Jun 10, 2026

ਕਾਂਸਟੇਬਲ ਤਰੁਣ ਬਾਲੀ ਦੋ ਸਾਲ ਪਹਿਲਾਂ ਓਂਟਾਰੀਓ ਪੁਲੀਸ ਵਿੱਚ ਭਰਤੀ ਹੋਇਆ ਸੀ

ਵੈਨਕੂਵਰ-

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਉੱਤਰ-ਪੱਛਮੀ ਪਾਸੇ ਹਰਸਟ ਨੇੜੇ, ਪੁਲੀਸ ਵੱਲੋਂ ਮਾਨਸਿਕ ਹਾਲਾਤ ਦੇ ਜਾਇਜ਼ੇ ਲਈ ਹਸਪਤਾਲ ਦਾਖ਼ਲ ਕਰਵਾਏ ਇੱਕ 18 ਸਾਲਾ ਮੁੰਡੇ ਨੇ ਪੰਜਾਬੀ ਪੁਲੀਸ ਮੁਲਾਜ਼ਮ ਨੂੰ ਕਾਰ ਦੀ ਟੱਕਰ ਮਾਰ ਕੇ ਮਾਰ ਦਿੱਤਾ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਉੱਤੇ ਪਹਿਲਾ ਦਰਜਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਮੰਗਲਵਾਰ ਸ਼ਾਮ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਥੌਮਸ ਕੈਰਿਕਿਊ ਨੇ ਦੱਸਿਆ ਕਿ ਕਾਂਸਟੇਬਲ ਤਰੁਣ ਬਾਲੀ ਕਿਸੇ ਅਪਰਾਧਿਕ ਮਾਮਲੇ ਦੀ ਜਾਂਚ ਵਿੱਚ ਰੁੱਝਿਆ ਹੋਇਆ ਸੀ। ਜਦੋਂ ਉਸ ਨੂੰ ਹਸਪਤਾਲੋਂ ਭੱਜੇ ਮੁੰਡੇ ਦਾ ਪਤਾ ਲੱਗਾ ਤਾਂ ਉਹ ਉਸ ਦਾ ਪਿੱਛਾ ਕਰਨ ਲੱਗਾ।

ਇਸ ਦੌਰਾਨ ਹਸਪਤਾਲੋਂ ਭੱਜੇ ਮੁਲਜ਼ਮ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਕੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਦਿੱਤਾ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਵੱਡੇ ਹਸਪਤਾਲ ਲਿਜਾਂਦੇ ਸਮੇਂ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਪਹਿਲਾ ਦਰਜਾ ਕਤਲ ਸਮੇਤ, ਹਿਰਾਸਤ ਵਿੱਚੋਂ ਭੱਜਣ ਅਤੇ ਲਾਪਰਵਾਹੀ ਨਾਲ ਤੇਜ਼ ਰਫ਼ਤਾਰ ਕਾਰ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।

ਪੁਲੀਸ ਕਮਿਸ਼ਨਰ ਨੇ ਤਰੁਣ ਬਾਲੀ ਦੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਦੋ ਸਾਲ ਪਹਿਲਾਂ ਪੁਲੀਸ ਬਲ ਵਿੱਚ ਆਇਆ ਤਰੁਣ ਬਾਲੀ ਆਪਣੇ ਸਾਥੀਆਂ ਵਿੱਚ ਸਤਿਕਾਰਿਆ ਜਾਂਦਾ ਸੀ ਅਤੇ ਉਸ ਨੇ ਥੋੜ੍ਹੇ ਸਮੇਂ ਵਿੱਚ ਹੀ ਕਈ ਵੱਡੇ ਮਾਅਰਕੇ ਮਾਰ ਲਏ ਸਨ। ਕਮਿਸ਼ਨਰ ਨੇ ਕਿਹਾ ਕਿ ਉਹ ਤਰੁਣ ਬਾਲੀ ਦੀ ਉਹ ਫ਼ੋਟੋ ਵੇਖ ਕੇ ਭਾਵੁਕ ਹੋਣੋਂ ਨਹੀਂ ਰਹਿ ਸਕਿਆ, ਜਿਸ ਵਿੱਚ ਉਹ ਦੋ ਸਾਲ ਵਿੱਚ ਹੀ ਕਿਸੇ ਪੁਲੀਸ ਅਫ਼ਸਰ ਨੂੰ ਸਲੂਟ ਮਾਰ ਰਿਹਾ ਹੈ। ਓਂਟਾਰੀਓ ਪੁਲੀਸ ਐਸੋਸੀਏਸ਼ਨ ਦੇ ਪ੍ਰਧਾਨ ਡੇਵਿਡ ਸਬਾਤਿਨੀ ਨੇ ਕਿਹਾ ਕਿ ਤਰੁਣ ਬਾਲੀ ਦੀ ਦੁਖਦਾਈ ਮੌਤ ਨੇ ਯਾਦ ਕਰਵਾਇਆ ਹੈ ਕਿ ਪੁਲੀਸ ਮੁਲਾਜ਼ਮਾਂ ਨੂੰ ਕਿੰਨੇ ਜੋਖ਼ਮ ਭਰੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ। ਉਹਨਾਂ ਕਿਹਾ ਕਿ ਐਸੋਸੀਏਸ਼ਨ ਬਾਲੀ ਦੇ ਪਰਿਵਾਰ ਦੇ ਨਾਲ ਖੜ੍ਹੇ ਰਹੇਗੀ।

Leave a Reply

Your email address will not be published. Required fields are marked *