ਸਿਟੀ ਪ੍ਰਸਾਸ਼ਨ ਨੂੰ ਜਵਾਬਦੇਹ ਬਣਾਉਣ ਲਈ ਲੋਕਾਂ ਦੀ ਵਧੇਰੇ ਭਾਈਵਾਲੀ ਦੀ ਲੋੜ-
ਸਰੀ , (ਰਵੀ ਕਾਂਤ ਸ਼ਰਮਾ, ਦੇ ਪ੍ਰ ਬਿ ) – ਸਰੀ ਸਿਟੀ ਕੌਂਸਲ ਚੋਣਾਂ ਵਿਚ ਮੇਅਰ ਦੇ ਅਹੁਦੇ ਲਈ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹੋਣਵੀਰ ਸਿੰਘ ਰੰਧਾਵਾ ਨੇ ਸ਼ਹਿਰ ਦੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ ਤੇ ਵਾਸ਼ਰੂਮ ਬਣਾਉਣ ਦਾ ਵਾਅਦਾ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਰੰਧਾਵਾ ਨੇ ਦੱਸਿਆ ਕਿ ਉਹ ਆਪਣੀ ਚੋਣ ਮੁਹਿੰਮ ਦੌਰਾਨ ਸ਼ਹਿਰੀਆਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਅਤੇ ਢੁੱਕਵੇਂ ਹੱਲ ਲਈ ਸੁਝਾਅ ਲੈਂਦੇ ਹਨ ਜਿਸ ਦੌਰਾਨ ਉਹਨਾਂ ਜਾਣਿਆ ਹੈ ਕਿ ਸੀਨੀਅਰ ਸਿਟੀਜਨ ਨੂੰ ਸ਼ਹਿਰ ਦੇ ਪਾਰਕਾਂ ਅਤੇ ਜਨਤਕ ਥਾਵਾਂ ਤੇ ਵਾਸ਼ਰੂਮਾਂ ਸਬੰਧੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਰ ਉਹ ਸ਼ਹਿਰ ਦੇ ਮੇਅਰ ਬਣਦੇ ਹਨ ਤਾਂ ਬਜੁਰਗਾਂ ਦੀ ਇਸ ਵੱਡੀ ਸਮੱਸਿਆ ਨੂੰ ਹੱਲ ਕਰਦੇ ਹੋਏ ਸਭ ਤੋਂ ਪਹਿਲਾਂ ਜਨਤਕ ਥਾਵਾਂ ਤੇ ਵਾਸ਼ਰੂਮ ਬਣਾਏ ਜਾਣਗੇ। ਉਹਨਾਂ ਹੋਰ ਕਿਹਾ ਕਿ ਉਹ ਨਹੀ ਸਮਝਦੇ ਕਿ ਸਾਡੇ ਬਜੁਰਗਾਂ ਨੂੰ ਘਰਾਂ ਤੋ ਬਾਹਰ ਜਾਂਦੇ ਸਮੇਂ ਇਹ ਸੋਚਣਾ ਪਵੇ ਕਿ ਵਾਸ਼ਰੂਮ ਦੀ ਸਹੂਲਤ ਹਮਿਲੇਗੀ ਜਾਂ ਨਹੀਂ। ਕਈ ਲੋਕ ਸੈਰ ਕਰਨ, ਕਮਿਊਨਿਟੀ ਸਮਾਗਮਾਂ ਵਿੱਚ ਜਾਣ ਜਾਂ ਜਨਤਕ ਥਾਵਾਂ ’ਤੇ ਸਮਾਂ ਬਿਤਾਉਣ ਤੋਂ ਪਰਹੇਜ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਵਾਸ਼ਰੂਮ ਦੀ ਸਹੂਲਤ ਨਾ ਮਿਲਣ ਦੀ ਚਿੰਤਾ ਰਹਿੰਦੀ ਹੈ।
