਤੀ ਵੱਡੇ ਘਰਾਂ ਦੀ ਹੈ।
ਪਿਛਲੇ 4-5 ਸਾਲਾਂ ਵਿੱਚ ਘਰ ਖ਼ਰੀਦਣ ਵਾਲੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਦੱਸਿਆ ਕਿ ਉਹ ਘਰ ਬੈਂਕ ਕੋਲ ਚਲੇ ਜਾਣ ਦੇ ਡਰੋਂ ਘਰੇਲੂ ਖ਼ਰਚਿਆਂ ਵਿੱਚ ਭਾਰੀ ਕੰਜੂਸੀ ਕਰ ਕੇ ਅਤੇ ਆਪਣੇ ਚਾਵਾਂ ਨੂੰ ਤਿਲਾਂਜਲੀ ਦੇ ਕੇ ਕਿਸਤਾਂ ਭਰ ਰਹੇ ਹਨ। ਕੁਝ ਲੋਕਾਂ ਨੇ ਆਪਣੇ ਦੁੱਖੜੇ ਫਰੋਲਦਿਆਂ ਕਿਹਾ ਕਿ ਹੁਣ ਕਮਾਈ ਪਹਿਲਾਂ ਵਾਲੀ ਨਹੀਂ ਰਹੀ, ਪਰ ਖ਼ਰਚੇ ਲਗਾਤਾਰ ਮੂੰਹ ਅੱਡੀ ਖੜ੍ਹੇ ਹਨ, ਜਿਸ ਕਰਕੇ ਜਿਉਣਾ ਦੁੱਭਰ ਹੋਇਆ ਪਿਆ ਹੈ।