ਉਨ੍ਹਾਂ ਦੱਸਿਆ ਕਿ ‘ਸਰੀ ਪਬਲਿਕ ਵਾਸ਼ਰੂਮ ਪਲਾਨ’ ਤਹਿਤ ਸ਼ਹਿਰ ਦੀ ਮਲਕੀਅਤ ਵਾਲੀਆਂ ਥਾਵਾਂ ’ਤੇ ਨਵੇਂ ਜਨਤਕ ਵਾਸ਼ਰੂਮ ਬਣਾਉਣ ਲਈ ਉੱਚ ਮੰਗ ਵਾਲੇ ਖੇਤਰਾਂ ਦੀ ਪਛਾਣ ਕੀਤੀ ਜਾਵੇਗੀ। ਇਸ ਵਿੱਚ ਟਰਾਂਜ਼ਿਟ ਐਕਸਚੇਂਜ, ਪਾਰਕ, ਖੇਡ ਮੈਦਾਨ, ਸਿਵਿਕ ਪਲਾਜ਼ਾ, ਮਨੋਰੰਜਨ ਕੇਂਦਰ ਅਤੇ ਸੀਨੀਅਰ ਨਾਗਰਿਕਾਂ ਦੀ ਵੱਧ ਅਬਾਦੀ ਵਾਲੇ ਇਲਾਕੇ ਸ਼ਾਮਲ ਹੋਣਗੇ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਇਸ ਯੋਜਨਾ ਦੇ ਨਾਲ ‘ਸਰੀ ਕਮਿਊਨਿਟੀ ਵਾਸ਼ਰੂਮ ਭਾਈਵਾਲੀ ਪ੍ਰੋਗਰਾਮ’ ਵੀ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਸਥਾਨਕ ਕਾਰੋਬਾਰਾਂ, ਰੈਸਟੋਰੈਂਟਾਂ, ਗੈਸ ਸਟੇਸ਼ਨਾਂ ਅਤੇ ਵਪਾਰਕ ਕੇਂਦਰਾਂ ਨੂੰ ਸਵੈਇੱਛਾ ਨਾਲ ਲੋਕਾਂ ਲਈ ਵਾਸ਼ਰੂਮ ਉਪਲਬਧ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਉਹਨਾਂ ਸਰੀ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਨਾਲ ਜਨਤਕ ਸੁਰੱਖਿਆ ਨੂੰ ਪਹਿਲ ਦੇਣ ਦੇ ਨਾਲ ਸਿਟੀ ਚੋਂ ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਅਤੇ ਲੋਕਾਂ ਦੀ ਸੌਖਾਲੀ ਪਹੁੰਚ ਵਾਲਾ ਸਿਟੀ ਪ੍ਰਸ਼ਾਸਨ ਦੇਣ ਦੀ ਗੱਲ ਕੀਤੀ। ਉਹਨਾਂ ਦੱਸਿਆ ਕਿ ਸਰੀ ਵਿਚ ਪੰਜਾਬੀਆਂ ਦੀ ਵੱਡੀ ਵਸੋਂ ਆਬਾਦ ਹੈ ਪਰ ਵੋਟ ਪੋਲਿੰਗ ਵਿਚ ਉਹਨਾਂ ਦਾ ਹਿੱਸਾ ਬਹੁਤ ਘੱਟ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਸਿਟੀ ਕੌਂਸਲ ਚੋਣਾਂ ਵਿਚ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਅਤੇ ਸਿਟੀ ਪ੍ਰਸਾਸ਼ਨ ਨੂੰ ਜਵਾਬਦੇਹ ਬਣਾਏ ਜਾਣ ਦੀ ਲੋੜ ਹੈ।
ਇਸ ਮੌਕੇ ਉਹਨਾਂ ਨਾਲ ਸਰੀ ਕੰਸਰਵੇਟਿਵ ਪਾਰਟੀ ਵਲੋਂ ਕੌਂਸਲਰ ਉਮੀਦਵਾਰ ਰਿੱਕੀ ਬਾਜਵਾ ਵੀ ਹਾਜ਼ਰ ਸਨ ।

